ਪੰਜਾਬੀ ਹੜ੍ਹ ਪੀੜਤਾਂ ਨੂੰ ਮੋਦੀ-ਸ਼ਾਹ ਦੇ ਜਹਾਜ਼ ਦੀ ਉਡੀਕ!

08/24/2019 9:39:29 AM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇਸ਼ ਦਾ ਸਰਹੱਦੀ, ਖੇਤੀ ਪ੍ਰਧਾਨ ਸੂਬਾ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਮਹਾਨ ਨਾਇਕਾਂ ਦੀ ਜਨਮ ਭੂਮੀ ਹੈ, ਜਿਸ ਤਰੀਕੇ ਦੀ ਪੰਜਾਬੀਆਂ ਦੀ ਇਹ ਗੱਲ ਪੂਰੇ ਸੰਸਾਰ ਵਿਚ ਮਸ਼ਹੂਰ ਹੈ ਕਿ ਕਿਧਰੇ ਵੀ ਥੋੜ੍ਹਾ ਜਿਹਾ ਦੁੱਖ ਦਰਦ ਜਾਂ ਕੁਦਰਤੀ ਆਫਤ ਆ ਜਾਵੇ ਤਾਂ ਸਭ ਤੋਂ ਪਹਿਲਾਂ ਪੰਜਾਬੀ ਲੰਗਰ ਜਾਂ ਹੋਰ ਸੇਵਾ ਲਈ ਪੁੱਜ ਜਾਂਦੇ ਹਨ ਪਰ ਅਫਸੋਸ ਪੰਜਾਬ ਵਿਚ 32 ਸਾਲ ਬਾਅਦ ਮੋਹਲੇਧਾਰ ਮੀਂਹ ਅਤੇ ਭਾਖੜਾ ਡੈਮ ਦੇ ਪਾਣੀ ਨਾਲ ਕਈ ਜ਼ਿਲਿਆਂ 'ਚ ਹੜ੍ਹ ਆ ਗਿਆ। ਹਾਲਾਤ ਬਦ ਤੋਂ ਬਦਤਰ ਹੋ ਗਏ। ਚਲੋ ਛੱਡੋ, ਲੰਗਰ ਦੀ ਸੇਵਾ ਤਾਂ ਪੰਜਾਬੀ ਜਾਂ ਸਮਾਜ ਸੇਵੀ ਆਪ ਕਰ ਲੈਣਗੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਦਾ ਜਹਾਜ਼ ਅਜੇ ਤੱਕ ਪੰਜਾਬ ਦੇ ਹੜ੍ਹ ਦੇ ਮਾਰੇ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਲਈ ਕਿਧਰੇ ਦਿਖਾਈ ਨਹੀਂ ਦਿੱਤਾ, ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਦਾ ਹਵਾਈ ਸਰਵੇਖਣ ਕਰ ਗਏ। ਉਨ੍ਹਾਂ ਨੇ ਆਪਣੇ ਪੱਧਰ 'ਤੇ ਸਟੇਟ ਦਾ ਮੁਖੀ ਹੋਣ ਦੇ ਨਾਤੇ ਜੋ ਬਣਦੀ ਗੱਲ ਸੀ ਆਖੀ ਅਤੇ ਮੋਦੀ ਨੂੰ ਚਿੱਠੀ ਲਿਖ ਕੇ ਹਜ਼ਾਰ ਕਰੋੜ ਦੀ ਮੰਗ ਵੀ ਕੀਤੀ। ਇਹ ਖਬਰ ਲਿਖੇ ਜਾਣ ਤੱਕ ਚਿੱਠੀ ਦਾ ਕੋਈ ਜਵਾਬ ਨਹੀਂ ਸੀ ਮਿਲਿਆ। ਜਦੋਂਕਿ ਪੰਜਾਬ ਵਾਸੀ ਅਜੇ ਵੀ ਹੜ੍ਹ ਦੇ ਖੜ੍ਹੇ ਪਾਣੀ ਕਾਰਣ ਮੋਦੀ-ਸ਼ਾਹ ਅਤੇ ਰਾਜਨਾਥ ਦੇ ਜਹਾਜ਼ ਦਾ ਰਸਤਾ ਦੇਖ ਰਹੇ ਹਨ ਕਿਉਂਕਿ ਜਦੋਂ ਵੀ ਭਾਜਪਾ ਸ਼ਾਸਕ ਰਾਜ ਜਾਂ ਦੇਸ਼ ਦੇ ਕਿਸੇ ਹੋਰ ਸੂਬੇ ਵਿਚ ਹੜ੍ਹ ਦੀ ਸਥਿਤੀ ਜਾਂ ਕੁਦਰਤੀ ਆਫਤ ਆ ਜਾਂਦੀ ਹੈ ਤਾਂ ਮੋਦੀ-ਸ਼ਾਹ, ਰਾਜਨਾਥ ਭਾਵ ਕਿਸੇ ਵੱਡੇ ਆਗੂ ਦਾ ਜਹਾਜ਼ ਵੀ ਉੱਥੇ ਪੁੱਜ ਜਾਂਦਾ ਹੈ ਅਤੇ ਮਦਦ ਦਾ ਐਲਾਨ ਵੀ ਕਰ ਦਿੱਤਾ ਜਾਂਦਾ ਹੈ।

