ਪ੍ਰਵਾਸੀਆਂ ਤੇ ਪੰਜਾਬੀਆਂ ਵਿਚਾਲੇ ਟਕਰਾਅ ਕਰਵਾਉਣ ਦੀ ਵੱਡੀ ਸਾਜ਼ਿਸ਼ ਨਾਕਾਮ! ਦਹਿਲ ਜਾਣਾ ਸੀ ਪੰਜਾਬ
Friday, Oct 31, 2025 - 01:24 PM (IST)
 
            
            ਲੁਧਿਆਣਾ (ਅਨਿਲ)- ਲੁਧਿਆਣਾ ’ਚ ਐਤਵਾਰ ਦੀ ਰਾਤ ਨੂੰ ਮਿਲੇ ਹੈਂਡ ਗ੍ਰੇਨੇਡ ਮਾਮਲੇ ਦੇ ਤਾਰ ਹੁਣ ਮਲੇਸ਼ੀਆ ’ਚ ਬੈਠੇ ਗੈਂਗਸਟਰ ਅਜੇ ਮਲੇਸ਼ੀਆ ਨਾਲ ਜੁੜਦੇ ਦਿਖਾਈ ਦੇ ਰਹੇ ਹਨ, ਜਿਸ ਕਾਰਨ ਲੁਧਿਆਣਾ ਪੁਲਸ ਵਲੋਂ ਜੇਲ ਵਿਚ ਬੰਦ ਕਈ ਕੈਦੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਗੈਂਗਸਟਰ ਅਜੇ ਮਲੇਸ਼ੀਆ ਹੁਸ਼ਿਆਰਪੁਰ ’ਚ ਪ੍ਰਵਾਸੀਆਂ ਵਲੋਂ ਬੱਚੇ ਨਾਲ ਕੀਤੀ ਘਟਨਾ ਦੇ ਵਿਰੋਧ ’ਚ ਸਤਲੁਜ ਦਰਿਆ ’ਤੇ ਛੱਠ ਪੂਜਾ ਦੇ ਤਿਉਹਾਰ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਸੀ, ਤਾਂ ਕਿ ਲੁਧਿਆਣਾ ਵਿਚ ਇਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕੇ। ਦੂਜੇ ਪਾਸੇ ਪੁਲਸ ਵਲੋਂ ਹੈਂਡ ਗ੍ਰੇਨੇਡ ਦੇ ਮਾਮਲੇ ’ਚ ਬਾਰੀਕੀ ਨਾਲ ਕਈ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੇ ਮਾਮਲੇ 'ਚ ਨਵਾਂ ਮੋੜ
ਗੈਂਗਸਟਰ ਅਜੇ ਮਲੇਸ਼ੀਆ ਵਲੋਂ ਰਾਜਸਥਾਨ ਦੀ ਜੇਲ੍ਹ ’ਚ ਬੰਦ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਕੈਦ ਕੱਟ ਰਹੇ ਨਸ਼ਾ ਸਮੱਗਲਰ ਨੂੰ ਲੁਧਿਆਣਾ ’ਚ ਘਟਨਾ ਨੂੰ ਅੰਜਾਮ ਦੇਣ ਲਈ ਸ੍ਰੀ ਮੁਕਤਸਰ ਸਾਹਿਬ ਜੇਲ ਵਿਚ ਬੰਦ ਰਮਣੀਕ ਸਿੰਘ ਅਤੇ ਪਰਵਿੰਦਰ ਸਿੰਘ ਨਾਲ ਲਿੰਕ ਬਣਾਉਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕੁਲਦੀਪ ਸਿੰਘ ਅਤੇ ਸ਼ੇਖਰ ਨੂੰ ਹੈਂਡ ਗ੍ਰੇਨੇਡ ਦੇ ਕੇ ਲੁਧਿਆਣਾ ’ਚ ਵਾਰਦਾਤ ਕਰਨ ਲਈ ਭੇਜਿਆ ਗਿਆ।
