ਪੰਜਾਬ ''ਚ ਵਾਹਨ ਚਾਲਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਦਿਸ਼ਾ-ਨਿਰਦੇਸ਼ ਹੋਏ ਜਾਰੀ
Friday, Nov 28, 2025 - 01:23 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਪੰਜਾਬ ਵੱਲੋਂ ਸੜਕੀ ਹਾਦਸਿਆਂ ਵਿਚ ਲੋਕਾਂ ਨੂੰ ਬਚਾਉਣ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਹੇਠ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਆਈ. ਪੀ. ਐੱਸ. ਵੱਲੋਂ ਜ਼ਿਲੇ ਅੰਦਰ ਟ੍ਰੈਫਿਕ ਸੁਰੱਖਿਆ ਸਬੰਧੀ ਵਿਸ਼ੇਸ਼ ਜਾਗਰੂਕਤਾ ਉਪਰਾਲੇ ਤੇਜ਼ ਕੀਤੇ ਗਏ ਹਨ। ਇਸ ਤਹਿਤ ਪੁਲਸ ਦੀਆਂ ਖਾਸ ਟੀਮਾਂ ਪਿੰਡਾਂ, ਸ਼ਹਿਰਾਂ, ਸਕੂਲਾਂ, ਕਾਲਜਾਂ ਵਿਚ ਜਾ ਕੇ ਲੋਕਾਂ ਤੇ ਵਿਦਿਆਰਥੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰ ਰਹੀਆਂ ਹਨ। ਐੱਸ. ਐੱਸ. ਪੀ. ਅਭਿਮੰਨਿਊ ਰਾਣਾ ਆਈ. ਪੀ. ਐੱਸ. ਵੱਲੋਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਰਦੀ ਦੇ ਮੌਸਮ ਵਿਚ ਸਵੇਰ ਅਤੇ ਰਾਤ ਸਮੇਂ ਹੋਣ ਵਾਲੀ ਸੰਘਣੀ ਧੁੰਦ ਕਾਰਨ ਵ੍ਹੀਕਲ ਚਲਾਉਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ।
ਇਹ ਵੀ ਪੜ੍ਹੋ : Holidays 2026 : ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ, 11 ਵਾਰ ਮਿਲੇਗੀ ਲਗਾਤਾਰ ਤਿੰਨ ਦਿਨ ਛੁੱਟੀ
ਉਨ੍ਹਾਂ ਕਿਹਾ ਕਿ ਧੁੰਦ ’ਚ ਵ੍ਹੀਕਲ ਹਮੇਸ਼ਾਂ ਹੌਲੀ ਚਲਾਇਆ ਜਾਵੇ। ਅੱਗੇ ਚੱਲਦੇ ਵ੍ਹੀਕਲ ਨਾਲ ਸੁਰੱਖਿਅਤ ਫਾਸਲਾ ਜ਼ਰੂਰ ਰੱਖੋ। ਕਿਸੇ ਵੀ ਵ੍ਹੀਕਲ ਨੂੰ ਓਵਰਟੇਕ ਕਰਦੇ ਸਮੇਂ ਅੱਗੇ-ਪਿੱਛੇ ਪੂਰੀ ਤਰ੍ਹਾਂ ਚੈੱਕ ਕਰੋ। ਵ੍ਹੀਕਲ ਦੀਆਂ ਲਾਈਟਾਂ ਹਮੇਸ਼ਾ ਲੋ-ਬੀਮ ’ਚ ਹੀ ਚਲਾਓ ਤਾਂ ਜੋ ਸਾਹਮਣੇ ਆ ਰਹੇ ਵ੍ਹੀਕਲ ਨੂੰ ਪੂਰੀ ਤਰ੍ਹਾਂ ਵਿਖਾਈ ਦੇਵੇ। ਧੁੰਦ ਵਿਚ ਕਦੇ ਵੀ ਵ੍ਹੀਕਲ ਨੂੰ ਸੜਕ ਦੇ ਵਿਚਕਾਰ ਨਾ ਰੋਕੋ, ਜੇ ਜ਼ਰੂਰਤ ਪਵੇ ਤਾਂ ਇੰਡਿਕੇਟਰ ਚਾਲੂ ਰੱਖੋ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਬਹੁਤਿਆਂ ਹਾਦਸਿਆਂ ਦਾ ਕਾਰਣ ਵ੍ਹੀਕਲ ਦਾ ਵਿਖਾਈ ਨਾ ਦੇਣਾ ਹੁੰਦਾ ਹੈ। ਇਸ ਲਈ ਹਰ ਵ੍ਹੀਕਲ (ਖ਼ਾਸਕਰ ਟਰੈਕਟਰ-ਟਰਾਲਾ, ਟੈਂਪੋ, ਬਾਈਕ, ਸਾਈਕਲ) ’ਤੇ ਰਿਫਲੈਕਟਰ ਲਾਉਣਾ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੱਗੀ ਬ੍ਰੇਕ, ਘਰੋਂ ਨਿਕਲਣ ਤੋਂ ਪਹਿਲਾਂ ਹਾਸਲ ਕਰੋ ਪੂਰੀ ਜਾਣਕਾਰੀ