ਭਾਵੇਂ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਬੀਬੀ ਬਾਦਲ ਨੇ ਦੌਰਾ ਕੀਤਾ ਹੈ ਪਰ ਜਿਹੜੇ ਕੇਂਦਰ ਸਰਕਾਰ ਦੇ ਵੱਡੇ ਤਿੰਨ-ਚਾਰ ਥੰਮ੍ਹ ਮੰਤਰੀ ਹਨ, ਉਨ੍ਹਾਂ ਦੀ ਪੰਜਾਬੀ ਹੜ੍ਹ ਪੀੜਤਾਂ ਲਈ ਕੋਈ ਹਮਦਰਦੀ ਅਤੇ ਵੱਡੇ ਪੈਕੇਜ ਦੇ ਐਲਾਨ ਦਾ ਅਜੇ ਵੀ ਇੰਤਜ਼ਾਰ ਹੈ। ਭਾਵੇਂ ਸੁਖਬੀਰ ਬਾਦਲ ਖੁਦ ਆਪ ਹੜ੍ਹ ਪੀੜਤ ਇਲਾਕਿਆਂ ਵਿਚ ਗਏ। ਕਿੰਨਾ ਚੰਗਾ ਹੁੰਦਾ ਜੇਕਰ ਉਹ ਕੇਂਦਰੀ ਮੰਤਰੀ ਰਾਜਨਾਥ ਜਾਂ ਅਮਿਤ ਸ਼ਾਹ ਨਾਲ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦਾ ਹਵਾਈ ਸਰਵੇਖਣ ਕਰ ਕੇ ਸਾਰ ਲੈਂਦੇ ਅਤੇ ਪੰਜਾਬ 'ਚ ਅਕਾਲੀਆਂ ਦੀ ਅਤੇ ਕੇਂਦਰ ਸਰਕਾਰ ਦੀ ਸਰਾਹਨਾ ਹੋਣੀ ਸੀ ਪਰ ਅਜੇ ਵੀ ਹੜ੍ਹ ਪੀੜਤ ਲੋਕ ਮੋਦੀ-ਸ਼ਾਹ ਅਤੇ ਰਾਜਨਾਥ ਦਾ ਰਸਤਾ ਦੇਖ ਰਹੇ ਹਨ। ਦੇਖਦੇ ਹਾਂ ਕਿ ਇਨ੍ਹਾਂ ਵੱਡੇ ਆਗੂਆਂ 'ਚੋਂ ਕਿਸੇ ਦਾ ਜਹਾਜ਼ ਆਉਂਦਾ ਹੈ ਜਾਂ ਪੰਜਾਬੀ ਇਸੇ ਤਰ੍ਹਾਂ ਦਾ ਸੰਤਾਪ ਭੋਗਣਗੇ।


cherry

Content Editor

Related News