ਪੰਜਾਬ ਪੁਲਸ ਨੇ ਜੰਮੂ-ਕਸ਼ਮੀਰ ’ਚ ਸਰਗਰਮ ਖ਼ੌਫ ਗੈਂਗ ਦਾ ‘ਖ਼ੌਫ’ ਕੀਤਾ ਖ਼ਤਮ

05/30/2024 11:47:31 PM

ਜਲੰਧਰ (ਸ਼ੌਰੀ)– ਜੰਮੂ-ਕਸ਼ਮੀਰ ’ਚ ਦਹਿਸ਼ਤ ਪੈਦਾ ਕਰਨ ਵਾਲਾ ਇਕ ਬਦਨਾਮ ਗੈਂਗਸਟਰ, ਜੋ ਜਲੰਧਰ ਦੇ ਭੋਗਪੁਰ ਇਲਾਕੇ ’ਚ ਕੁਝ ਦਿਨਾਂ ਤੋਂ ਰਹਿ ਰਿਹਾ ਸੀ। ਬੀਤੇ ਦਿਨ ਐਂਟੀ ਟਾਸਕ ਫੋਰਸ (ਏ. ਜੀ. ਟੀ. ਐੱਫ.) ਦੇ ਏ. ਆਈ. ਜੀ. ਵਲੋਂ ਬਣਾਈਆਂ ਵਿਸ਼ੇਸ਼ ਟੀਮਾਂ ਵਲੋਂ ਰੋਹਿਤ ਰਾਣਾ ਉਰਫ਼ ਮੱਖਣ ਸਿੰਘ ਪੁੱਤਰ ਬੋਦਰ ਰਾਜ ਵਾਸੀ ਕੋਟਲੀ ਰਿਆਨ ਜੰਮੂ-ਕਸ਼ਮੀਰ ਨੂੰ ਘੇਰ ਕੇ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਬਦਮਾਸ਼ ਰੋਹਿਤ ਨੇ ਆਪਣੇ ਰਿਵਾਲਵਰ ਨਾਲ ਪੁਲਸ ’ਤੇ ਗੋਲੀ ਚਲਾ ਦਿੱਤੀ, ਹਾਲਾਂਕਿ ਇਸ ਮੁਕਾਬਲੇ ’ਚ ਕਿਸੇ ਪੁਲਸ ਵਾਲੇ ਨੂੰ ਗੋਲੀ ਨਹੀਂ ਲੱਗੀ।

ਮੁਕਾਬਲੇ ਦੌਰਾਨ ਪੁਲਸ ਵਲੋਂ ਚਲਾਈਆਂ 2 ਗੋਲੀਆਂ ਗੈਂਗਸਟਰ ਰੋਹਿਤ ਦੀਆਂ ਦੋਵੇਂ ਲੱਤਾਂ ’ਚ ਲੱਗੀਆਂ ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਰੋਹਿਤ ਨੂੰ ਦੇਰ ਰਾਤ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਸੁਰੱਖਿਆ ਦੌਰਾਨ ਇੰਸ. ਪੁਸ਼ਪਬਾਲੀ ਤੇ ਸਬ-ਇੰਸ. ਚੰਦਰ ਜੱਸਲ ਪੁਲਸ ਅਧਿਕਾਰੀ ਵੀ ਹਸਪਤਾਲ ’ਚ ਮੌਜੂਦ ਸਨ। ਸਖ਼ਤ ਸੁਰੱਖਿਆ ਹੇਠ ਪੁਲਸ ਨੇ ਗੈਂਗਸਟਰ ਨੂੰ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਕੈਦੀ ਵਾਰਡ ’ਚ ਤਬਦੀਲ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਹਥਿਆਰਾਂ ਨਾਲ ਲੈਸ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਜਲ ਸੰਕਟ! 'ਆਪ' ਨੇ ਹਰਿਆਣਾ ਨੂੰ ਦੱਸਿਆ ਜ਼ਿੰਮੇਵਾਰ, SC ਜਾਏਗੀ ਕੇਜਰੀਵਾਲ ਸਰਕਾਰ

ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਗੈਂਗਸਟਰ ਰੋਹਿਤ ਰਾਣਾ ਖ਼ਿਲਾਫ਼ ਜੰਮੂ-ਕਸ਼ਮੀਰ ’ਚ ਕਤਲ ਤੇ ਕਤਲ ਦੀ ਕੋਸ਼ਿਸ਼ ਦੇ ਕਈ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਪੁਲਸ ਦਾ ਕਹਿਣਾ ਹੈ ਕਿ ਰੋਹਿਤ ਨੇ ਨਸ਼ਾ ਤਸਕਰੀ ਦਾ ਧੰਦਾ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਜਦੋਂ ਜੰਮੂ-ਕਸ਼ਮੀਰ ਪੁਲਸ ਨੇ ਉਸ ਨੂੰ ਕਾਬੂ ਕਰਨ ਲਈ ਕਠੂਆ ’ਚ ਘੇਰ ਲਿਆ ਤਾਂ ਰੋਹਿਤ ਨੇ ਸਬ-ਇੰਸਪੈਕਟਰ ਦੀਪਕ ਸ਼ਰਮਾ ਦਾ ਕਤਲ ਕਰ ਦਿੱਤਾ ਤੇ ਉਥੋਂ ਫਰਾਰ ਹੋ ਗਿਆ।

ਇਸ ਤੋਂ ਬਾਅਦ ਪੁਲਸ ਉਸ ਦੀ ਭਾਲ ਕਰਦੀ ਰਹੀ ਤੇ ਜਿਵੇਂ ਹੀ ਏ. ਜੀ. ਟੀ. ਐੱਫ. ਦੇ ਏ. ਆਈ. ਜੀ. ਮੁਖਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਭੋਗਪੁਰ ਇਲਾਕੇ ’ਚ ਇਹ ਗੈਂਗਸਟਰ ਸਰਗਰਮ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਪੈਸ਼ਲ ਟੀਮ ਤਿਆਰ ਕਰਕੇ ਉਸ ਨੂੰ ਫੜ ਲਿਆ। ਇਸ ਕਾਰਵਾਈ ’ਚ ਦਿਹਾਤੀ ਪੁਲਸ ਵੀ ਉਨ੍ਹਾਂ ਦਾ ਸਾਥ ਦਿੰਦੀ ਨਜ਼ਰ ਆਈ। ਦਰਅਸਲ ‘ਖ਼ੌਫ ਗੈਂਗ’ ਦੇ ਨਾਂ ’ਤੇ ਜੰਮੂ-ਕਸ਼ਮੀਰ ’ਚ ਦਹਿਸ਼ਤ ਪੈਦਾ ਕਰਨ ਵਾਲੇ ਰੋਹਿਤ ਦੇ ਗੈਂਗ ਦੇ ਮੁਖੀ ਸ਼ੀਨੂ ਨੂੰ ਪੁਲਸ ਨੇ ਐਨਕਾਊਂਟਰ ਦੌਰਾਨ ਫੜ ਲਿਆ ਸੀ, ਰੋਹਿਤ ਉਥੋਂ ਫਰਾਰ ਹੋ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News