ਲਾਡੋਵਾਲ ਟੋਲ ਪਲਾਜ਼ਾ ਨੇੜੇ ਨੌਜਵਾਨ ਦਾ ਕਤਲ! ਪਰਿਵਾਰ ਨੇ ਲਾਏ ਸਨਸਨੀਖੇਜ਼ ਦੋਸ਼

Monday, Apr 06, 2026 - 12:22 PM (IST)

ਲਾਡੋਵਾਲ ਟੋਲ ਪਲਾਜ਼ਾ ਨੇੜੇ ਨੌਜਵਾਨ ਦਾ ਕਤਲ! ਪਰਿਵਾਰ ਨੇ ਲਾਏ ਸਨਸਨੀਖੇਜ਼ ਦੋਸ਼

ਲੁਧਿਆਣਾ (ਰਾਜ): ਲਾਡੋਵਾਲ ਟੋਲ ਪਲਾਜ਼ਾ ਨੇੜੇ ਉਸ ਵੇਲੇ ਦਹਿਸ਼ਤ ਫ਼ੈਲ ਗਈ, ਜਦੋਂ ਸਾਬਕਾ ਸਰਪੰਚ ਦੀ ਜ਼ਮੀਨ ਨੇੜੇ ਇਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ ਵਿਚ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਵਜੋਂ ਹੋਈ ਹੈ, ਜਿਸ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਦੋਸ਼ ਲੱਗ ਰਹੇ ਹਨ। ਇਸ ਰੂਹ ਕੰਬਾਊ ਘਟਨਾ ਮਗਰੋਂ ਥਾਣਾ ਲਾਡੋਵਾਲ ਦੀ ਪੁਲਸ ਨੇ ਪਿੰਡ ਤਲਵੰਡੀ ਦੇ ਰਹਿਣ ਵਾਲੇ ਅਨੂਪ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। 

ਮ੍ਰਿਤਕ ਦੀ ਮਾਂ ਮੰਜੂ ਦੇਵੀ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਮਿਤ ਸ਼ਰਾਬ ਦਾ ਆਦੀ ਸੀ ਤੇ ਅਕਸਰ ਬਾਹਰ ਰਹਿੰਦਾ ਸੀ। ਉਹ ਬੀਤੀ 28 ਮਾਰਚ ਨੂੰ ਆਪਣੇ ਦੋਸਤਾਂ ਦੇ ਨਾਲ ਘੁੰਮਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ। ਜਦੋਂ ਉਹ ਦੇਰ ਰਾਤ ਤਕ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੂੰ ਫ਼ਿਕਰ ਸਤਾਉਣ ਲੱਗ ਪਈ। ਇਸ ਵਿਚਾਲੇ ਅਗਲੇ ਦਿਨ ਦੁਪਹਿਰ ਤਕਰੀਬਨ 3 ਵਜੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਅਮਿਤ ਦੀ ਲਾਸ਼ ਟੋਲ ਪਲਾਜ਼ਾ ਨੇੜੇ ਸਾਬਕਾ ਸਰਪੰਚ ਬਾਦਸ਼ਾਹ ਸਿੰਘ ਦੀ ਜ਼ਮੀਨ ਦੇ ਕੰਢੇ ਲੱਗੀ ਲੋਹੇ ਦੀ ਵਾੜ ਤੇ ਐਂਗਲਾਂ ਨੇੜੇ ਪਈ ਹੈ। ਜਦੋਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਮੰਜ਼ਰ ਬੇਹੱਦ ਖ਼ੌਫ਼ਨਾਕ ਸੀ। ਅਮਿਤ ਦੇ ਸ਼ਰੀਰ 'ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸਨ ਜੋ ਸਾਫ਼ ਤੌਰ 'ਤੇ ਕਿਸੇ ਵੱਡੀ ਸਾਜ਼ਿਸ਼ ਤੇ ਹਮਲੇ ਦੀ ਗਵਾਹੀ ਦੇ ਰਹੇ ਸਨ। 

ਪਰਿਵਾਰ ਨੇ ਪੁਲਸ ਦੇ ਸਾਹਮਣੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਕੋਈ ਹਾਦਸਾ ਨਹੀਂ, ਸਗੋਂ ਇਕ ਸੋਚੀ-ਸਮਝੀ ਸਾਜ਼ਿਸ਼ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਅਨੂਪ ਸਿੰਘ ਨਾਂ ਦੇ ਵਿਅਕਤੀ ਨੇ ਕੀਤਾ ਹੈ। ਪੁਲਸ ਨੇ ਫ਼ਿਲਹਾਲ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਛੇਤੀ ਹੀ ਸਲਾਖਾਂ ਪਿੱਛੇ ਭੇਜਿਆ ਜਾਵੇਗਾ। 


author

Anmol Tagra

Content Editor

Related News