''ਪੰਜਾਬ ਕੇਸਰੀ ਗਰੁੱਪ'' ਨੂੰ ਗੋਇਲ ਪਰਿਵਾਰ ਨੇ ਭੇਟ ਕੀਤਾ ਰਾਹਤ ਸਮੱਗਰੀ ਦਾ ਟਰੱਕ
Tuesday, Apr 18, 2023 - 11:30 AM (IST)
ਮੋਹਾਲੀ (ਪਰਦੀਪ) : ਜੰਮੂ-ਕਸ਼ਮੀਰ ਦੇ ਸਰਹੱਦੀ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਦੀ ਲੰਬੇ ਸਮੇਂ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵਰਦਾਨ ਆਯੂਰਵੇਦਾ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਦੇ ਪਰਿਵਾਰ ਵਲੋਂ ਰਾਹਤ ਸਮੱਗਰੀ ਦਾ ਟਰੱਕ ਪੰਜਾਬ ਕੇਸਰੀ ਗਰੁੱਪ ਨੂੰ ਭੇਟ ਕੀਤਾ ਗਿਆ। ਇਸ ਸਬੰਧੀ ਮੋਹਾਲੀ ਦੇ ਫੇਜ਼-11 ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਉਚੇਚੇ ਤੌਰ ’ਤੇ ਵਿਜੇ ਚੋਪੜਾ ਸੰਪਾਦਕ ਹਿੰਦ ਸਮਾਚਾਰ ਗਰੁੱਪ ਨੇ ਸ਼ਿਰੱਕਤ ਕੀਤੀ। ਪ੍ਰੋਗਰਾਮ ਵਿਚ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ, ‘ਆਪ’ ਨੇਤਾ ਹਰਸੁਖਇੰਦਰ ਸਿੰਘ ਬੱਬੀ ਬਾਦਲ, ਸਵ. ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਇਟੀ ਦੀ ਚੇਅਰਪਰਸਨ ਜਗਜੀਤ ਕੌਰ ਕਾਹਲੋਂ, ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ‘ਆਪ’ ਦੇ ਯੂਥ ਨੇਤਾ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਪੰਥਕ ਚਿੰਤਕ ਪਰਮਜੀਤ ਸਿੰਘ ਕਾਹਲੋਂ, ਵਰਿੰਦਰ ਸ਼ਰਮਾ, ਇਕਬਾਲ ਸਿੰਘ ਅਨਰਰੇਜਾ ਨੇ ਵੀ ਵਿਸ਼ੇਸ ਤੌਰ ’ਤੇ ਸ਼ਿਰੱਕਤ ਕੀਤੀ। ਇਸ ਮੌਕੇ ਜੰਮੂ-ਕਸ਼ਮੀਰ ਦੇ ਸਰਹੱਦੀ ਲੋਕਾਂ ਨੂੰ ਪੰਜਾਬ ਕੇਸਰੀ ਗਰੁੱਪ ਵਲੋਂ ਸਮੇਂ-ਸਮੇਂ ’ਤੇ ਭੇਜੀ ਜਾ ਰਹੀ ਅਤੇ ਬਕਾਇਦਾ ਤਕਸੀਮ ਕੀਤੀ ਜਾ ਰਹੀ ਰਾਸ਼ਨ ਸਮੱਗਰੀ ਸਬੰਧੀ ਇਕ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਜੇ ਚੋਪੜਾ ਨੇ ਸੁਭਾਸ਼ ਗੋਇਲ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਸਵੰਧ ਕੱਢਣ ਦੀ ਰਵਾਇਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਗਈ ਸੀ ਤੇ ਅੱਜ ਸੁਭਾਸ਼ ਗੋਇਲ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਸਿੱਖਿਆ ’ਤੇ ਪਹਿਰਾ ਦਿੰਦੇ ਹੋਏ ਜੰਮੂ-ਕਸ਼ਮੀਰ ਦੇ ਸਰਹੱਦੀ ਲੋਕਾਂ ਲਈ ਇਹ ਰਾਹਤ ਸਮੱਗਰੀ ਦਾ ਟਰੱਕ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸੁਭਾਸ਼ ਗੋਇਲ ਦੇ ਪਰਿਵਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਖ਼ੁਦ ਅਪਣੇ ਪਰਿਵਾਰ ਸਮੇਤ ਹਿੰਦ ਸਮਾਚਾਰ ਗਰੁੱਪ ਦੀ ਟੀਮ ਨਾਲ ਜਾ ਕੇ ਜੰਮੂ-ਕਸ਼ਮੀਰ ਦੇ ਸਰਹੱਦੀ ਲੋਕਾਂ ਵਿਚ ਇਹ ਸਮੱਗਰੀ ਵੰਡਣ, ਤਾਂ ਜੋ ਗੋਇਲ ਪਰਿਵਾਰ ਨੂੰ ਦਸਵੰਦ ਕੱਢਣ ਵਾਲੀ ਖੁਸ਼ੀ ਅਤੇ ਤਸੱਲੀ ਦਾ ਅਹਿਸਾਸ ਹੋਰ ਜ਼ਿਆਦਾ ਹੋ ਸਕੇ ਅਤੇ ਪ੍ਰਮਾਤਮਾ ਗੋਇਲ ਪਰਿਵਾਰ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ। ਇਸ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਵਿਜੇ ਚੋਪੜਾ ਜੀ ਇਕ ਮਹਾਨ ਦਾਨੀ ਸੱਜਣ ਵਜੋਂ ਸਾਡੇ ਸਾਰਿਆਂ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ 1984 ਤੋਂ 1993 ਤੱਕ ਪੰਜਾਬ ਦੇ ਕਾਲੇ ਦੌਰ ਨੇ ਪੰਜਾਬ ਨੂੰ ਤਰੱਕੀ ਪੱਖੋਂ 50 ਸਾਲ ਪਿੱਛੇ ਧੱਕ ਦਿੱਤਾ ਪਰ ਜੰਮੂ ਕਸ਼ਮੀਰ ਵਿਚ ਤਾਂ 1947 ਤੋਂ ਲੈ ਕੇ ਹੁਣ ਤੱਕ ਗੋਲਾਬਾਰੀ ਚੱਲ ਰਹੀ ਹੈ। ਅੱਜ ਵੀ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲੇ ਕਰਵਾ ਕੇ ਜਾਨੀ ਅਤੇ ਮਾਲੀ ਨੁਕਸਾਨ ਵੱਡੀ ਪੱਧਰ ’ਤੇ ਕੀਤਾ ਜਾ ਰਿਹਾ ਹੈ।
ਜੰਮੂ-ਕਸ਼ਮੀਰ ਦੇ ਹਾਲਾਤ ਬਦਤਰ ਹੋ ਰਹੇ ਹਨ। ‘ਆਪ’ ਦੇ ਸੀਨੀਅਰ ਨੇਤਾ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦ ਸਮਾਚਾਰ ਗਰੁੱਪ ਵਲੋਂ ਜੰਮੂ-ਕਸ਼ਮੀਰ ਦੇ ਸਰਹੱਦੀ ਲੋਕਾਂ ਲਈ ਸ਼ੁਰੂ ਕੀਤੀ ਗਈ ਇਹ ਸੇਵਾ ਬੇਹੱਦ ਸ਼ਲਾਘਾਯੋਗ ਹੈ। ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਨੂੰ ਚੋਪੜਾ ਪਰਿਵਾਰ ਵਲੋਂ ਲਗਾਤਾਰ ਕੀਤੀ ਜਾ ਰਹੀ ਇਸ ਮਦਦ ਨਾਲ ਅਣਗਿਣਤ ਜ਼ਰੂਰਤਮੰਦ ਪਰਿਵਾਰਾਂ ਦਾ ਪਾਲਣ ਪੋਸ਼ਣ ਹੋ ਰਿਹਾ ਹੈ। ਸਵ. ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਇਟੀ ਦੀ ਚੇਅਰਪਰਸਨ ਜਗਜੀਤ ਕੌਰ ਕਾਹਲੋਂ ਨੇ ਕਿਹਾ ਕਿ ਹਿੰਦ ਸਮਾਚਾਰ ਗਰੁੱਪ ਅਤੇ ਗੋਇਲ ਪਰਿਵਾਰ ਦੇ ਇਸ ਸਮਾਜ ਸੇਵੀ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਡਿਪਟੀ ਮੇਅਰ ਬੇਦੀ ਨੇ ਵਿਜੇ ਚੋਪੜਾ ਜੀ ਦੇ ਪਰਿਵਾਰ ਵਲੋਂ ਜੰਮੂ-ਕਸ਼ਮੀਰ ਦੇ ਸਰਹੱਦੀ ਲੋਕਾਂ ਲਈ ਸ਼ੁਰੂ ਕੀਤੀ ਗਈ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੈਂ ਲੰਮੇ ਸਮੇਂ ਤੋਂ ਚੋਪੜਾ ਪਰਿਵਾਰ ਨਾਲ ਜੁੜਿਆ ਹੋਇਆ ਹਾਂ।
ਅੱਜ ਪੰਜਾਬ ਕੇਸਰੀ ਗਰੁੱਪ ਮੋਹਾਲੀ ਦੀ ਟੀਮ ਵਲੋਂ ਜੋ ਇਹ ਸਮਾਗਮ ਕਰਵਾਇਆ ਗਿਆ ਹੈ, ਉਹ ਸ਼ਲਾਘਾਯੋਗ ਕਦਮ ਹੈ। ਉੱਘੇ ਪੰਥਕ ਚਿੰਤਕ ਅਤੇ ਸੀਨੀਅਰ ਨੇਤਾ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰ ਵਿਚਲੇ ਲੋਕਾਂ ਦੀ ਮਦਦ ਲਈ ਜੋ ਸੁਭਾਸ਼ ਗੋਇਲ ਦੇ ਪਰਿਵਾਰ ਵਲੋਂ ਹਿੰਦ ਸਮਾਚਾਰ ਗਰੁੱਪ ਨੂੰ ਰਾਹਤ ਸਮੱਗਰੀ ਦਾ ਟਰੱਕ ਭੇਟ ਕੀਤਾ ਗਿਆ ਹੈ, ਉਹ ਸ਼ਲਾਘਾਯੋਗ ਹੈ। ਇਸ ਮੌਕੇ ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ ਸਾਬਕਾ ਡਿਪਟੀ ਮੇਅਰ ਰਾਉਰਕੇਲਾ (ਉੜੀਸਾ), ਸੁਰਿੰਦਰ ਸਿੰਘ ਰੋਡੇ ਸੋਹਣਾ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਰਜਿੰਦਰ ਸਿੰਘ ਕਾਹਲੋਂ ਸੇਵਾਮੁਕਤ ਆਰਮੀ ਅਧਿਕਾਰੀ, ਮਨਜੀਤ ਸਿੰਘ ਬਰਾੜ ਮਿਰਜ਼ੇ ਕੇ, ਹਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫੇਜ਼-11 ਮੋਹਾਲੀ, ਕਮਲਜੀਤ ਕੌਰ ਸੋਹਾਣਾ, ਜਸਵੀਰ ਕੌਰ ਅਤਲੀ, ਗੁਰਜੀਤ ਸਿੰਘ ਸ਼ੇਖਨਮਜਰਾ, ਹਰਦੀਪ ਕੌਰ ਪ੍ਰਧਾਨ ਦਿਸ਼ਾ ਟਰੱਸਟ, ਬਲਵਿੰਦਰ ਸਿੰਘ ਟੌਹੜਾ , ਰਾਜਵਿੰਦਰ ਸਿੰਘ ਗਿੱਲ ਪ੍ਰਧਾਨ ਭਾਈ ਜੈਤਾ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਦੇਵ ਸਿੰਘ, ਰਾਜੇਸ਼ ਮੌਂਗਾ ਮੌਂਗਾ ਐਡਵਰਟਾਈਜਰਸ, ਮੋਨਿਕਾ ਅਰੋੜਾ ਪ੍ਰਧਾਨ ਵੂਮੈਨ ਪਾਵਰ ਸੋਸਾਇਟੀ, ਉਘੇ ਪ੍ਰਾਪਰਟੀ ਕੰਸਲਟੈਂਟ ਆ. ਡੀ. ਸਿੰਘ, ਸਤਨਾਮ ਕੌਰ ਸ਼ੇਖਨਮਾਜਰਾ, ਰਵੀ ਬੱਬਰ, ਅਮਨਦੀਪ ਸਿੰਘ, ਸੰਦੀਪ ਸਿੰਘ, ਡੀ. ਐੱਸ. ਪੀ. ਹਰਸਿਮਰਤ ਸਿੰਘ ਬੱਲ ਤੇ ਐੱਸ. ਐੱਚ. ਓ. ਫੇਜ਼-11 ਮਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਟੇਜ ਸੰਚਾਲਨ ਦੀ ਸੇਵਾ ਆਰ. ਦੀਪ ਰਮਨ ਅਤੇ ਸਟੇਜ ਸੰਚਾਲਕ ਹਰਮਨਜੀਤ ਸਿੰਘ ਨੇ ਸਾਂਝੇ ਤੌਰ ’ਤੇ ਨਿਭਾਈ।