ਪਿੱਛਲੀ ਸਰਕਾਰ ਸਮੇਂ ਦਰਜ ਝੂਠੇ ਕੇਸਾਂ ਦੀ ਜਾਂਚ ਕਰਵਾ ਰਹੀ ਹੈ ਪੰਜਾਬ ਸਰਕਾਰ : ਕੈਪਟਨ
Sunday, Jul 19, 2020 - 11:27 AM (IST)
ਜਲਾਲਾਬਾਦ,(ਸੇਤੀਆ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ-ਕੈਪਟਨ ਨੂੰ ਪੁੱਛੋ ਦੌਰਾਨ ਸੂਬੇ ਦੇ ਲੋਕਾਂ ਦੇ ਰੁਬਰੂ ਹੁੰਦਿਆਂ ਕਿਹਾ ਕਿ ਪਿੱਛਲੀ ਸਰਕਾਰ ਵੱਲੋਂ ਦਰਜ ਕੀਤੇ ਝੂਠੇ ਕੇਸਾਂ ਦੀ ਜਾਂਚ ਲਈ ਉਨ੍ਹਾਂ ਦੀ ਸਰਕਾਰ ਨੇ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੋਇਆ ਹੈ।
ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਨਰਿੰਦਰ ਕੁਮਾਰ ਭਾਦੂ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ 2017 ਵਿਚ ਸਰਕਾਰ ਬਣਨ ਤੋਂ ਬਾਅਦ ਹੀ ਉਨ੍ਹਾਂ ਨੇ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ ਜੋ ਕਿ ਅਜਿਹੇ ਝੂਠੇ ਕੇਸਾਂ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਮਿਸ਼ਨ ਕੋਲ 4341 ਕੇਸ ਜਾਂਚ ਲਈ ਆਏ ਸਨ, ਜਿੰਨ੍ਹਾਂ 'ਚੋਂ 3560 ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 260 ਕੇਸਾਂ ਨੂੰ ਰੱਦ ਕਰਨ ਦੀ ਸਿਫਾਰਸ਼ ਵੀ ਕਮਿਸ਼ਨ ਕਰ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਨਾਲ ਵੀ ਜਿਆਦਤੀ ਨਾ ਹੋਵੇ ਅਤੇ ਕਾਨੂੰਨ ਆਪਣਾ ਕੰਮ ਕਰੇ।
ਇਸ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਡਾਕਟਰੀ ਸਲਾਹਾਂ ਦਾ ਪਾਲਣ ਕਰਨ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਅਸੀ ਮਾਸਕ ਦੀ ਲਾਜ਼ਮੀ ਤੌਰ ਤੇ ਵਰਤੋਂ ਕਰੀਏ ਤਾਂ ਇਸ ਬਿਮਾਰੀ ਦੇ ਖਤਰੇ ਨੂੰ ਬਹੁਤ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।