Punjab: ਹੁਣ ਪ੍ਰਵਾਸੀਆਂ ਦੇ ਹੱਕ ''ਚ ਪੈਣ ਲੱਗੇ ਮਤੇ! ਆਖ਼ੀਆਂ ਗਈਆਂ ਇਹ ਗੱਲਾਂ

Monday, Sep 22, 2025 - 01:29 PM (IST)

Punjab: ਹੁਣ ਪ੍ਰਵਾਸੀਆਂ ਦੇ ਹੱਕ ''ਚ ਪੈਣ ਲੱਗੇ ਮਤੇ! ਆਖ਼ੀਆਂ ਗਈਆਂ ਇਹ ਗੱਲਾਂ

ਮੁੱਲਾਂਪੁਰ ਦਾਖਾ (ਕਾਲੀਆ)- ਹੁਸ਼ਿਆਰਪੁਰ ਵਿਚ ਮਾਸੂਮ ਬੱਚੇ ਦੇ ਵਹਿਸ਼ੀ ਕਤਲਕਾਂਡ ਮਗਰੋਂ ਜਿੱਥੇ ਵੱਖ-ਵੱਖ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਦੇ ਖ਼ਿਲਾਫ਼ ਮਤੇ ਪਾਏ ਜਾ ਰਹੇ ਹਨ, ਉੱਥੇ ਹੀ ਹੁਣ ਇਕ ਘਟਨਾ ਲਈ ਪੂਰੇ ਵਰਗ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਖ਼ਿਲਾਫ਼ ਵੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਇਸੇ ਲੜੀ ਤਹਿਤ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਥੇਬੰਦੀ ਦੇ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜਥੇਦਾਰ ਗੁਰਮੇਲ ਸਿੰਘ ਢੱਟ, ਡਾ. ਗੁਰਮੇਲ ਸਿੰਘ ਕੁਲਾਰ, ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ ਤੇ ਜਸਵੰਤ ਸਿੰਘ ਮਾਨ ਨੇ ਹੁਸ਼ਿਆਰਪੁਰ ਵਹਿਸ਼ੀ ਕਤਲ ਕਾਂਡ ਅਤੇ ਮੌਜੂਦਾ ਪੰਜਾਬ ਪਰਸਥਿਤੀ ਦੇ ਪ੍ਰਸੰਗ ''ਚ ਡੂੰਘੇ, ਗੰਭੀਰ ਤੇ ਭਰਵੇਂ ਵਿਚਾਰ ਅਤੇ ਨਿਗਰ ਸੁਝਾਅ ਪੇਸ਼ ਕੀਤੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਮੀਟਿੰਗ ’ਚ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ ਪਹਿਲੇ ਮਤੇ ਰਾਹੀਂ ਹੁਸ਼ਿਆਰਪੁਰ ਵਿਖੇ 5 ਸਾਲਾ ਮਾਸੂਮ ਬੱਚੇ ਦੇ ਵਹਿਸ਼ੀਅਆਨਾ ਕਤਲ ਦੇ ਖੂੰਖਾਰ ਦੋਸ਼ੀ ਨੂੰ ਫਾਸਟ ਟਰੈਕ ਕੋਰਟ ਰਾਹੀਂ ਜਲਦੀ ਤੇ ਸਖ਼ਤ ਸਜ਼ਾ ਦੇਣ ਦੀ ਪੁਰਜੋਰ ਮੰਗ ਕੀਤੀ ਗਈ ਅਤੇ ਪੰਜਾਬ ਸਰਕਾਰ ਪਾਸੋਂ ਬਾਹਰਲੇ ਮਾੜੇ ਅਪਰਾਧਕ ਅਨਸਰਾਂ ਦਾ ਦਾਖਲਾ ਬੰਦ ਕਰਨ ਦੀ ਮੰਗ ਕੀਤੀ ਗਈ।

