ਸਰਕਾਰ ਦੇ ਯਤਨਾਂ ਸਦਕਾ ਪ੍ਰਫਾਰਮੈਂਸ ਗਰੇਡਿੰਗ ਇੰਡੈਕਸ ’ਚ ਮੋਹਰੀ ਰਿਹੈ ਪੰਜਾਬ : ਸਿੰਗਲਾ
Monday, Jun 07, 2021 - 03:16 AM (IST)

ਚੰਡੀਗੜ੍ਹ (ਰਮਨਜੀਤ)- ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਕਿਹਾ ਕਿ ਇਹ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਨਿਰੰਤਰ ਅਤੇ ਕੇਂਦਰਿਤ ਯਤਨਾਂ ਦਾ ਹੀ ਨਤੀਜਾ ਹੈ ਕਿ ਪੰਜਾਬ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਪ੍ਰਫਾਰਮੈਂਸ ਗਰੇਡਿੰਗ ਇੰਡੈਕਸ (ਪੀ. ਜੀ. ਆਈ) 2019-20 ’ਚ ਸਿਰਮੌਰ ਖਿਤਾਬ ਹਾਸਿਲ ਕੀਤਾ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਅਧਿਆਪਕਾਂ, ਅਧਿਕਾਰੀਆਂ ਅਤੇ ਸਿੱਖਿਆ ਵਿਭਾਗ ਦੇ ਹੋਰ ਕਰਮਚਾਰੀਆਂ ਨੂੰ ਵੀ ਪੰਜਾਬ ਨੂੰ ਪੀ. ਜੀ. ਆਈ ਦੇ ਸਿਖਰ ’ਤੇ ਲਿਆਉਣ ਲਈ ਸਖਤ ਮਿਹਨਤ ਕਰਨ ਲਈ ਵਧਾਈ ਦਿੱਤੀ ਜੋ ਕਿ ਸਕੂਲ ਸਿੱਖਿਆ ਦੇ ਖੇਤਰ ਵਿਚ ਤਬਦੀਲੀ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ 70 ਮਾਪਦੰਡਾਂ ਦੇ ਅਧਾਰ ’ਤੇ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਲ 2017 ’ਚ ਸਰਕਾਰ ਸੰਭਾਲਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਨਾ ਸਿਰਫ਼ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਸਗੋਂ ਹੋਰ ਵੀ ਕਈ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ, ਜੋ ਹਰ ਪੱਧਰ ’ਤੇ ਲੋੜੀਂਦੇ ਅਤੇ ਅਨੁਕੂਲ ਵਿਦਿਅਕ ਨਤੀਜੇ ਲਿਆਉਣ ’ਚ ਸਹਾਈ ਹੋਏ ਹਨ।