ਪੈਨਸ਼ਨ ਰਾਸ਼ੀ ਵਧਾਉਣ ਦੀ ਮੰਗ ਸਬੰਧੀ ਅਸੂਲ ਮੰਚ ਪੰਜਾਬ ਨੇ ਖੜਕਾਈਅਾਂ ਥਾਲੀਆਂ

08/20/2018 1:50:44 AM

 ਜਲਾਲਾਬਾਦ, (ਬਜਾਜ, ਬੰਟੀ, ਟੀਨੂੰ, ਦੀਪਕ, ਨਿਖੰਜ, ਸੇਤੀਆ, ਜਤਿੰਦਰ)– ਅਸੂਲ ਮੰਚ ਪੰਜਾਬ ਵੱਲੋਂ ਅੰਗਹੀਣ, ਬੁਢੇਪਾ ਅਤੇ ਵਿਧਵਾ ਪੈਨਸ਼ਨ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਸਮੇਤ ਹੋਰਨਾਂ ਜਾਇਜ਼ ਮੰਗਾਂ ਦੇ ਨਿਪਟਾਰੇ ਦੀ ਮੰਗ  ਸਬੰਧੀ ਵੱਖ-ਵੱਖ ਪਿੰਡਾਂ ’ਚ ਥਾਲੀਆਂ ਖਡ਼ਕਾ ਕੇ ਅੰਦੋਲਨ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਅੱਜ ਜਲਾਲਾਬਾਦ ਦੇ ਪਿੰਡ ਫੱਤੂਵਾਲਾ, ਹਜਾਰਾ ਰਾਮ ਸਿੰਘ ਵਾਲਾ, ਬਾਹਮਣੀਵਾਲਾ, ਬੁੱਧੋਕੇ, ਹੋਜ ਖਾਸ, ਛੱਪਡ਼ੀਵਾਲਾ, ਕਾਲੂ ਵਾਲਾ, ਪੱਖੀਆਂ, ਮੋਜਾ, ਲਮੋਚਡ਼੍ਹ, ਲਾਧੂਕਾ, ਫਤਿਹਗਡ਼੍ਹ, ਗੰਧਡ਼, ਝੋਕ ਡਿੱਪੂਲਾਣਾ ਆਦਿ ਪਿੰਡਾਂ ਵਿਚ ਥਾਲੀਆਂ ਖਡ਼ਕਾ ਕੇ ਸਰਕਾਰ ਨੂੰ ਜਗਾਉਣ ਲਈ ਪ੍ਰਦਰਸ਼ਨ ਕੀਤੇ ਗਏ ਹਨ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਗਹੀਣ ਯੂਨੀਅਨ ਜਲਾਲਾਬਾਦ ਦੇ ਪ੍ਰਧਾਨ ਮਲੂਕ ਸਿੰਘ ਅੌਲਖ, ਮੰਗਲ ਸਿੰਘ, ਗੁਰਵਿੰਦਰ ਸਿੰਘ, ਬੰਟੀ ਪੰਜੇਕੇ, ਪੂਰਨ ਸਿੰਘ ਫਲੀਆਂਵਾਲਾ, ਮੰਗਲ ਸਿੰਘ ਸਵਰਨ ਕੇ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਦੌਰਾਨ ਅੰਗਹੀਣ, ਬੁਢੇਪਾ ਅਤੇ ਵਿਧਵਾ ਪੈਨਸ਼ਨ ਦੀ ਰਾਸ਼ੀ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਤ੍ਰਾਂਸਦੀ ਇਹ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ  ਇਕ ਸਾਲ ਤੋਂ ਵੱਧ ਦਾ ਸਮੇਂ ਤੋਂ ਸੱਤਾ ’ਤੇ ਵਿਰਾਜਮਾਨ ਹੈ ਅਤੇ  ੳੁਸ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੁੱਧ ਅਸੂਲ ਮੰਚ ਪੰਜਾਬ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਸੇ ਲਡ਼ੀ ਤਹਿਤ ਅਸੂਲ ਮੰਚ ਵੱਲੋਂ ਚੰਡੀਗਡ਼੍ਹ ਵਿਖੇ 15  ਤੋਂ 20 ਅਗਸਤ  ਤੱਕ ਪੱਕਾ ਧਰਨਾ ਚੱਲ ਰਿਹਾ ਹੈ, ਉਥੇ ਇਸ ਦੇ ਨਾਲ ਹੀ 10 ਅਗਸਤ  ਤੋਂ ਜ਼ਿਲਾ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ’ਚ ਥਾਲੀਆਂ ਖਡ਼ਕਾ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 60 ਦੇ ਕਰੀਬ ਪਿੰਡਾਂ ’ਚ ਇਹ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਅਤੇ ਕੁੰਭਕਰਨ ਦੀ ਨੀਂਦ ’ਚ ਸੁੱਤੀ ਪਈ ਸੂਬੇ ਦੀ ਕਾਂਗਰਸ ਸਰਕਾਰ ਨੂੰ ਥਾਲੀਆਂ ਖਡ਼ਕਾ ਕੇ ਜਗਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਸੂਲ ਮੰਚ ਪੰਜਾਬ ਦੀਆਂ ਮੰਗਾਂ ਦਾ ਹੱਲ ਤੁਰੰਤ ਨਾ ਹੋਇਆ ਤਾਂ ਇਸ ਤੋਂ ਬਾਅਦ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਮੰਗਾਂ ਦੇ ਨਿਪਟਾਰੇ ਤੱਕ ਜਾਰੀ ਰੱਖਿਆ ਜਾਵੇਗਾ। ਇਸ ਲਈ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ।


Related News