ਪਿੰਡ ਵਾਸੀਆਂ ਲਾਏ ਸਰਪੰਚਨੀ ''ਤੇ ਆਪਣੇ ਚਹੇਤਿਆਂ ਦਾ ਮਤਾ ਪਾਸ ਕਰਨ ਦੇ ਦੋਸ਼

Thursday, Feb 15, 2018 - 12:51 AM (IST)

ਪਿੰਡ ਵਾਸੀਆਂ ਲਾਏ ਸਰਪੰਚਨੀ ''ਤੇ ਆਪਣੇ ਚਹੇਤਿਆਂ ਦਾ ਮਤਾ ਪਾਸ ਕਰਨ ਦੇ ਦੋਸ਼

ਜਲਾਲਾਬਾਦ(ਬੰਟੀ)—ਪੰਜਾਬ ਸਰਕਾਰ ਵੱਲੋਂ ਬੇਘਰੇ ਅਤੇ ਜ਼ਰੂਰਤਮੰਦ ਲੋਕਾਂ ਲਈ 5-5 ਮਰਲੇ ਜਗ੍ਹਾ ਦੇਣ ਦੀ ਸਕੀਮ ਕੱਢੀ ਗਈ ਹੈ ਤਾਂ ਜੋ ਬੇਘਰੇ ਲੋਕ ਆਪਣੇ ਮਕਾਨ ਪਾ ਕੇ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕਣ, ਜਿਸ ਦੀ ਹਰ ਵਰਗ ਸ਼ਲਾਘਾ ਕਰ ਰਿਹਾ ਹੈ ਪਰ ਇਨ੍ਹਾਂ ਗਰੀਬਾਂ ਦੇ ਹੱਕਾਂ 'ਤੇ ਡਾਕਾ ਮਾਰਨੋਂ ਕੁਝ ਸਰਮਾਏਦਾਰ ਲੋਕ ਬਾਜ਼ ਨਹੀਂ ਆਉਂਦੇ, ਜਿਸ ਦੀ ਮਿਸਾਲ ਮਿਲਦੀ ਹੈ ਜਲਾਲਾਬਾਦ ਦੇ ਨਜ਼ਦੀਕੀ ਪਿੰਡ ਟਿਵਾਣਾ ਕਲਾਂ ਤੋਂ। ਇਸ ਸਬੰਧੀ ਹਲਫੀਆ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ (ਬਿੱਟੂ) ਪੁੱਤਰ ਮੁਨਸ਼ਾ ਸਿੰਘ, ਬਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਮਹਿੰਦਰ ਸਿੰਘ ਪੁੱਤਰ ਈਸ਼ਰ ਸਿੰਘ ਵਾਸੀਆਨ ਟਿਵਾਣਾ ਕਲਾਂ ਤੇ ਕੁਝ ਹੋਰ ਪਿੰਡ ਵਾਸੀਆਂ ਨੇ ਪਿੰਡ ਦੀ ਸਰਪੰਚ ਮਹਿੰਦਰ ਕੌਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ 5-5 ਮਰਲੇ ਪਲਾਟਾਂ ਦੀ ਸਕੀਮ ਸਬੰਧੀ ਪਹਿਲਾਂ ਤਾਂ ਪਿੰਡ 'ਚ ਅਨਾਊਂਸਮੈਂਟ ਹੀ ਨਹੀਂ ਕਰਵਾਈ ਗਈ ਕਿ ਇਹ ਸਕੀਮ ਆਈ ਹੈ ਤੇ ਗਰੀਬ ਪਰਿਵਾਰ ਇਸ ਦਾ ਫਾਇਦਾ ਲੈ ਸਕਣ ਅਤੇ ਜੋ ਪਿੰਡ 'ਚ ਬੇਘਰੇ ਲੋਕ ਹਨ, ਸਰਪੰਚਨੀ ਵੱਲੋਂ ਉਨ੍ਹਾਂ ਦਾ ਮਤਾ ਨਾ ਪਾ ਕੇ ਆਪਣੇ ਚਹੇਤਿਆਂ ਦਾ ਮਤਾ ਪਾ ਦਿੱਤਾ ਗਿਆ ਹੈ, ਜਿਨ੍ਹਾਂ ਦੇ ਆਪਣੇ ਘਰ ਤੇ ਜ਼ਮੀਨਾਂ ਹਨ। ਉਨ੍ਹਾਂ ਕਿਹਾ ਕਿ ਇਹ ਸ਼ਰੇਆਮ ਲੋਕਾਂ ਅਤੇ ਸਰਕਾਰ ਨਾਲ ਧੋਖਾ ਹੈ, ਜਿਸ ਦੀ ਪੜਤਾਲ ਹੋਣੀ ਚਾਹੀਦੀ ਹੈ, ਜਿਸ ਸਬੰਧੀ ਉਨ੍ਹਾਂ ਲਿਖਤੀ ਸ਼ਿਕਾਇਤ ਡੀ. ਸੀ. ਸਾਹਿਬ ਫਾਜ਼ਿਲਕਾ, ਐੱਸ. ਡੀ. ਐੱਮ. ਸਾਹਿਬ ਜਲਾਲਾਬਾਦ ਅਤੇ ਬੀ. ਡੀ. ਪੀ. ਓ. ਜਲਾਲਾਬਾਦ ਨੂੰ ਡਾਕ ਰਾਹੀਂ ਭੇਜ ਦਿੱਤੀ ਹੈ।   
ਕੀ ਕਹਿਣਾ ਹੈ ਸਰਪੰਚਨੀ ਦੇ ਪਤੀ ਦਾ
ਇਸ ਸਬੰਧੀ ਸਰਪੰਚਨੀ ਨਾਲ ਗੱਲ ਕਰਨੀ ਚਾਹੀ ਤਾਂ ਉਸ ਦੇ ਪਤੀ ਦੇਸਾ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਸਾਰੇ ਗਰੀਬ ਪਰਿਵਾਰਾਂ ਦਾ ਮਤਾ ਪਾ ਰਹੇ ਹਨ ਤੇ ਇਹ ਮਤਾ ਉਹ ਡੀ. ਸੀ. ਸਾਹਿਬ ਨੂੰ ਦੇਣਗੇ ਜੋ ਇਸ ਦੇ ਹੱਕਦਾਰ ਹੋਣਗੇ, ਉਨ੍ਹਾਂ ਨੂੰ ਪਲਾਟ ਮਿਲ ਜਾਣਗੇ ਤੇ ਉਸ ਨੇ ਕਿਸੇ ਵੀ ਆਪਣੇ ਚਹੇਤੇ ਦੇ ਫਾਰਮ ਨਹੀਂ ਭਰੇ।


Related News