ਰਮਣੀਕ ਸਿੰਘ ਵਲੋਂ ਕੁਲਦੀਪ ਸਿੰਘ ਅਤੇ ਸ਼ੇਖਰ ਨੂੰ ਹੈਂਡ ਗ੍ਰੇਨੇਡ ਪਛਾਨਣ ਲਈ 50-50 ਹਜ਼ਾਰ ਰੁਪਏ ਦੇਣੇ ਸਨ ਪਰ ਜਿਸ ਜਗ੍ਹਾ ’ਤੇ ਮੁਲਜ਼ਮਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣਾ ਸੀ, ਉਸ ਜਗ੍ਹਾ ਜਾਣ ਦੀ ਜਗ੍ਹਾ ਅੱਤਵਾਦੀ ਗਲਤ ਰਸਤੇ ’ਤੇ ਜਾਣ ਕਾਰਨ ਜੋਧੇਵਾਲ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਦੂਜੇ ਪਾਸੇ ਪੁਲਸ ਵਲੋਂ ਰਾਜਸਥਾਨ ਜੇਲ ਵਿਚ ਬੰਦ ਕੈਦੀ ਨੂੰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਕਿ ਉਕਤ ਮੁਲਜ਼ਮ ਤੋਂ ਮਾਮਲੇ ਸਬੰਧੀ ਪੁੱਛਗਿੱਛ ਕਰ ਕੇ ਪੂਰੀ ਜਾਂਚ ਕੀਤੀ ਜਾ ਸਕੇ। ਹਾਲ ਦੀ ਘੜੀ ਪੁਲਸ ਹਰ ਐਂਗਲ ਤੋਂ ਉਕਤ ਮਾਮਲੇ ਦੀ ਜਾਂਚ ਕਰਨ ’ਚ ਜੁਟੀ ਹੋਈ ਹੈ, ਤਾਂ ਕਿ ਇਸ ਮਾਮਲੇ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਜਿਹੜੇ ਲੋਕ ਸ਼ਾਮਲ ਹਨ, ਉਨ੍ਹਾਂ ਦੀ ਪੂਰੀ ਜਾਂਚ ਕੀਤੀ ਜਾ ਸਕੇ।
ਐੱਨ. ਆਈ. ਏ. ਏਜੰਸੀ ਵੀ ਉਕਤ ਮਾਮਲੇ ’ਚ ਕਰ ਸਕਦੀ ਹੈ ਜਾਂਚ
ਸੂਤਰਾਂ ਮੁਤਾਬਕ ਲੁਧਿਆਣਾ ’ਚ ਹੈਂਡ ਗ੍ਰੇਨੇਡ ਮਾਮਲੇ ’ਚ ਐੱਨ. ਆਈ. ਏ. ਏਜੰਸੀ ਵੀ ਉਕਤ ਮਾਮਲੇ ’ਚ ਜਾਂਚ ਕਰ ਸਕਦੀ ਹੈ, ਕਿਉਂਕਿ ਅਜੇ ਮਲੇਸ਼ੀਆ ਦੇ ਲਿੰਕ ਪਤਾ ਕਰਨ ਲਈ ਏਜੰਸੀ ਵਲੋਂ ਵੀ ਅੱਗੇ ਦੀ ਜਾਂਚ ਸ਼ੁਰੂ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਦੀ ਜੇਲ ’ਚ ਬੰਦ ਨਸ਼ਾ ਸਮੱਗਲਰ ਦੀ ਗ੍ਰਿਫਤਾਰੀ ਤੋਂ ਬਾਅਦ ਅੱਗੇ ਦੀ ਜਾਂਚ ਪੂਰੀ ਹੋ ਸਕੇਗੀ।
