ਪੰਜਾਬ ਪੁਲਸ ਨੇ ਕੋਰੋਨਾ ਸੰਕਟ ਸਮੇਂ ਲਾਮਿਸਾਲ ਕੀਤਾ ਕੰਮ : ਦਿਨਕਰ ਗੁਪਤਾ
Wednesday, May 20, 2020 - 08:55 PM (IST)
ਪਟਿਆਲਾ, (ਬਲਜਿੰਦਰ)- ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਪਟਿਆਲਾ ਪੁਲਸ ਨੂੰ ਸ਼ਾਬਾਸ਼ੀ ਦਿੰਦਿਆਂ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਅ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡੀ. ਜੀ. ਪੀ. ਡਿਸਕ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਤ ਕੀਤਾ। ਇੱਥੇ ਪੁਲਸ ਲਾਈਨ ਵਿਖੇ ਪੁਲਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਵਿਸ਼ਵ-ਵਿਆਪੀ ਮਹਾਮਾਰੀ ਕੋਰੋਨਾ ਦੇ ਸੰਕਟ ਦੌਰਾਨ ਅਨੁਸ਼ਾਸਨ ’ਚ ਰਹਿ ਕੇ ਲਾਮਿਸਾਲ ਕਾਰਜ ਕਰਨ ਕਰ ਕੇ ਪੁਲਸ ਦਾ ਇਕ ਨਵਾਂ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਪੁਲਸ ਦੀ, ਪੰਜਾਬ ਹੀ ਨਹੀਂ ਸਗੋਂ ਦੇਸ਼ ਅਤੇ ਵਿਦੇਸ਼ ’ਚ ਵੀ ਸ਼ਲਾਘਾ ਹੋਈ, ਜਿਸ ਲਈ ਉਨ੍ਹਾਂ ਨੂੰ ਫ਼ਖ਼ਰ ਹੈ।
ਇਸ ਮੌਕੇ ਆਈ. ਜੀ. ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਨੇ ਡੀ. ਜੀ. ਪੀ. ਗੁਪਤਾ ਦਾ ਸਵਾਗਤ ਕੀਤਾ ਅਤੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਉਨ੍ਹਾਂ ਦਾ ਪਟਿਆਲਾ ਪੁਲਸ ਦੀ ਹੌਸਲਾ ਅਫ਼ਜਾਈ ਲਈ ਧੰਨਵਾਦ ਕੀਤਾ। ਡੀ. ਜੀ. ਪੀ. ਗੁਪਤਾ ਨੇ ਪੁਲਸ ਲਾਈਨ ਵਿਖੇ ਹਸਪਤਾਲ ਦਾ ਦੌਰਾ ਕਰਦਿਆਂ ਇੱਥੇ ਸਥਾਪਤ ਡੈਂਟਲ ਚੇਅਰ, ਆਈ ਟੈਸਟਿੰਗ, ਕ੍ਰਿਟੀਕਲ ਕੇਅਰ ਮੋਨੀਟਰ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਪਟਿਆਲਾ ਮਾਡਲ ਨੂੰ ਸਾਰੇ ਪੰਜਾਬ ’ਚ ਲਾਗੂ ਕਰਨ ਦੀ ਗੱਲ ਆਖੀ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਐੱਸ. ਆਈ. ਹਰਜੀਤ ਸਿੰਘ ਦੇ ਹੱਥ ਕੱਟੇ ਜਾਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਸ ਨੇ ਸਮਾਜ ਦੇ 85 ਫੀਸਦੀ ਚੰਗੇ ਲੋਕਾਂ ਨਾਲ ਬਿਹਤਰ ਢੰਗ ਨਾਲ ਵਿਚਰਨਾ ਹੈ ਅਤੇ ਕੁਝ ਫੀਸਦੀ ਮਾਡ਼ੇ ਅਨਸਰਾਂ ਨਾਲ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਸਿੱਝਣਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪੁਲਸ ਦੀ ਬੱਚੇ-ਬੱਚੇ ਵੱਲੋਂ ਸ਼ਲਾਘਾ ਕਰਨ ਦਾ ਸਿਹਰਾ ਸਾਰੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਿਹਤਰ ਕਾਰਗੁਜ਼ਾਰੀ ਨੂੰ ਜਾਂਦਾ ਹੈ। ਇਸ ਤੋਂ ਬਾਅਦ ਸ਼੍ਰੀ ਗੁਪਤਾ ਨੇ ਪਟਿਆਲਾ ਪੁਲਸ ਦੇ 4 ਐੱਸ. ਪੀਜ਼, 2 ਡੀ. ਐੱਸ. ਪੀਜ਼, ਪੁਲਸ ਲਾਈਨ ਦੇ ਡਾਕਟਰ ਸਮੇਤ 3 ਇੰਸਪੈਕਟਰ, 10 ਸਬ-ਇੰਸਪੈਕਟਰ, 6 ਏ. ਐੱਸ. ਆਈ., 5 ਹੌਲਦਾਰ, 6 ਸਿਪਾਹੀ ਅਤੇ ਮਾਰਕੀਟ ਕਮੇਟੀ ਮੁਲਾਜ਼ਮ ਦਾ ਡੀ. ਜੀ. ਪੀ. ਕਮੈਂਡੇਸ਼ਨ ਡਿਸਕ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਨ ਕੀਤਾ।