ਪੰਜਾਬ ਪੁਲਸ ਦਾ ਐਕਸ਼ਨ! ਮਸ਼ਹੂਰ ਹਸਪਤਾਲ ਦੇ 4 ਡਾਕਟਰਾਂ ਖ਼ਿਲਾਫ਼ FIR
Monday, Jan 05, 2026 - 02:32 PM (IST)
ਲੁਧਿਆਣਾ (ਰਾਜ): ਬਾੜੇਵਾਲ ਰੋਡ ’ਤੇ ਸਥਿਤ ਓਰੀਸਨ ਹਸਪਤਾਲ ਵਿਚ 2 ਔਰਤਾਂ ਦੀਆਂ ਲਾਸ਼ਾਂ ਦੇ ਆਪਸ ’ਚ ਬਦਲਣ ਦੇ ਸਨਸਨੀਖੇਜ਼ ਮਾਮਲੇ ’ਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਸਰਾਭਾ ਨਗਰ ਪੁਲਸ ਨੇ ਪਹਿਲਾਂ ਅਣਪਛਾਤੇ ਹਸਪਤਾਲ ਦੇ ਸਟਾਫ ਅਤੇ ਪ੍ਰਸ਼ਾਸਨ ਵਿਰੁੱਧ ਕੇਸ ਦਰਜ ਕੀਤਾ ਸੀ। ਹਾਲਾਂਕਿ, ਜਾਂਚ ਦੌਰਾਨ, ਹਸਪਤਾਲ ਦੇ ਡਾਇਰੈਕਟਰ ਸਮੇਤ 4 ਡਾਕਟਰਾਂ ਨੂੰ ਐੱਫ. ਆਈ. ਆਰ. ’ਚ ਨਾਮਜ਼ਦ ਕੀਤਾ ਗਿਆ ਹੈ।
ਐੱਫ. ਆਈ. ਆਰ. ’ਚ ਨਾਮਜ਼ਦ ਡਾ. ਨਿਰਮਲਜੀਤ ਸਿੰਘ ਮੱਲ੍ਹੀ, ਡਾ. ਸੁਨੀਲ ਮਿੱਤਲ, ਡਾ. ਰਾਜੀਵ ਗਰੋਵਰ ਅਤੇ ਡਾ. ਮਨੀਸ਼ਾ ਮਿੱਤਲ ਹਨ। ਇਹ ਚਾਰੇ ਹੀ ਬਾੜੇਵਾਲ ਰੋਡ ’ਤੇ ਸਥਿਤ ਨਿੱਜੀ ਹਸਪਤਾਲ ਦੇ ਡਾਇਰੈਕਟਰ ਦੱਸੇ ਜਾਂਦੇ ਹਨ। ਇਸ ਸਬੰਧ ਵਿਚ ਸਰਾਭਾ ਨਗਰ ਪੁਲਸ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਆਦਿੱਤਿਆ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਐੱਫ. ਆਈ. ਆਰ. ਸ਼ੁਰੂ ਵਿਚ ਅਣਪਛਾਤੇ ਹਸਪਤਾਲ ਦੇ ਸਟਾਫ ਵਿਰੁੱਧ ਦਰਜ ਕੀਤੀ ਗਈ ਸੀ ਪਰ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ 4 ਹਸਪਤਾਲ ਡਾਇਰੈਕਟਰਾਂ ਨੂੰ ਮੁੱਖ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੇ ਭਾਰਤੀ ਦੰਡ ਸੰਹਿਤਾ (ਆਈ. ਪੀ. ਸੀ.) ਦੀ ਧਾਰਾ 305, 314 ਅਤੇ 316 (2) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਹਸਪਤਾਲ ਦੇ ਸਟਾਫ ਦੀ ਲਾਪ੍ਰਵਾਹੀ ਕਾਰਨ 2 ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਆਪਸ ’ਚ ਬਦਲ ਗਈਅਾਂ ਸਨ। ਇਸ ਗਲਤੀ ਕਾਰਨ ਮੰਜੂ ਦੀਵਾਨ ਦੇ ਪਰਿਵਾਰ ਨੇ ਲਾਸ਼ ਨੂੰ ਮੰਜੂ ਦੀ ਲਾਸ਼ ਮੰਨ ਕੇ ਸਸਕਾਰ ਕਰ ਦਿੱਤਾ ਪਰ ਇਹ ਅਸਲ ’ਚ ਉਹ ਜਸਬੀਰ ਕੌਰ ਦੀ ਲਾਸ਼ ਸੀ। ਕੁਝ ਦਿਨਾਂ ਬਾਅਦ ਜਦੋਂ ਸੱਚਾਈ ਸਾਹਮਣੇ ਆਈ ਤਾਂ ਮਾਮਲਾ ਹੋਰ ਵੀ ਵਧ ਗਿਆ। ਇਸ ਤੋਂ ਬਾਅਦ ਮੰਜੂ ਦੀਵਾਨ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਸ ਦੌਰਾਨ, ਜਸਬੀਰ ਕੌਰ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ, ਉਸ ਦੀਆਂ ਅਸਥੀਆਂ ਨੂੰ ਸੁਰੱਖਿਅਤ ਰੱਖਿਆ ਹੈ ਅਤੇ ਡੀ. ਐੱਨ. ਏ. ਪ੍ਰੋਫਾਈਲਿੰਗ ਦੀ ਬੇਨਤੀ ਕੀਤੀ ਹੈ।
ਇਸ ਘਟਨਾ ਨੇ ਨਿੱਜੀ ਹਸਪਤਾਲਾਂ ਦੇ ਕੰਮ-ਕਾਜ ਅਤੇ ਜਵਾਬਦੇਹੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪੈਂਡਿੰਗ ਹੈ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
