ਫੇਰ ਸੁਰਖੀਆਂ 'ਚ ਆਈ ਪੰਜਾਬ ਪੁਲਸ, ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਖਾਕੀ ਦੀ ਗੁੰਡਾਗਰਦੀ ਹੋਈ ਵਾਇਰਲ (ਵੀਡੀਓ)

09/06/2017 10:40:50 AM


ਅੰਮ੍ਰਿਤਸਰ(ਸੰਜੀਵ) - ਰੇਲਵੇ ਸਟੇਸ਼ਨ ਦੇ ਠੀਕ ਸਾਹਮਣੇ ਸਥਿਤ ਜੋਗਿੰਦਰ ਢਾਬੇ 'ਤੇ ਸੋਮਵਾਰ ਦੀ ਰਾਤ ਉਸ ਸਮੇਂ ਕਹਿਰ ਵਾਪਰਿਆ ਜਦੋਂ ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਗੁੰਡਾਗਰਦੀ ਵਿਖਾਈ। ਢਾਬਾ ਮਾਲਕ ਅਤੇ ਉਸ ਦੇ ਬੇਟੇ ਦੇ ਨਾਲ ਕੁੱਟਮਾਰ ਦਾ ਇਹ ਪੂਰਾ ਮਾਮਲਾ ਥਾਣਾ ਮੁਖੀ ਸ਼ਿਵ ਦਰਸ਼ਨ ਦੀਆਂ ਅੱਖਾਂ ਦੇ ਸਾਹਮਣੇ ਹੋਇਆ, ਜਿਸ ਦੌਰਾਨ ਦੁਕਾਨਦਾਰ ਦੀ ਪਗੜੀ ਉਤਰੀ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਘਸੀਟਿਆ ਗਿਆ ਜਦੋਂ ਕਿ ਪੁਲਸ ਦਾ ਇਹ ਕਹਿਣਾ ਹੈ ਕਿ 11 ਵਜੇ ਦੇ ਬਾਅਦ ਢਾਬੇ ਖੋਲ੍ਹੇ ਜਾਣ 'ਤੇ ਰੋਕ ਲਗਾਈ ਗਈ ਹੈ ਅਤੇ ਉਹ ਖੁੱਲ੍ਹੇ ਢਾਬੇ ਨੂੰ ਬੰਦ ਕਰਵਾ ਰਹੇ ਸਨ।

ਦੇਰ ਰਾਤ ਤੱਕ ਚਲੇ ਇਸ ਮਾਮਲੇ ਸਬੰਧੀ ਜ਼ਿਲੇ ਦੇ ਸਾਰੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ, ਬਾਵਜੂਦ ਇਸ ਦੇ ਕੋਈ ਵੀ ਕਾਰਵਾਈ ਨਹੀਂ ਹੋਈ। ਮਾਮਲੇ ਨੂੰ ਰਫਾ-ਦਫਾ ਕਰਨ ਲਈ ਪੁਲਸ ਨੇ ਢਾਬਾ ਮਾਲਕ ਦੇ ਨਾਲ ਸਮਝੌਤਾ ਵੀ ਕਰ ਲਿਆ ਜਦੋਂ ਕਿ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਪੁਲਸ ਪਾਰਟੀ 11 ਵਜੇ ਤੋਂ ਬਾਅਦ ਢਾਬੇ ਅਤੇ ਹੋਰ ਖਾਧ ਪਦਾਰਥਾਂ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਰਹੀ ਸੀ।  ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਤਾਂ ਉਸ ਬਾਰੇ ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਨੂੰ ਜਾਂਚ ਕਰ ਕੇ ਰਿਪੋਰਟ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।  


Related News