ਇਸ ਦੇ ਨਾਲ ਹੀ ਕਿਹਾ ਹੈ ਕਿ ਇੰਨੇ ਦਰਿੰਦਾਈ ਕਤਲ ਕਾਂਡ ਦੇ ਦੋਸ਼ੀ ਦਾ ਪੰਜਾਬ ਪੁਲਸ ਵੱਲੋਂ ਕੇਵਲ 2 ਦਿਨ ਦਾ ਰਿਮਾਂਡ ਮੰਗਣਾ ਕਿਸੇ ਸੰਭਾਵੀ ਪੰਜਾਬ ਵਿਰੋਧੀ ਵੱਡੀ ਸਾਜਿਸ਼ ਦੀ ਸਿਰੇ ਦੀ ਡੂੰਘੀ ਤੇ ਵਿਸਥਾਰੀ ਜਾਂਚ ਪੜਤਾਲ ਨਾ ਕਰਨਾ, ਮਸਲੇ ਨੂੰ ਅੱਤ ਗੰਭੀਰ ਤੇ ਸ਼ੱਕੀ ਬਣਾਉਂਦਾ ਹੈ। ਸੋ ਮਾਣਯੋਗ ਪੰਜਾਬ/ ਹਰਿਆਣਾ ਹਾਈਕੋਰਟ ਕੋਲੋਂ ਮੰਗ ਕੀਤੀ ਗਈ ਕਿ ਉਹ ਇਸ ਮੁੱਦੇ ਦਾ ਸੂਓ- ਮੋਟੋ ਨੋਟਿਸ ਲੈ ਕੇ ਆਪਦੇ ਸਿਟਿੰਗ ਜੱਜ ਕੋਲੋਂ ਸਮਾਂਬੱਧ ਨਿਆਂਇਕ ਜਾਂਚ ਕਰਵਾਵੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਦੇ ਵੱਡੇ ਲੀਡਰ ਦੇ ਭਰਾ ਖ਼ਿਲਾਫ਼ ਐਕਸ਼ਨ! ਜਾਣੋ ਪੂਰਾ ਮਾਮਲਾ

ਦੂਜੇ ਮਤੇ ਰਾਹੀਂ ਜਥੇਬੰਦੀ ਨੇ ਕਿਹਾ ਕਿ ਕਿਸੇ ਇਕ ਜਾਲਮ ਦੋਸ਼ੀ ਬਦਲੇ ਕਿਸੇ ਸਮੁੱਚੇ ਕਿਰਤੀ ਵਰਗ ਨੂੰ ਦੋਸ਼ੀ ਠਹਿਰਾਉਣਾ ਨਿਆਂ ਦੇ ਤਕਾਜ਼ੇ ਅਨੁਸਾਰ ਕਦਾਚਿੱਤ ਵੀ ਵਾਜਬ ਤੇ ਭੋਰਾ ਭਰ ਵੀ ਤਰਕ ਭਰਪੂਰ ਨਹੀਂ ਹੈ, ਜਦੋਂ ਪੰਜਾਬੀ ਭਾਈਚਾਰੇ ਦਾ ਕੋਈ ਬੰਦਾ ਬਾਹਰਲੇ ਸੂਬੇ ਜਾਂ ਮੁਲਕ 'ਚ ਕੋਈ ਵਹਿਸ਼ੀ ਕਾਰਾ ਕਰਦਾ ਹੈ ਤਾਂ ਕੀ ਅਸੀਂ ਸਾਰੇ ਦੋਸ਼ੀਆਂ ਦੀ ਕਤਾਰ ਵਿਚ ਜਾ ਖੜ੍ਹੇ ਹੁੰਦੇ ਹਾਂ? ਤੀਜੇ ਮਤੇ ਰਾਹੀਂ ਦਰਸਾਇਆ ਗਿਆ ਕਿ ਪੰਜਾਬ ਦੀ ਖੇਤੀ, ਡੇਅਰੀ ਤੇ ਕਾਰਖਾਨੇਦਾਰੀ (ਇੰਡਸਟਰੀ) 80 ਤੋਂ 90% ਪ੍ਰਵਾਸੀ ਮਜ਼ਦੂਰ ਵਰਗ ਦੇ ਸਿਰ 'ਤੇ ਚਲਦੀ ਹੈ, ਸੋ ਇਸ ਵਰਗ ਦੀ ਕਿਰਤ ਦੀ ਗੈਰ ਮੌਜੂਦਗੀ ਵਾਲਾ ਰਾਹ ਪੰਜਾਬ ਦੀ ਆਰਥਿਕਤਾ ਦੀ ਤਬਾਹੀ ਵੱਲ ਨੂੰ ਜਾਂਦੇ ਰਾਹ ਤੋਂ ਬਗੈਰ ਹੋਰ ਕੁਝ ਵੀ ਨਹੀਂ।

ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਕਲਾਰ, ਮਲਕੀਤ ਸਿੰਘ ਢੱਟ, ਗੁਰਦੀਪ ਸਿੰਘ ਮੰਡਿਆਣੀ, ਬਲਦੇਵ ਸਿੰਘ ਪੰਡੋਰੀ ,ਅਮਰਜੀਤ ਸਿੰਘ ਖੰਜਰਵਾਲ, ਗੁਰਚਰਨ ਸਿੰਘ ਤਲਵੰਡੀ, ਗੁਰਪਾਲ ਸਿੰਘ ਤਲਵੰਡੀ, ਹਰਪਾਲ ਸਿੰਘ ਸਵੱਦੀ, ਸੋਹਣ ਸਿੰਘ ਸਵੱਦੀ ਸ਼ਾਮਲ ਹੋਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News