ਪੰਜਾਬ ਪੁਲਸ ਦੇ ਅਸਲੀ ਮੁਲਾਜ਼ਮਾਂ ਦੀ ਫਰਜ਼ੀ ਰੇਡ! 3 ਕਾਰੋਬਾਰੀਆਂ ਤੋਂ ਮੰਗੀ 10 ਕਰੋੜ ਦੀ ਫਿਰੌਤੀ
Thursday, Sep 25, 2025 - 12:40 PM (IST)

ਲੁਧਿਆਣਾ (ਰਾਜ)– ਮਹਾਨਗਰ ’ਚ ਇਕ ਫਰਜ਼ੀ ਰੇਡ ਦੀ ਖੌਫਨਾਕ ਖੇਡ ਸਾਹਮਣੇ ਆਈ ਹੈ, ਜਿਸ ਵਿਚ ਕਮਿਸ਼ਨਰੇਟ ਲੁਧਿਆਣਾ ਦੇ ਇਕ ਏ. ਐੱਸ. ਆਈ., ਹੈੱਡ ਕਾਂਸਟੇਬਲ ਨੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਹੋਰ ਪ੍ਰਾਈਵੇਟ ਵਿਅਕਤੀਆਂ ਨੂੰ ਨਾਲ ਲੈ ਕੇ ਨੋਇਡਾ ਦੇ ਇਕ ਕਾਲ ਸੈਂਟਰ ’ਚ ਫਰਜ਼ੀ ਰੇਡ ਮਾਰੀ, ਜਿਥੋਂ 3 ਕਾਰੋਬਾਰੀਆਂ ਨੂੰ ਅਗਵਾ ਕਰ ਕੇ ਲੁਧਿਆਣਾ ਦੇ ਇਕ ਢਾਬੇ ’ਚ ਲਿਆ ਕੇ ਬੰਦੀ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਛੱਡਣ ਬਦਲੇ 10 ਕਰੋੜ ਦੀ ਮੰਗ ਕੀਤੀ।
ਜਦ ਪੈਸੇ ਨਾ ਮਿਲੇ ਤਾਂ ਉਨ੍ਹਾਂ ਨੂੰ ਅਸਲੀ ਪੁਲਸ ਕੋਲ ਕੇਸ ਦਰਜ ਕਰਵਾਉਣ ਲਈ ਲੈ ਗਏ ਪਰ ਅਗਵਾ ਹੋਏ ਕਾਰੋਬਾਰੀਆਂ ਨੇ ਅਸਲੀ ਪੁਲਸ ਦੇ ਸਾਹਮਣੇ ਉਨ੍ਹਾਂ ਦੀ ਫਰਜ਼ੀ ਰੇਡ ਦੀ ਪੋਲ ਖੋਲ੍ਹ ਦਿੱਤੀ, ਜਿਸ ਤੋਂ ਬਾਅਦ ਥਾਣਾ ਪੁਲਸ ਨੇ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਅਤੇ ਬਾਅਦ ’ਚ ਖੰਨਾ ਦੀ ਸਾਈਬਰ ਸੈੱਲ ਦੀ ਪੁਲਸ ਨੇ 6 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ।
ਇਸ ਵਿਚ ਲੁਧਿਆਣਾ ’ਚ ਤਾਇਨਾਤ ਏ. ਐੱਸ. ਆਈ. ਕੁਲਦੀਪ ਸਿੰਘ, ਹੈੱਡ ਕਾਂਸਟੇਬਲ ਬਲਵਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਨੇਤਾ ਗਗਨਦੀਪ ਸਿੰਘ ਐਪਲ, ਕਰਨਦੀਪ ਸਿੰਘ, ਮਨੀ ਅਤੇ ਇਕ ਅਣਪਛਾਤਾ ਸ਼ਾਮਲ ਹੈ।
ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਨਰਪਿੰਦਰ ਸਿੰਘ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਜਦ ਉਹ ਆਪਣੇ ਸਾਈਬਰ ਥਾਣੇ ਵਿਚ ਪੁੱਜੇ ਤਾਂ ਉਥੇ ਏ. ਐੱਸ. ਆਈ. ਕੁਲਦੀਪ ਸਿੰਘ, ਹੈੱਡ ਕਾਂਸਟੇਬਲ ਬਲਵਿੰਦਰ ਸਿੰਘ, ਇਕ ਹੋਰ ਪੁਲਸ ਕਰਮਚਾਰੀ ਅਤੇ ਉਨ੍ਹਾਂ ਨਾਲ 3 ਪ੍ਰਾਈਵੇਟ ਵਿਅਕਤੀ ਸਨ, ਜੋ ਕਿ ਕਰਨਦੀਪ ਸਿੰਘ ਐਪਲ, ਸੁਖਵਿੰਦਰ ਸਿੰਘ ਅਤੇ ਮਨੀ ਸਨ, ਇਨ੍ਹਾਂ ਲੋਕਾਂ ਦੇ ਨਾਲ 3 ਹੋਰ ਲੋਕ ਵੀ ਸਨ, ਜਿਸ ਵਿਚ ਅਹਿਮਦਾਬਾਦ ਦਾ ਤਰੁਣ ਅਗਰਵਾਲ, ਹੇਰਤ ਸ਼ਾਹ ਅਤੇ ਤਾਮਿਲਨਾਡੂ ਦਾ ਥੁਰਾਈ ਰਾਜ ਸੀ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਇਕ ਹੋਰ ਚੋਣ ਦਾ ਐਲਾਨ! ਜਾਣੋ ਕਿਸ ਦਾ ਅਸਤੀਫ਼ਾ ਹੋਇਆ ਮਨਜ਼ੂਰ
ਇਸ ਦੌਰਾਨ ਜਦ ਉਸ ਨੇ ਪੁਲਸ ਵਾਲਿਆਂ ਤੋਂ ਪੁੱਛਿਆ ਕਿ ਇਹ ਲੋਕ ਕੌਣ ਹਨ ਤਾਂ ਹੈੱਡ ਕਾਂਸਟੇਬਲ ਬਲਵਿਦਰ ਸਿੰਘ ਨੇ ਕਿਹਾ ਕਿ ਉਹ ਤਿੰਨੇ ਸਾਈਬਰ ਫਰਾਡ ਕਰਦੇ ਹਨ ਅਤੇ ਕਾਲ ਸੈਂਟਰ ਚਲਾਉਂਦੇ ਹਨ। ਇਨ੍ਹਾਂ ਲੋਕਾਂ ’ਤੇ ਕੇਸ ਦਰਜ ਕੀਤਾ ਜਾਵੇ।
ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਫਰਜ਼ੀ ਰੇਡ ਦਾ ਹੋਇਆ ਖੁਲਾਸਾ
ਪੁਲਸ ਮੁਤਾਬਕ ਜਦ ਤਿੰਨੇ ਲੋਕਾਂ ਤੋਂ ਪੁੱਛਗਿਛ ਕੀਤੀ ਗਈ ਤਾਂ ਕਹਾਣੀ ਕੁਝ ਹੋਰ ਹੀ ਸਾਹਮਣੇ ਆਈ। ਤਰੁਣ ਅਗਰਵਾਲ ਨੇ ਦੱਸਿਆ ਕਿ ਨੋਇਡਾ ’ਚ ਉਸ ਦਾ ਆਫਿਸ ਹੈ। ਉਹ ਆਪਣੇ ਸਾਥੀ ਹੇਰਤ ਸ਼ਾਹ ਅਤੇ ਥੁਰਾਈ ਰਾਜ ਨਾਲ ਆਪਣੇ ਆਫਿਸ ’ਚ ਬੈਠਾ ਹੋਇਆ ਸੀ। ਇਸ ਦੌਰਾਨ 4 ਲੋਕ ਉਸ ਦੇ ਆਫਿਸ ’ਚ ਜਬਰਨ ਦਾਖਲ ਹੋ ਗਏ। ਇਸ ਦੌਰਾਨ ਬਲਵਿੰਦਰ ਸਿੰਘ ਨੇ ਖੁਦ ਨੂੰ ਪੰਜਾਬ ਪੁਲਸ ਦਾ ਐੱਸ. ਪੀ. ਦੱਸਿਆ, ਜਦਕਿ ਗਗਨਦੀਪ ਸਿੰਘ ਨੇ ਖੁਦ ਨੂੰ ਡੀ. ਆਈ. ਜੀ. ਦੱਸਿਆ, ਜਦਕਿ ਇਕ ਨੇ ਖੁਦ ਨੂੰ ਡੀ. ਐੱਸ. ਪੀ. ਦੱਸਿਆ ਸੀ। ਕਰਨਦੀਪ ਸਿੰਘ ਦੇ ਹੱਥ ’ਚ ਹਥਿਆਰ ਸੀ, ਉਸ ਨੇ ਖੁਦ ਨੂੰ ਬਲਵਿੰਦਰ ਸਿੰਘ ਦਾ ਗੰਨਮੈਨ ਦੱਸਿਆ।
ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਖਾਕੀ ਵਰਦੀ ਵਿਚ ਸੀ, ਜਿਸ ਦੇ ਗਲੇ ’ਤੇ ਟੈਟੂ ਖੁਦਵਾਇਆ ਹੋਇਆ ਸੀ, ਉਸ ਦਾ ਕੱਦ ਲਗਭਗ 6 ਫੁੱਟ ਸੀ। ਸਾਰਿਆਂ ਨੇ ਮਿਲ ਕੇ ਉਨ੍ਹਾਂ ਨੂੰ ਫੜ ਲਿਆ ਅਤੇ ਗੱਡੀ ਵਿਚ ਬਿਠਾ ਕੇ ਲੈ ਆਏ। ਪੁਲਸ ਵਾਲਿਆਂ ਨੇ ਉਨ੍ਹਾਂ ਦੇ ਮੋਬਾਈਲ ਅਤੇ ਲੈਪਟਾਪ ਵੀ ਲੈ ਲਏ ਸਨ।
ਪੁਲਸ ਵਾਲਿਆਂ ਨੇ ਕਿਹਾ ਸੀ ਕਿ ਉਹ ਚੰਡੀਗੜ੍ਹ ਪੁਲਸ ਤੋਂ ਹਨ ਪਰ ਉਨ੍ਹਾਂ ਨੂੰ ਨੋਇਡਾ ਤੋਂ ਅਗਵਾ ਕਰ ਕੇ ਲੁਧਿਆਣਾ ਦੇ ਜ਼ਿਮੀਂਦਾਰਾ ਢਾਬੇ ਵਿਚ ਲੈ ਗਏ, ਜਿਥੇ ਉਨ੍ਹਾਂ ਨੂੰ 114 ਨੰਬਰ ਕਮਰੇ ’ਚ ਬੰਦੀ ਬਣਾ ਕੇ ਰੱਖਿਆ। ਫਿਰ ਉਨ੍ਹਾਂ ਨੂੰ ਛੱਡਣ ਬਦਲੇ 10 ਕਰੋੜ ਦੀ ਫਿਰੌਤੀ ਮੰਗੀ। ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਕੁਲਦੀਪ ਸਿੰਘ ਨੇ ਕਿਹਾ ਕਿ ਉਹ 5 ਕਰੋੜ ’ਚ ਸੈਟਲਮੈਂਟ ਕਰਵਾ ਦੇਵੇਗਾ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ, ਫਿਰ ਉਨ੍ਹਾਂ ਦੇ ਘਰ ਵਾਲਿਆਂ ਨੂੰ 2 ਕਰੋੜ ’ਚ ਸੈਟਲਮੈਂਟ ਕਰਨ ਲਈ ਕਿਹਾ। ਜਦ ਘਰ ਵਾਲਿਆਂ ਨੇ ਕਿਹਾ ਕਿ ਪੈਸੇ ਸਿਰਫ 5-7 ਲੱਖ ਹਨ, ਇਸ ’ਤੇ ਉਹ ਗੁੱਸੇ ਵਿਚ ਆ ਗਏ।