ਰਮਣੀਕ ਸਿੰਘ ’ਤੇ ਨਸ਼ਾ ਸਮੱਗਲਿੰਗ ਅਤੇ ਆਰਮਜ਼ ਐਕਟ ਦੇ ਮਾਮਲੇ ਦਰਜ
ਦੱਸਿਆ ਜਾ ਰਿਹਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਜੇਲ ਵਿਚ ਬੰਦ ਕੈਦੀ ਰਮਣੀਕ ਸਿੰਘ ’ਤੇ ਕਈ ਸੰਗੀਨ ਅਪਰਾਧਾਂ ਦੇ ਮਾਮਲੇ ਦਰਜ ਹਨ। ਮੁਲਜ਼ਮ ’ਤੇ ਨਸ਼ਾ ਸਮੱਗਲਿੰਗ ਦੇ ਨਾਲ-ਨਾਲ ਲਗਭਗ ਅੱਧਾ ਦਰਜਨ ਆਰਮਜ਼ ਐਕਟ ਦੇ ਮਾਮਲੇ ਵੀ ਦਰਜ ਹਨ, ਜਿਸ ਕਾਰਨ ਪਿਛਲੇ ਲੰਮੇ ਸਮੇਂ ਤੋਂ ਰਮਣੀਕ ਜੇਲ ’ਚ ਸਜ਼ਾ ਕੱਟ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਵੇਰੇ-ਸਵੇਰੇ ਵਾਪਰ ਗਿਆ ਹਾਦਸਾ! ਫ਼ਲਾਈਓਵਰ 'ਤੇ ਪਲਟਿਆ ਕੈਂਟਰ
ਉੱਥੇ ਕੁਲਦੀਪ ਸਿੰਘ ’ਤੇ ਵੀ ਨਸ਼ਾ ਸਮੱਗਲਿੰਗ ਦੇ ਕਈ ਮਾਮਲੇ ਦਰਜ ਹਨ, ਜਿਸ ਕਾਰਨ ਕੁਲਦੀਪ ਸਿੰਘ ਦੀ ਪਛਾਣ ਜੇਲ ’ਚ ਰਮਣੀਕ ਸਿੰਘ ਨਾਲ ਹੋਈ, ਜਦਕਿ ਸ਼ੇਖਰ ਰਮਣੀਕ ਸਿੰਘ ਦਾ ਗੁਆਂਢੀ ਹੈ, ਜੋ ਕਿ ਚੰਡੀਗੜ੍ਹ ਵਿਚ ਇਕ ਠੇਕੇਦਾਰ ਨਾਲ ਲੱਕੜ ਦਾ ਕੰਮ ਕਰਦਾ ਹੈ, ਉਥੇ ਪਰਵਿੰਦਰ ਸਿੰਘ ਜੇਲ ਵਿਚ ਨਾਜਾਇਜ਼ ਹਥਿਆਰ ਅਤੇ ਕਤਲ ਦੇ ਮਾਮਲੇ ਵਿਚ ਬੰਦ ਸੀ, ਜਦਕਿ ਅਜੇ ਗਲਤ ਸੰਗਤ ਵਿਚ ਪੈਣ ਕਾਰਨ ਕੁਲਦੀਪ ਸਿੰਘ ਨਾਲ ਮਿਲ ਕੇ ਨਸ਼ੇ ਦੀ ਸਮੱਗਲਿੰਗ ਕਰਨ ਲੱਗਾ, ਜਿਸ ਤੋਂ ਬਾਅਦ ਸਾਰੇ ਮੁਲਜ਼ਮ ਆਪਸ ਵਿਚ ਮਿਲ ਕੇ ਹੈਂਡ ਗ੍ਰੇਨੇਡ ਦੀ ਘਟਨਾ ਨੂੰ ਅੰਜਾਮ ਦੇਣ ਲਈ ਇਕੱਠੇ ਹੋ ਗਏ। ਹੁਣ ਜਲਦ ਹੀ ਲੁਧਿਆਣਾ ਪੁਲਸ ਵਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਪਹਿਲੂਆਂ ਦਾ ਖੁਲਾਸਾ ਕੀਤਾ ਜਾ ਸਕਦਾ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            