ਸਰਕਾਰੀ ਮੈਡੀਕਲ ਕਾਲਜ ਬਜਟ ''ਚ ਨਜ਼ਰਅੰਦਾਜ਼

06/22/2017 12:26:12 PM

ਅੰਮ੍ਰਿਤਸਰ - ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਜਟ 'ਚ ਸਰਕਾਰੀ ਮੈਡੀਕਲ ਕਾਲਜ ਲਈ ਕੋਈ ਵਿਸ਼ੇਸ਼ ਰਾਸ਼ੀ ਨਹੀਂ ਰੱਖੀ ਗਈ। ਸਰਕਾਰ ਵੱਲੋਂ ਕਾਲਜ ਵਿਚ ਸਹੂਲਤਾਂ ਦੀ ਘਾਟ ਨੂੰ ਦੂਰ ਕਰਨ ਲਈ ਕੋਈ ਹੀਲਾ ਨਹੀਂ ਕੀਤਾ ਗਿਆ, ਜਦਕਿ ਅਧਿਕਾਰੀ ਜਾਰੀ ਬਜਟ ਸਬੰਧੀ ਬਿਆਨ ਦੇਣ ਤੋਂ ਟਾਲਾ ਵੱਟ ਰਹੇ ਹਨ। ਜਾਣਕਾਰੀ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦਾ ਇਕ ਪ੍ਰਸਿੱਧ ਕਾਲਜ ਹੈ, ਜਿਸ ਅਧੀਨ ਵੱਖ-ਵੱਖ ਹਸਪਤਾਲ ਵੀ ਕੰਮ ਕਰ ਰਹੇ ਹਨ।
ਹਸਪਤਾਲਾਂ 'ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਇਲਾਜ ਲਈ ਆਉਂਦੇ ਹਨ, ਇਸੇ ਲਈ ਮੈਡੀਕਲ ਕੌਂਸਲ ਆਫ ਇੰਡੀਆ ਵੱਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਮੈਡੀਕਲ ਕਾਲਜ ਵਿਚ ਐੱਮ. ਬੀ. ਬੀ. ਐੱਸ. ਦੀਆਂ 150 ਤੋਂ 200 ਸੀਟਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਕਰ ਦਿੱਤੀਆਂ ਗਈਆਂ ਸਨ ਪਰ ਅਫਸੋਸ ਦੀ ਗੱਲ ਹੈ ਕਿ ਨਾ ਤਾਂ ਗਠਜੋੜ ਸਰਕਾਰ ਨੇ ਕਾਲਜ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ ਤੇ ਨਾ ਹੀ ਕਾਂਗਰਸ ਵੱਲੋਂ ਦਿੱਤਾ ਜਾ ਰਿਹਾ ਹੈ। ਐੱਮ. ਸੀ. ਆਈ. ਵੱਲੋਂ ਲਗਾਤਾਰ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਕਾਲਜ 'ਚ ਖਾਮੀਆਂ ਭਰਪੂਰ ਹੋਣ ਕਾਰਨ ਸੀਟਾਂ ਘਟਾਉਣ ਦੀ ਚਿਤਾਵਨੀ ਦਿੱਤੀ ਜਾਂਦੀ ਰਹੀ ਹੈ।
ਗਠਜੋੜ ਸਰਕਾਰ ਵੱਲੋਂ ਕਾਲਜ ਲਈ ਭਾਵੇਂ 95 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਪਰ ਉਕਤ ਰਾਸ਼ੀ ਤਹਿਤ ਐੱਮ. ਸੀ. ਆਈ. ਵੱਲੋਂ ਲਾਈਆਂ ਗਈਆਂ ਤਰੁੱਟੀਆਂ ਦੂਰ ਨਹੀਂ ਹੋ ਸਕੀਆਂ। ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਬੇਹੱਦ ਉਮੀਦ ਸੀ ਕਿ ਇਸ ਵਾਰ ਵਿਸ਼ੇਸ਼ ਰਾਸ਼ੀ ਬਜਟ 'ਚ ਜਾਰੀ ਹੋ ਕੇ ਇਸ ਦੀ ਨੁਹਾਰ ਬਦਲੀ ਜਾਵੇਗੀ ਪਰ ਬਜਟ ਸੈਸ਼ਨ ਦੌਰਾਨ ਮਹੱਤਵਪੂਰਨ ਮੈਡੀਕਲ ਕਾਲਜ ਦੀ ਗੱਲ ਤੱਕ ਵੀ ਨਹੀਂ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਇਕ ਮੰਤਰੀ ਵੱਲੋਂ ਮੈਡੀਕਲ ਕਾਲਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਵਿੱਤ ਮੰਤਰੀ ਪਾਸੋਂ 100 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ, ਜਦਕਿ ਮੈਡੀਕਲ ਕਾਲਜ ਅੰਮ੍ਰਿਤਸਰ ਲਈ ਕੋਈ ਖਾਸ ਮੁੱਦਾ ਨਹੀਂ ਉਠਾਇਆ ਗਿਆ।
ਇਸ ਸਬੰਧੀ ਜਦੋਂ ਕਾਲਜ ਦੇ ਡਾਕਟਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਂ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ 'ਤੇ ਵਿਰੋਧ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਬਜਟ ਤੋਂ ਕਾਲਜ ਨੂੰ ਬੇਹੱਦ ਉਮੀਦਾਂ ਸਨ ਕਿ ਐੱਮ. ਸੀ. ਆਈ. ਵੱਲੋਂ ਲਾਈਆਂ ਗਈਆਂ ਤਰੁੱਟੀਆਂ ਬਜਟ 'ਚ ਜਾਰੀ ਪੈਸੇ ਨਾਲ ਦੂਰ ਹੋ ਜਾਣਗੀਆਂ ਪਰ ਲੱਗਦਾ ਹੈ ਕਿ ਪੰਜਾਬ ਸਰਕਾਰ ਇਸ ਗੰਭੀਰ ਮੁੱਦੇ ਲਈ ਕੰਮ ਹੀ ਕਰਨਾ ਨਹੀਂ ਚਾਹੁੰਦੀ।


Related News