ਪਹਿਲਾਂ ਥਾਣਾ ਸਾਹਨੇਵਾਲ, ਫਿਰ ਪੈਸੇ ਟਰਾਂਸਫਰ ਕਰਵਾਏ ਅਤੇ ਬਾਅਦ ਵਿਚ ਖੰਨਾ ਲੈ ਗਏ
ਤਰੁਣ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਪਹਿਲਾਂ ਥਾਣਾ ਸਾਹਨੇਵਾਲ ਅਤੇ ਫਿਰ ਖੰਨਾ ਲੈ ਗਏ। ਉਨ੍ਹਾਂ ਨੂੰ ਗੱਡੀ ਅੰਦਰ ਹੀ ਬਿਠਾਇਆ ਗਿਆ ਸੀ। ਬਲਵਿੰਦਰ ਸਿੰਘ ਫਾਈਲ ਲੈ ਕੇ ਥਾਣੇੇ ਅੰਦਰ ਗਿਆ ਅਤੇ ਕੁਝ ਦੇਰ ਬਾਅਦ ਬਾਹਰ ਕੇ ਉਸ ਨੂੰ ਕਹਿਣ ਲੱਗਾ ਕਿ ਹਾਲੇ ਵੀ ਸਮਾਂ ਹੈ। ਸੈਟਲਮੈਂਟ ਕਰ ਲਵੋ, ਨਹੀਂ ਤਾਂ ਜੇਲ ਜਾਣਾ ਪਵੇਗਾ। ਫਿਰ ਉਸ ਨੇ ਉਨ੍ਹਾਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਸੀ ਅਤੇ ਦੋਬਾਰਾ ਢਾਬੇ ’ਤੇ ਲੈ ਗਏ, ਜਿਥੇ ਜਬਰਨ ਉਨ੍ਹਾਂ ਦੇ ਮੋਬਾਈਲ ਤੋਂ ਕਰਨਦੀਪ ਨੇ 999 ਡਾਲਰ, (87672) ਅਤੇ 3650 ਡਾਲਰ (3, 23, 979 ਰੁ.) ਖੁਦ ਦੇ ਫੋਨ ’ਚ ਟਰਾਂਸਫਰ ਕਰ ਲਏ।
ਇਹ ਖ਼ਬਰ ਵੀ ਪੜ੍ਹੋ - Punjab: ਸਸਤੇ 'ਚ ਵਿਕ ਰਿਹੈ 'ਚਿੱਟਾ ਸੋਨਾ'! ਮੰਤਰੀ ਨੇ ਸਰਕਾਰ ਨੂੰ ਦਖ਼ਲ ਦੇਣ ਦੀ ਕੀਤੀ ਮੰਗ
ਤਰੁਣ ਨੇ ਕਿਹਾ ਕਿ ਜਦ ਮੈਂ ਯੂ. ਪੀ. ਆਈ. ਦਾ ਪਿਨ ਨਾ ਦਿੱਤਾ ਤਾਂ ਕਰਨਦੀਪ ਨੇ ਥੱਪੜ ਮਾਰਿਆ, ਫਿਰ ਮੈਂ ਪਿਨ ਦੇ ਦਿੱਤਾ। ਇਸ ਤੋਂ ਬਾਅਦ ਉਸ ਨੇ ਮੇਰੇ ਖਾਤੇ ’ਚੋਂ 1 ਲੱਖ ਰੁਪਏ ਲੈ ਲਏ। ਉਥੇ ਬਲਵਿੰਦਰ ਸਿੰਘ ਨੇ ਉਸ ਦਾ ਆਈ.ਫੋਨ, ਪੋਕੋ ਫੋਨ ਅਤੇ ਐਪਲ ਦੀ ਘੜੀ ਵੀ ਲੈ ਲਈ। ਉਨ੍ਹਾਂ ਨੇ ਫਿਰ ਰਸਤੇ ’ਚ ਕੱਪੜੇ ਬਦਲੇ ਅਤੇ ਸਾਨੂੰ ਖੰਨਾ ਥਾਣੇ ਲੈ ਗਏ।
ਜਦ ਹੋਈ ਪੁੱਛਗਿੱਛ ਤਾਂ ਸੱਚਾਈ ਉਗਲੀ
