ਓਏ ਛੋਟੂ, ਪੁਲਸ ਇਕੋ ਕਾਰ 'ਤੇ ਦੋ ਨੰਬਰ ਵੀ ਲਾ ਸਕਦੀ ਹੈ ਓਏ!

11/03/2017 7:16:29 AM

ਇਕ ਕਾਰ 'ਤੇ ਨੰਬਰ ਵੀ ਦੋ ਤੇ ਦੋਵੇਂ ਵੱਖ-ਵੱਖ ਰਾਜਾਂ ਦੇ
ਬਠਿੰਡਾ(ਜ.ਬ)-ਓਏ ਛੋਟੂ, ਪੁਲਸ ਇਕੋ ਕਾਰ 'ਤੇ ਦੋ ਨੰਬਰ ਵੀ ਲਾ ਸਕਦੀ ਹੈ ਓਏ! ਇਹ ਸ਼ਬਦ ਉਦੋਂ ਆਪ ਮੁਹਾਰੇ ਹੀ ਨਿਕਲ ਆਏ, ਜਦੋਂ ਪੁਲਸ ਦੀ ਇਕ ਟਾਟਾ ਸੂਮੋ ਕਾਰ 'ਤੇ ਅੱਗੇ ਤੇ ਪਿੱਛੇ ਵੱਖ-ਵੱਖ ਨੰਬਰ ਲੱਗੇ ਨਜ਼ਰ ਆਏ। ਜਾਣਕਾਰੀ ਮੁਤਾਬਕ ਕਚਹਿਰੀ ਪੁਲਸ ਚੌਕੀ ਦੀ ਇਕ ਕਾਰ 'ਤੇ ਦੋ ਨੰਬਰ ਲੱਗੇ ਦੇਖੇ ਗਏ, ਜਿਨ੍ਹਾਂ 'ਚੋਂ ਇਕ ਪੰਜਾਬ (ਪੀ.ਬੀ.02ਏ.ਆਰ.-8787) ਦਾ ਤੇ ਦੂਸਰਾ ਮਹਾਰਾਸ਼ਟਰ (ਐੱਮ.ਐੱਚ.12-0707-ਟੈਂਪ) ਦਾ ਹੈ, ਜਿਸ ਨੂੰ ਦੇਖ ਕੇ ਭੰਬਲਭੂਸਾ ਪੈ ਗਿਆ। ਮੀਡੀਆ ਕਰਮੀ ਨੂੰ ਤਸਵੀਰਾਂ ਖਿਚਦਿਆਂ ਦੇਖ ਕੇ ਵੱਡੀ ਗਿਣਤੀ 'ਚ ਲੋਕ ਇਕੱਤਰ ਹੋ ਗਏ। ਜਦਕਿ ਬਹੁਤ ਸਾਰੇ ਨੌਜਵਾਨਾਂ ਨੇ ਇਸ ਕਾਰ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕਰ ਦਿੱਤੀਆਂ, ਜਿਸ ਨੂੰ ਪੁਲਸ ਦੀ ਮਨਮਰਜ਼ੀ ਜਾਂ ਪੁਲਸ ਦਾ ਕਾਰਨਾਮਾ ਕਹਿ ਕੇ ਮਸ਼ਹੂਰ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਥਾਣਾ ਸਿਵਲ ਲਾਈਨ ਦੇ ਮੁਖੀ ਦਾ ਕਹਿਣਾ ਹੈ ਕਿ ਅਸਲ 'ਚ ਇਹ ਕਾਰ ਮਹਿਕਮੇ ਨੇ ਮਹਾਰਾਸ਼ਟਰ 'ਚੋਂ ਖਰੀਦੀ ਸੀ, ਜਿਸ 'ਤੇ ਉਥੋਂ ਦਾ ਹੀ ਟੈਂਪਰੇਰੀ ਨੰਬਰ ਲੱਗਿਆ ਹੋਇਆ ਸੀ, ਜਿਸ ਤੋਂ ਬਾਅਦ ਕਾਰ ਨੂੰ ਪੰਜਾਬ ਦਾ ਨੰਬਰ ਮਿਲ ਗਿਆ ਤੇ ਨੰਬਰ ਪਲੇਟਾਂ ਪੰਜਾਬ ਦੇ ਨੰਬਰ ਦੀਆਂ ਲੱਗ ਗਈਆਂ। ਜੋ ਕਿ ਟੈਂਪਰੇਰੀ ਨੰਬਰ 'ਤੇ ਹੀ ਲਾ ਦਿੱਤੀਆਂ ਗਈਆਂ। ਹੁਣ ਪੁਰਾਣੀ ਨੰਬਰ ਪਲੇਟ ਟੁੱਟ ਕੇ ਡਿੱਗ ਗਈ, ਜਿਸ ਕਾਰਨ ਹੇਠਾਂ ਤੋਂ ਪੁਰਾਣਾ ਨੰਬਰ ਨਿਕਲ ਗਿਆ। ਇਹ ਕੋਈ ਖਾਸ ਗੱਲ ਨਹੀਂ ਹੈ, ਕਾਰ 'ਤੇ ਨਵੀਂ ਨੰਬਰ ਪਲੇਟ ਲਗਵਾ ਦਿੱਤੀ ਗਈ ਹੈ।


Related News