ਪੰਜਾਬ ਜ਼ਿਮਨੀ ਚੋਣਾਂ: ਬਰਨਾਲਾ ''ਚ ਹੋਵੇਗਾ ਪੰਜ-ਕੋਣਾ ਮੁਕਾਬਲਾ, ਪੜ੍ਹੋ ਹੁਣ ਤਕ ਦਾ ਇਤਿਹਾਸ

Wednesday, Nov 13, 2024 - 12:56 PM (IST)

ਪੰਜਾਬ ਜ਼ਿਮਨੀ ਚੋਣਾਂ: ਬਰਨਾਲਾ ''ਚ ਹੋਵੇਗਾ ਪੰਜ-ਕੋਣਾ ਮੁਕਾਬਲਾ, ਪੜ੍ਹੋ ਹੁਣ ਤਕ ਦਾ ਇਤਿਹਾਸ

ਬਰਨਾਲਾ (ਵੈੱਬ ਡੈਸਕ): ਵਿਧਾਨ ਸਭਾ ਹਲਕਾ ਬਰਨਾਲਾ ਦੇ ਵਿਧਾਇਕ ਅਕਸਰ ਵਿਰੋਧੀ ਬੈਂਚਾਂ 'ਤੇ ਬੈਠੇ ਨਜ਼ਰ ਆਉਂਦੇ ਹਨ। ਹਾਲਾਂਕਿ 2022 ਵਿਚ ਬਰਨਾਲੇ ਦੇ ਲੋਕਾਂ ਨੇ 25 ਸਾਲ ਪੁਰਾਣੀ ਰਵਾਇਤ ਨੂੰ ਤੋੜ ਕੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਜਿਤਾਇਆ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਮੰਤਰੀ ਬਣਨ ਦਾ ਵੀ ਮੌਕਾ ਮਿਲਿਆ। ਇਸ ਨਾਲ ਬਰਨਾਲੇ ਨੂੰ 3 ਦਹਾਕਿਆਂ ਬਾਅਦ ਕੈਬਨਿਟ ਮੰਤਰੀ ਮਿਲਿਆ ਸੀ। ਹਾਲਾਂਕਿ, ਗੁਰਮੀਤ ਸਿੰਘ ਮੀਤ ਹੇਅਰ ਜੂਨ 2024 ਦੀਆਂ ਲੋਕ ਸਭਾ ਚੋਣਾਂ ਵਿਚ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਤੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਕਾਰਨ ਹੁਣ ਇੱਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ PRTC ਬੱਸ ਦੀ ਹੋਈ ਜ਼ਬਰਦਸਤ ਟੱਕਰ

ਇਸ ਹਲਕੇ ਦੇ ਸਿਆਸੀ ਪਿਛੋਕੜ 'ਤੇ ਝਾਤ ਮਾਰੀਏ ਤਾਂ ਇਹ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਪ੍ਰਧਾਨ ਸੁਰਜੀਤ ਸਿੰਘ ਬਰਨਾਲਾ ਦਾ ਸਿਆਸੀ ਗੜ੍ਹ ਰਹਿ ਚੁੱਕਿਆ ਹੈ। ਉਹ ਇਸ ਹਲਕੇ ਤੋਂ 1969, 1972, 1980 ਅਤੇ 1985 ਵਿਚ ਵਿਧਾਇਕ ਚੁਣੇ ਗਏ। 1985 ਵਿਚ ਤਾਂ ਉਹ ਇੱਥੋਂ ਜਿੱਤਣ ਮਗਰੋਂ ਸੂਬੇ ਦੇ ਮੁੱਖ ਮੰਤਰੀ ਵੀ ਬਣੇ ਸਨ। ਇਸ ਤੋਂ ਇਲਾਵਾ 1997 ਵਿਚ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਵੀ ਇਸ ਸੀਟ ਤੋਂ ਜੇਤੂ ਰਹੇ ਸਨ। ਹਾਲਾਂਕਿ 1997 ਤੋਂ ਬਾਅਦ ਬਰਨਾਲਾ ਦੇ ਵੋਟਰਾਂ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਈਆਂ। 1997 ਤੋਂ ਬਾਅਦ ਹੋਈਆਂ 6 ਚੋਣਾਂ ਵਿਚੋਂ 5 ਵਾਰ ਬਰਨਾਲੇ ਤੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਜੇਤੂ ਰਹੇ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੌਸਮ ਨੂੰ ਲੈ ਕੇ ਅਲਰਟ ਜਾਰੀ! ਜਾਣੋ ਆਉਣ ਵਾਲੇ ਦਿਨਾਂ ਲਈ ਕੀ ਹੈ ਭਵਿੱਖਬਾਣੀ