ਇੰਚਾਰਜ ਨਰਪਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਬਲਵਿੰਦਰ ਸਿੰਘ ਨੂੰ ਬੁਲਾਇਆ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕੀਤੀ ਅਤੇ ਤਰੁਣ ਵਲੋਂ ਦੱਸੀ ਗਈ ਸਾਰੀ ਗੱਲਬਾਤ ਉਸ ਦੇ ਸਾਹਮਣੇ। ਇਸ ਤੋਂ ਬਾਅਦ ਉਹ ਡਰ ਗਿਆ ਅਤੇ ਮੁਆਫੀ ਮੰਗਣ ਲੱਗਾ, ਜਿਸ ਤੋਂ ਬਾਅਦ ਉਸ ਨੇ ਉੱਚ ਅਧਿਕਾਰੀਆਂ ਨੂੰ ਗੱਲ ਦੱਸਣ ਲਈ ਉਨ੍ਹਾਂ ਨੂੰ ਬਾਹਰ ਬੈਠ ਕੇ ਇੰਤਜ਼ਾਰ ਕਰਨ ਨੂੰ ਕਿਹਾ ਤਾਂ ਉਹ ਫਰਾਰ ਹੋ ਗਏ।
ਉਨ੍ਹਾਂ ਨੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਬਲਵਿੰਦਰ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ, ਕਰਨਦੀਪ ਸਿੰਘ ਮਨੀ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ’ਤੇ ਕੇਸ ਦਰਜ ਕੀਤਾ। ਮੁਲਜ਼ਮਾਂ ਨੇ ਨੋਇਡਾ ਦੇ ਤਰੁਣ, ਹੈਰਤ ਅਤੇ ਥੁਰਾਈ ਨੂੰ ਬਿਨਾਂ ਕਿਸੇ ਕੇਸ ਅਤੇ ਸ਼ਿਕਾਇਤ ਦੇ ਅਗਵਾ ਕਰ ਕੇ ਪੰਜਾਬ ਵਿਚ ਲਿਆ ਕੇ ਫਿਰੌਤੀ ਮੰਗੀ ਸੀ।
ਮੁਲਜ਼ਮ ਗਗਨਦੀਪ ਸਿੰਘ ਉਰਫ ਏਪਲ ‘ਆਪ’ ਦਾ ਵਰਕਰ, ਕਈ ਅਪਰਾਧਿਕ ਕੇਸਾਂ ’ਚ ਨਾਮਜ਼ਦ
ਉਕਤ ਮੁਲਜ਼ਮਾਂ ’ਚ ਸ਼ਾਮਲ ਗਗਨਦੀਪ ਸਿੰਘ ਉਰਫ ਐਪਲ ਆਮ ਆਦਮੀ ਪਾਰਟੀ ਦਾ ਵਰਕਰ ਹੈ, ਜੋ ਕਿ ਲੁਧਿਆਣਾ ਦੇ ਵਿਧਾਇਕ ਦਾ ਖਾਸਮਖਾਸ ਵੀ ਦੱਸਿਆ ਜਾ ਰਿਹਾ ਹੈ ਪਰ ਵਿਧਾਇਕ ਦਾ ਕਹਿਣਾ ਹੈ ਕਿ ਉਹ ਸਿਰਫ ਉਸ ਦੇ ਆਫਿਸ ਆਉਂਦਾ-ਜਾਂਦਾ ਸੀ। ਉਥੇ ਵੀ ਪਤਾ ਲੱਗਾ ਕਿ ਮੁਲਜ਼ਮ ਗਗਨਦੀਪ ਸਿੰਘ ਉਰਫ ਏਪਲ ’ਤੇ ਕਈ ਅਪਰਾਧਿਕ ਕੇਸ ਦਰਜ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8