ਚਿੱਟਾ ਜੇਬ 'ਚ ਪਾ ਰੇਡ ਕਰਨ ਪਹੁੰਚੇ ਪੁਲਸੀਏ, ਪਿੰਡ ਵਾਸੀਆਂ ਨੇ ਰੰਗੇ ਹੱਥੀ ਕੀਤਾ ਕਾਬੂ (ਵੀਡੀਓ)
Thursday, Oct 03, 2019 - 10:35 AM (IST)
ਹੁਸ਼ਿਆਰਪੁਰ (ਅਮਰੀਕ)—ਪੰਜਾਬ ਪੁਲਸ ਆਪਣੀ ਮਾੜੀ ਕਾਰਗੁਜ਼ਾਰੀ ਕਾਰਨ ਹਮੇਸ਼ਾ ਸਵਾਲਾਂ ਦੇ ਘੇਰੇ 'ਚ ਘਿਰੀ ਰਹਿੰਦੀ ਹੈ। ਤਾਜ਼ਾ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਪੈਸਰਾਂ ਦਾ ਸਾਹਮਣੇ ਆਇਆ ਹੈ, ਜਿੱਥੇ 4 ਪੁਲਸ ਮੁਲਾਜ਼ਮ ਪਿੰਡ 'ਚ ਇਕ ਬਹਾਦੁਰ ਨਾਂ ਦੇ ਵਿਅਕਤੀ ਦੀ ਦੁਕਾਨ 'ਤੇ ਰੇਡ ਕਰਨ ਪਹੁੰਚੀ। ਪਿੰਡ ਵਾਸੀਆਂ ਮੁਤਾਬਕ ਪੁਲਸ ਨੂੰ ਰੇਡ ਦੌਰਾਨ ਕੁਝ ਬਰਾਮਦ ਨਹੀਂ ਹੋਇਆ ਪਰ ਬੜੀ ਹੀ ਚਾਲਾਕੀ ਨਾਲ ਮਹਿਲਾ ਪੁਲਸ ਮੁਲਾਜ਼ਮ ਵਲੋਂ ਦੁਕਾਨ 'ਚ ਚਿੱਟਾ ਰਖ ਕੇ ਨਸ਼ੇ ਦੀ ਬਰਾਮਦੀ ਦਾ ਦਾਅਵਾ ਕਰ ਦਿੱਤਾ ਗਿਆ ਪਰ ਜਦੋਂ ਦੂਜਾ ਪੁਲਸ ਮੁਲਾਜ਼ਮ ਆਪਣੀ ਜੇਬ 'ਚੋਂ ਚਿੱਟਾ ਕੱਢ ਕੇ ਦੁਕਾਨ 'ਚ ਰੱਖਣ ਲੱਗਾ ਤਾਂ ਪਿੰਡ ਦੇ ਪੰਚ ਨੇ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਪੁਲਸ ਮੁਲਾਜ਼ਮਾਂ ਘੇਰਾ ਪਾ ਲਿਆ ਤੇ ਉਨ੍ਹਾਂ ਦੀ ਜੰਮ ਕੇ ਕਲਾਸ ਲਗਾਈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦਾ ਇਕ ਪੁਲਸ ਮੁਲਾਜ਼ਮ ਪਿੰਡ 'ਚ ਮਾਹੌਲ ਖਰਾਬ ਕਰ ਰਿਹਾ ਹੈ ਤੇ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਵਾਉਣ ਦੀਆਂ ਸਾਜਿਸ਼ਾ ਰਚ ਰਿਹਾ ਹੈ।
ਤਣਾਅਪੂਰਣ ਸਥਿਤੀ 'ਤੇ ਕਾਬੂ ਪਾਉਣ ਲਈ ਪੁਲਸ ਮੌਕੇ 'ਤੇ ਪਹੁੰਚੀ ਤੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਲੈ ਕੇ ਚਲਦੇ ਬਣੇ। ਹੁਣ ਦੇਖਣਾ ਇਹ ਹੋਵੇਗਾ ਕਿ ਪਿੰਡ ਵਾਸੀਆਂ ਵਲੋਂ ਪੁਲਸ ਮੁਲਾਜ਼ਮਾਂ 'ਤੇ ਲਾਏ ਦੋਸ਼ਾਂ ਦੀ ਉਚ ਅਧਿਕਾਰੀਆਂ ਵਲੋਂ ਜਾਂਚ ਕਰਵਾਈ ਜਾਂਦੀ ਹੈ ਜਾਂ ਇਸ ਮਾਮਲੇ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਹੈ।