''ਜਗਬਾਣੀ’ ''ਚ ਖ਼ਬਰ ਛਪਣ ਮਗਰੋਂ ਪਿੰਡ ਨੂੰ ਕੁੱਤਿਆਂ ਦੀ ਦਹਿਸ਼ਤ ਤੋਂ ਬਚਾਉਣ ਲਈ ਪੁੱਜਾ ਪ੍ਰਸ਼ਾਸਨ

Wednesday, Apr 01, 2026 - 03:15 PM (IST)

''ਜਗਬਾਣੀ’ ''ਚ ਖ਼ਬਰ ਛਪਣ ਮਗਰੋਂ ਪਿੰਡ ਨੂੰ ਕੁੱਤਿਆਂ ਦੀ ਦਹਿਸ਼ਤ ਤੋਂ ਬਚਾਉਣ ਲਈ ਪੁੱਜਾ ਪ੍ਰਸ਼ਾਸਨ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਲੁਬਾਣਗੜ੍ਹ ਵਿਖੇ ਪਿਛਲੇ 3 ਦਿਨਾਂ 'ਚ ਅਵਾਰਾ ਤੇ ਹਲਕੇ ਹੋਏ ਕੁੱਤਿਆਂ ਨੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਨੋਚ ਖਾਧਾ ਅਤੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਪਿੰਡ ਲੁਬਾਣਗੜ੍ਹ ਦੇ ਸਾਰੇ ਵਾਸੀ ਦਹਿਸ਼ਤ ਦੇ ਮਾਹੌਲ 'ਚ ਰਹਿ ਰਹੇ ਹਨ ਪਰ ਅੱਜ ਜਦੋਂ ‘ਜੱਗ ਬਾਣੀ’ 'ਚ ਇਸ ਸਬੰਧੀ ਖ਼ਬਰ ਛਪੀ ਤਾਂ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਟੀਮਾਂ ਪਿੰਡ ਪੁੱਜੀਆਂ। ਪਿੰਡ ਲੁਬਾਣਗੜ੍ਹ ਵਿਖੇ ਪਸ਼ੂ ਪਾਲਣ ਵਿਭਾਗ, ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ, ਬਲਾਕ ਪੰਚਾਇਤ ਦਫ਼ਤਰ ਦੇ ਅਧਿਕਾਰੀਆਂ ਤੋਂ ਇਲਾਵਾ ਲੁਧਿਆਣਾ ਤੋਂ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਵਾਲੀਆਂ ਟੀਮਾਂ ਪੁੱਜੀਆਂ।

ਅੱਜ ਉਨ੍ਹਾਂ ਵਲੋਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਥਾਵਾਂ ’ਤੇ ਪਿੰਜਰੇ ਲਗਾ ਕੇ 6 ਕੁੱਤੇ ਕਾਬੂ ਕਰ ਲਏ ਗਏ, ਜਿਨ੍ਹਾਂ ਨੂੰ ਹਲਕੇ ਹੋਏ ਕੁੱਤੇ ਨੇ ਵੱਢਿਆ ਸੀ। ਪਸ਼ੂ ਪਾਲਣ ਡਾਕਟਰਾਂ ਵਲੋਂ ਇਨ੍ਹਾਂ ਕੁੱਤਿਆਂ ਦੇ ਹਲਕਾਅ ਤੋਂ ਬਚਾਅ ਲਈ ਟੀਕੇ ਵੀ ਲਗਾਏ ਗਏ। ਵੈਟਨਰੀ ਅਫ਼ਸਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੁੱਤਿਆਂ ਨੂੰ 10 ਦਿਨਾਂ ਲਈ ਏਕਾਂਤਵਾਸ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਹਲਕਿਆ ਕੁੱਤਾ ਜਿਸ ਨੂੰ ਔਰਤਾਂ, ਬੱਚਿਆਂ ਸਮੇਤ ਬਾਕੀ ਕੁੱਤਿਆਂ ਨੂੰ ਵੱਢਿਆ ਉਸ ਨੂੰ ਵੀ ਕਾਬੂ ਕਰਨ ਲਈ ਖੇਤਾਂ 'ਚ ਪਿੰਜਰੇ ਲਗਾਏ ਗਏ ਹਨ। ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੀ ਪਿੰਡ ਲੁਬਾਣਗੜ੍ਹ ਪੁੱਜੀਆਂ ਜੋ ਕਿ ਕੁੱਤੇ ਵਲੋਂ ਵੱਢੇ ਗਏ ਜਖ਼ਮੀਆਂ ਦਾ ਇਲਾਜ ਕਰ ਰਹੀਆਂ ਹਨ।

ਪਿੰਡ ਵਾਸੀ ਮਨਰਾਜ ਸਿੰਘ ਅਤੇ ਹਰਨੇਕ ਸਿੰਘ ਨੇ ਕਿਹਾ ਕਿ ਆਸ-ਪਾਸ ਪਿੰਡਾਂ ਦੇ ਲੋਕਾਂ ਨੂੰ ਵੀ ਸੁਚੇਤ ਹੋਣਾ ਪਵੇਗਾ ਕਿਉਂਕਿ ਇਸ ਹਲਕੇ ਕੁੱਤੇ ਵਲੋਂ ਵੱਢੇ ਗਏ ਹੋਰ ਕੁੱਤੇ ਵੀ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਟੀਮਾਂ ਪਿੰਡ ਪੁੱਜੀਆਂ ਹਨ, ਕੁੱਝ ਕੁੱਤਿਆਂ ਨੂੰ ਕਾਬੂ ਕੀਤਾ ਗਿਆ ਹੈ ਪਰ ਪਿੰਡ ਵਾਸੀਆਂ ਦੀ ਸਮੱਸਿਆ ਉਦੋਂ ਹੱਲ ਹੋਵੇਗੀ, ਜਦੋਂ ਹਲਕੇ ਕੁੱਤੇ ਨੂੰ ਕਾਬੂ ਨਹੀਂ ਕੀਤਾ ਜਾਂਦਾ।
 


author

Babita

Content Editor

Related News