ਬਿਜਲੀ ਦਰਾਂ ਦੀਆਂ ਕੀਮਤਾਂ ''ਚ ਵਾਧੇ ਦੇ ਖਿਲਾਫ ''ਆਪ'' ਵਲੋਂ ਪਟਿਆਲਾ ''ਚ ਪ੍ਰਦਰਸ਼ਨ

10/27/2017 2:50:32 PM

ਪਟਿਆਲਾ (ਇੰਦਰਜੀਤ ਬਕਸ਼ੀ) — ਪੰਜਾਬ ਸਰਕਾਰ ਵਲੋਂ ਬਿਜਲੀ ਦੇ ਬਿੱਲਾਂ 'ਚ ਵਾਧੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਪਟਿਆਲਾ ਦੇ ਬਿਜਲੀ ਨਿਗਮ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਗਿਆ, ਜਿਸ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ, 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਅਮਨ ਅਰੋੜਾ ਸਮੇਤ ਲਗਭਗ ਸਾਰੇ ਐੱਮ. ਐੱਲ. ਏ. ਸ਼ਾਮਲ ਹੋਏ ਤੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜਦ ਤਕ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਉਦੋਂ ਤਕ ਉਹ ਆਪਣਾ ਪ੍ਰਦਰਸ਼ਨ ਜਾਰੀ ਰਖਣਗੇ। 
ਸੁਖਪਾਲ ਖਹਿਰਾ ਨੇ ਇਸ ਨੂੰ ਤਾਲੀਬਾਨੀ ਫੈਸਲਾ ਦੱਸਿਆ
ਇਸ ਧਰਨਾ ਪ੍ਰਦਰਸ਼ਨ 'ਚ ਸ਼ਾਮਲ ਹੋਣ ਆਏ ਸੁਖਪਾਲ ਖਹਿਰਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਜਨਤਾ 'ਤੇ ਢਾਈ ਹਜ਼ਾਰ ਕਰੋੜ ਰੁਪਏ ਦਾ ਫਾਲਤੂ ਭਾਰ ਪਾਇਆ ਗਿਆ ਹੈ, ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਵਧੀਆਂ ਹੋਈਆਂ ਕੀਮਤਾਂ ਅਪ੍ਰੈਲ 2017 ਤੋਂ ਲਾਗੂ ਹੋਣਗੀਆਂ ਗਰੀਬ ਜਨਤਾ ਇਕੋ ਵਾਰ ਇੰਨੀ ਵਧੀ ਹੋਈ ਕੀਮਤ ਕਿਵੇਂ ਭਰੇਗੀ, ਜਿਸਦੇ ਲਈ ਉਹ ਅੱਜ ਨਿਗਮ ਦੇ ਬਾਹਰ ਧਰਨੇ ਦੇ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਸਰਕਾਰ 800 ਸਕੂਲ ਬੰਦ ਕਰਨ 'ਚ ਲੱਗੀ ਹੈ, ਜਦ ਕਿ ਸਰਕਾਰ ਦਾ ਕੰਮ ਸਿੱਖਿਆ ਦਾ ਪ੍ਰਸਾਰ ਕਰਨਾ ਹੁੰਦਾ ਹੈ, ਉਨ੍ਹਾਂ ਨੇ ਹਰ ਖੇਤਰ 'ਚ ਕਾਂਗਰਸ ਨੂੰ ਫੈਲ ਦੱਸਿਆ। ਪੰਜਾਬ ਸਰਕਾਰ ਲੋਕ ਮਾਰੂ ਨੀਤੀਆਂ ਨੂੰ ਲੈ ਕੇ ਆ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਜੇਕਰ ਨਿਗਮ ਦਾ ਕਰਜ਼ ਵੱਧ ਰਿਹਾ ਹੈਤਾਂ ਸਰਕਾਰ ਉਨ੍ਹਾਂ ਨੂੰ ਸਬਸਿਡੀ ਦੇਵੇ।
ਇਸ ਮੌਕੇ ਭਗਵੰਤ ਮਾਨ ਨੇ ਦੱਸਿਆ ਕਿ ਪਿਛਲੇ 6 ਮਹੀਨੇ ਤੋਂ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੌਕਰੀ ਤਾਂ ਕੀ ਦੇਣੀ ਸੀ ਉਪਰੋਂ ਵਧੇ ਹੋਏ ਬਿਜਲੀ ਦੇ ਬਿੱਲ ਦੇ ਦਿੱਤੇ। ਮਾਨ ਨੇ ਕਿਹਾ ਕਿ ਪੰਜਾਬ 'ਚ ਇਕ ਵਾਰ ਫਿਰ ਲੋਕਾਂ ਨੇ ਕਾਲੇ ਝੰਡੇ ਚੁੱਕ ਲਏ ਜੋ ਅਕਾਲੀ ਦਲ ਦੇ ਸਮੇਂ ਚੁੱਕੇ ਸਨ। ਫਰਕ ਸਿਰਫ ਇੰਨਾ ਹੈ ਕਿ ਇਹ ਧਰਨੇ ਪਹਿਲਾਂ ਬਠਿੰਡਾ ਲਗਦੇ ਸਨ ਹੁਣ ਪਟਿਆਲਾ 'ਚ ਲੱਗਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਕਿਹਾ।


Related News