ਸਾਬਕਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਭੁਗਤ ਰਿਹਾ ਪੰਜਾਬ
Wednesday, Sep 13, 2017 - 03:41 AM (IST)
ਜਲੰਧਰ, (ਧਵਨ)- ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਸਾਬਕਾ ਅਕਾਲੀ ਸਰਕਾਰ ਦੀਆਂ ਗਲਤੀਆਂ ਦਾ ਖਮਿਆਜ਼ਾ ਪੰਜਾਬ ਭੁਗਤ ਰਿਹਾ ਹੈ। ਉਨ੍ਹਾਂ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਸਰਕਾਰ 'ਤੇ ਲਾਏ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ 5 ਮਹੀਨੇ ਦੇ ਸ਼ਾਸਨਕਾਲ ਦੀ ਤੁਲਨਾ ਸੁਖਬੀਰ ਕਿਸ ਤਰ੍ਹਾਂ ਆਪਣੇ 10 ਸਾਲਾਂ ਦੇ ਸ਼ਾਸਨਕਾਲ ਨਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਵਿਰਾਸਤ 'ਚ ਕੰਗਾਲ ਹੋ ਚੁੱਕਾ ਪੰਜਾਬ ਮਿਲਿਆ, ਜਿਸ ਨੂੰ ਸੁਧਾਰਨ ਲਈ ਸਰਕਾਰ ਵਲੋਂ ਠੋਸ ਕਦਮ ਚੁੱਕੇ ਗਏ ਹਨ। ਪਿਛਲੀ ਸਰਕਾਰ ਦੀ ਵਿੱਤੀ ਅਨੁਸ਼ਾਸਨਹੀਣਤਾ ਕਾਰਨ ਹੀ ਅੱਜ ਮੁਲਾਜ਼ਮਾਂ ਨੂੰ ਤਨਖਾਹ ਭੁਗਤਾਨ ਕਰਨ 'ਚ ਦੇਰੀ ਹੋ ਰਹੀ ਹੈ ਪਰ ਇਹ ਸਥਿਤੀ ਜ਼ਿਆਦਾ ਦੇਰ ਤਕ ਰਹਿਣ ਵਾਲੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ 'ਚ ਪੰਜਾਬ ਨੂੰ ਹਰ ਇਲਾਕੇ 'ਚ ਸਾਬਕਾ ਸਰਕਾਰ ਵਲੋਂ ਜੀਅ ਭਰ ਕੇ ਲੁੱਟਿਆ ਗਿਆ ਪਰ ਕਾਂਗਰਸ ਸਰਕਾਰ ਨੇ ਲੋਕਪਾਲ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ ਅਤੇ ਲੋਕਪਾਲ ਦੇ ਘੇਰੇ 'ਚ ਮੁੱਖ ਮੰਤਰੀ, ਮੰਤਰੀ ਅਤੇ ਅਧਿਕਾਰੀਆਂ ਨੂੰ ਲਿਆਂਦਾ ਗਿਆ ਹੈ। ਜੇਕਰ ਭ੍ਰਿਸ਼ਟਾਚਾਰ ਰੁਕ ਗਿਆ ਤਾਂ ਵਿਕਾਸ ਹੁਣ ਆਪਣੇ ਆਪ ਹੀ ਸਹੀ ਰਸਤੇ 'ਤੇ ਚਲ ਪਵੇਗਾ। ਸਰਕਾਰੀ ਸਕੀਮਾਂ ਦਾ ਲਾਭ ਸਿੱਧੇ ਗਰੀਬਾਂ ਤਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀ ਸਭ ਤੋਂ ਵੱਡੀ ਸਫਲਤਾ ਨਸ਼ਿਆਂ 'ਤੇ ਰੋਕ ਲਗਾਉਣ ਵਾਲੀ ਰਹੀ ਹੈ। ਸੂਬੇ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਸਖਤ ਕਦਮ ਚੁੱਕੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਦਲਿਤਾਂ ਲਈ ਵੀ ਸਰਕਾਰ ਨੇ ਫੈਸਲਾ ਲੈਂਦੇ ਹੋਏ ਸਰਕਾਰੀ ਸਕੀਮਾਂ 'ਚ ਅਨੁਸੂਚਿਤ ਜਾਤੀਆਂ ਲਈ ਰਾਖਵੇਂਕਰਨ ਨੂੰ 15 ਫੀਸਦੀ ਤੋਂ ਵਧਾ ਕੇ 30 ਫੀਸਦੀ ਕਰ ਦਿੱਤਾ ਗਿਆ ਹੈ। ਲੋਕਲ ਬਾਡੀਜ਼ ਸੰਸਥਾਵਾਂ 'ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਰੀਅਲ ਅਸਟੇਟ ਸੈਕਟਰ ਦਾ ਪੱਧਰ ਵੀ ਉੱਚਾ ਚੁੱਕ ਕੇ ਕੁਲੈਕਟਰ ਰੇਟ ਘਟਾਏ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਜਿਥੇ ਇਸ ਵਾਰ ਠੇਕਿਆਂ ਦੀ ਨਿਲਾਮੀ ਨਾਲ 1016 ਕਰੋੜ ਦਾ ਮਾਲੀਆ ਹਾਸਲ ਕੀਤਾ, ਉਥੇ ਫਸਲਾਂ ਦੀ ਖਰੀਦ ਵੀ ਠੀਕ ਢੰਗ ਨਾਲ ਹੋਈ। ਕਾਨੂੰਨ ਵਿਵਸਥਾ ਦੇ ਫਰੰਟ 'ਤੇ ਵੀ ਹੁਣ ਪੂਰੀ ਸਖਤੀ ਕੀਤੀ ਗਈ ਹੈ। ਕਾਂਗਰਸ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਸੂਬੇ 'ਚ ਮੌਜੂਦਾ ਉਦਯੋਗਾਂ ਨੂੰ ਨਵੇਂ ਉਦਯੋਗਾਂ ਦੇ ਬਰਾਬਰ ਰਿਆਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਸਰਕਾਰ ਨੇ ਗੁਰਦਾਸਪੁਰ ਅਤੇ ਮਾਨਸਾ 'ਚ ਦੋ ਨਵੇਂ ਸੈਨਿਕ ਸਕੂਲਾਂ ਨੂੰ ਆਪਣੀ ਹਰੀ ਝੰਡੀ ਦੇ ਦਿੱਤੀ ਹੈ।