1997 ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ 117 ਵਿਚੋਂ 95 ਸੀਟਾਂ ਜਿੱਤੀਆਂ ਸਨ, ਪਰ ਬਰਨਾਲੇ ਤੋਂ ਆਜ਼ਾਦ ਉਮੀਦਵਾਰ ਮਲਕੀਤ ਸਿੰਘ ਕੀਤੂ ਜੇਤੂ ਰਹੇ ਸਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਜਿੰਦਰ ਕੌਰ ਨੂੰ 23,714 ਵੋਟਾਂ ਨਾਲ ਹਰਾਇਆ ਸੀ। ਇਸ ਮਗਰੋਂ ਮਲਕੀਤ ਸਿੰਘ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਤੇ 2002 ਵਿਚ ਅਕਾਲੀ ਦਲ ਦੀ ਟਿਕਟ 'ਤੇ ਚੋਣ ਵੀ ਜਿੱਤ ਗਏ, ਪਰ ਉਦੋਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣ ਗਈ। 2007 ਅਤੇ 2012 ਦੀਆਂ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਜੇਤੂ ਰਹੇ, ਪਰ ਦੋਹਾਂ ਵਾਰ ਸੂਬੇ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ। 2017 ਵਿਚ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜੇਤੂ ਰਹੇ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 2432 ਵੋਟਾਂ ਦੇ ਫ਼ਰਕ ਨਾਲ ਹਰਾਇਆ। ਹਾਲਾਂਕਿ ਕਾਂਗਰਸ ਨੇ 77 ਸੀਟਾਂ ਜਿੱਤ ਕੇ ਸੂਬੇ ਵਿਚ ਸਰਕਾਰ ਬਣਾ ਲਈ। 2022 ਵਿਚ ਬਰਨਾਲੇ ਦੇ ਲੋਕਾਂ ਨੇ ਇਸ ਰਵਾਇਤ ਨੂੰ ਖ਼ਤਮ ਕੀਤਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨੂੰ ਮੁੜ ਤੋਂ ਵਿਧਾਇਕ ਚੁਣਾਇਆ। ਮੀਤ ਹੇਅਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੁਲਵੰਤ ਸਿੰਘ ਨੂੰ 37,622 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਵਾਰ ਮੀਤ ਹੇਅਰ ਨਾ ਸਿਰਫ਼ ਸਰਕਾਰ ਦਾ ਹਿੱਸਾ ਸਨ, ਸਗੋਂ ਉਨ੍ਹਾਂ ਨੂੰ ਕੈਬਨਿਟ ਵਿਚ ਵੀ ਜਗ੍ਹਾ ਦਿੱਤੀ ਗਈ। ਉਨ੍ਹਾਂ ਕੋਲ ਪੰਜਾਬ ਸਰਕਾਰ ਵਿਚ ਵਾਤਾਵਰਨ ਅਤੇ ਖੇਡ ਮੰਤਰਾਲਾ ਸੀ, ਪਰ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਸਵੇਰ-ਸ਼ਾਮ ਦਾ ਸ਼ਡੀਊਲ ਜਾਰੀ

ਬਰਨਾਲਾ ਵਿਧਾਨ ਸਭਾ ਸੀਟ ਸੰਗਰੂਰ ਲੋਕ ਸਭਾ ਹਲਕੇ ਦੇ ਅਧੀਨ ਆਉਂਦੀ ਹੈ ਅਤੇ 'ਆਪ' ਇਸ ਨੂੰ ਆਪਣੀ ਸਿਆਸੀ ਰਾਜਧਾਨੀ ਮੰਨਦੀ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਇਸ ਖੇਤਰ ਦੇ ਰਹਿਣ ਵਾਲੇ ਹਨ। 'ਆਪ' ਨੇ ਇੱਥੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਮੈਦਾਨ 'ਚ ਉਤਾਰਿਆ ਹੈ। ਕੇਵਲ ਸਿੰਘ ਢਿੱਲੋਂ ਜੂਨ 2022 ਵਿਚ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਭਾਜਪਾ ਦੀ ਟਿਕਟ 'ਤੇ ਸੰਗਰੂਰ ਲੋਕ ਸਭਾ ਦੀ ਉਪ ਚੋਣ ਵੀ ਲੜੀ ਸੀ। ਹੁਣ ਉਹ ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਇਸ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਨ। ਕਾਂਗਰਸ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ 'ਤੇ ਦਾਅ ਲਗਾਇਆ ਹੈ, ਜੋ ਪਹਿਲਾਂ ਕਾਂਗਰਸ 'ਚ ਛੱਡ ਕੇ ਪੀਪਲਜ਼ ਪਾਰਟੀ ਆਫ਼ ਪੰਜਾਬ ਤੇ ਫ਼ਿਰ 'ਆਪ' ਵਿਚ ਸ਼ਾਮਲ ਹੋ ਗਏ ਸਨ ਤੇ ਫ਼ਿਰ ਕਾਂਗਰਸ ਵਿਚ ਹੀ ਵਾਪਸ ਆਏ ਹਨ। ‘ਆਪ’ ਦੇ ਬਾਗੀ ਗੁਰਦੀਪ ਸਿੰਘ ਬਾਠ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਹ ਬਰਨਾਲਾ ਤੋਂ 'ਆਪ' ਦੇ ਜ਼ਿਲ੍ਹਾ ਪ੍ਰਧਾਨ ਸਨ, ਪਰ ਟਿਕਟ ਨਾ ਮਿਲਣ ਮਗਰੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ। ਇਸ ਮਗਰੋਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਹਨ। ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ 'ਆਪ' ਦੀ ਸ਼ਾਨਦਾਰ ਜਿੱਤ ਤੋਂ 4 ਮਹੀਨੇ ਬਾਅਦ ਜੂਨ 2022 ਵਿੱਚ ਸੰਗਰੂਰ ਲੋਕ ਸਭਾ ਉਪ ਚੋਣ ਜਿੱਤੀ ਸੀ, ਹਾਲਾਂਕਿ ਉਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿਚ ਗੁਰਮੀਤ ਸਿੰਘ ਮੀਤ ਹੇਅਰ ਨੇ ਵੱਡੇ ਫ਼ਰਕ ਨਾਲ ਹਰਾਇਆ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News