ਪੰਜਾਬ ਸਰਕਾਰ ਨੇ ਪਹਿਲੀ ਵਾਰ ''ਵਿਆਪਕ ਰਾਜ ਨਿਰਯਾਤ ਯੋਜਨਾ'' ਕੀਤੀ ਪੇਸ਼

05/13/2021 3:15:35 PM

ਚੰਡੀਗੜ੍ਹ : ਪੰਜਾਬ ਵਿੱਚ ਸਥਾਨਕ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਰਾਜ ਨਿਰਯਾਤ ਯੋਜਨਾ ਉਲੀਕੀ ਗਈ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਦੇਸ਼ ਭਰ ਵਿੱਚ ਕਿਸੇ ਵੀ ਸੂਬੇ ਵੱਲੋਂ ਸ਼ੁਰੂ ਕੀਤੀ ਆਪਣੀ ਕਿਸਮ ਦੀ ਵਿਲੱਖਣ ਪਹਿਲ ਕਦਮੀ ਨੂੰ ਹਰੀ ਝੰਡੀ ਦਿੱਤੀ, ਜੋ ਕਿ ਹਰੇਕ ਜ਼ਿਲ੍ਹੇ ਤੋਂ ਜ਼ਿਲ੍ਹੇ, ਉਤਪਾਦ ਤੋਂ ਉਤਪਾਦ ਅਤੇ ਜਾਰੀ ਕਰਨ ਦੇ ਢੰਗ ਦੇ ਤੌਰ ‘ਤੇ ਵੱਖਰੀ ਹੋਵੇਗੀ।

ਰਾਜ ਨਿਰਯਾਤ ਯੋਜਨਾ 2021-26 ਨੂੰ ਅੰਤਿਮ ਰੂਪ ਦੇਣ ਲਈ ਸੂਬਾ ਪੱਧਰੀ ਨਿਰਯਾਤ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮਹਾਜਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਿਲ੍ਹਿਆਂ ਨੂੰ ਐਕਸਪੋਰਟ ਹੱਬ ਬਣਾਉਣ ਸਬੰਧੀ ਯੋਜਨਾ ਅਤੇ ਇੱਕ ਜ਼ਿਲ੍ਹਾ ਇਕ ਉਤਪਾਦ ਯੋਜਨਾ ਨੂੰ ਲਾਗੂ ਕਰਨ ਲਈ ਪੰਜਾਬ ਰਾਜ ਨਿਰਯਾਤ ਯੋਜਨਾ 2021-26 ਤਿਆਰ ਕੀਤੀ ਗਈ ਹੈ।

ਇਹ ਯੋਜਨਾ ਸੂਬੇ ਨੂੰ ਨਿਰਯਾਤ ਲਈ ਪ੍ਰਮੁੱਖ ਕੇਂਦਰ ਬਣਾਉਣ ਅਤੇ ਨਿਰਯਾਤ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਕੇਂਦਰ ਤੇ ਸੂਬੇ ਦੀਆਂ ਵੱਖ-ਵੱਖ ਯੋਜਨਾਵਾਂ ਨਾਲ ਤਾਲਮੇਲ ਬਣਾਉਣ ਦੇ ਨਾਲ ਨਾਲ ਸਪਲਾਈ ਚੇਨ ਵਿੱਚ ਕੁਸ਼ਲਤਾ ਲਿਆਵੇਗੀ ਅਤੇ ਨਿਰਯਾਤ ਢਾਂਚੇ, ਉਤਪਾਦਾਂ ਅਤੇ ਮਾਰਕਿਟ ਵਿਭਿੰਨਤਾ ਵਿੱਚ ਵਾਧਾ ਕਰੇਗੀ। ਮੁੱਖ ਸਕੱਤਰ ਨੇ ਪੰਜਾਬ ਰਾਜ ਨਿਰਯਾਤ ਯੋਜਨਾ ਤਿਆਰ ਕਰਨ ਦੀ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਸ ਨਾਲ ਸੂਬੇ ਨੂੰ ਇਹ ਫ਼ੈਸਲਾ ਲੈਣ ਵਿੱਚ ਸਹਾਇਤਾ ਮਿਲੇਗੀ ਕਿ ਕਿਹੜੇ ਮੁੱਦਿਆਂ ਨੂੰ ਪਹਿਲ ਦੇ ਅਧਾਰ ‘ਤੇ ਚੁੱਕਣ ਦੀ ਲੋੜ ਹੈ ਅਤੇ ਕਿਹੜੇ ਉਪਾਅ ਤੁਰੰਤ ਲੋੜੀਂਦੇ ਹਨ।


Babita

Content Editor

Related News