ਰਿਫਲੈਕਟਰ ਦੀ ਚਮਕ ਦੂਰੋਂ ਹੀ ਵ੍ਹੀਕਲ ਦੀ ਮੌਜੂਦਗੀ ਦੱਸ ਦਿੰਦੀ ਹੈ, ਜਿਸ ਨਾਲ ਸੜਕ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਐੱਸ. ਐੱਸ. ਪੀ. ਸਹਿਬ ਨੇ ਹੋਰ ਅਪੀਲ ਕਰਦਿਆਂ ਕਿਹਾ ਕਿ ਵ੍ਹੀਕਲ ਚਲਾਉਣ ਤੋਂ ਪਹਿਲਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰੋ। ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਜ਼ਰੂਰ ਪਹਿਨੋ। ਚਾਰ ਪਹੀਆ ਵਾਹਨ ਵਿਚ ਸੀਟ ਬੈਲਟ ਲਾਉਣਾ ਬਿਲਕੁਲ ਲਾਜ਼ਮੀ ਹੈ। ਹੈਵੀ ਵ੍ਹੀਕਲ ਨੂੰ ਸ਼ਹਿਰ ਅੰਦਰ ਲਿਆਉਣ ਤੋਂ ਸੰਭਵ ਹੋਵੇ ਤਕ ਬਚਿਆ ਜਾਵੇ। ਜਲਦਬਾਜ਼ੀ ਵਿਚ ਡਰਾਈਵਿੰਗ ਨਾ ਕਰੋ ਕਿਉਂਕਿ ਘੱਟ ਦਿੱਖ ਵਾਲੇ ਮੌਸਮ ਵਿਚ ਇਕ ਛੋਟੀ ਗਲਤੀ ਵੀ ਵੱਡੀ ਅਣਹੋਣੀ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ : ਹੋਵੇਗਾ ਵੱਡਾ ਐਲਾਨ! ਬੁਲਾਈ ਗਈ ਪੰਜਾਬ ਕੈਬਨਿਟ ਦੀ ਮੀਟਿੰਗ
ਇਸ ਮੌਕੇ ਉਨ੍ਹਾਂ ਨੇ ਜ਼ਿਲਾ ਵਾਸੀਆਂ ਨੂੰ ਖਾਸ ਤੌਰ ’ਤੇ ਬਾਜ਼ਾਰਾਂ ’ਚ ਖਰੀਦਦਾਰੀ ਦੌਰਾਨ ਟ੍ਰੈਫਿਕ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭੀੜ ਵਾਲੇ ਇਲਾਕਿਆਂ ਵਿਚ ਹਰ ਵ੍ਹੀਕਲ ਨੂੰ ਸਿਰਫ ਨਿਰਧਾਰਤ ਪਾਰਕਿੰਗ ਥਾਵਾਂ 'ਤੇ ਹੀ ਖੜ੍ਹਾ ਕੀਤਾ ਜਾਵੇ ਤਾਂ ਜੋ ਸੜਕਾਂ ’ਤੇ ਰੁਕਾਵਟ ਨਾ ਬਣੇ ਅਤੇ ਟ੍ਰੈਫਿਕ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਸਕੇ। ਕਿਸੇ ਵੀ ਖਰੀਦਦਾਰ ਵੱਲੋਂ ਵ੍ਹੀਕਲ ਨੂੰ ਸੜਕ ਦੇ ਬਿਲਕੁਲ ਨਜ਼ਦੀਕ ਜਾਂ ਵਿਚਕਾਰ ਖੜ੍ਹਾ ਕਰ ਕੇ ਖਰੀਦਦਾਰੀ ਕਰਨਾ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਵੀ ਬਣਦਾ ਹੈ। ਇਸ ਲਈ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਅਤੇ ਨਿਰਧਾਰਤ ਪਾਰਕਿੰਗ ਸਥਾਨਾਂ ਦੀ ਹੀ ਵਰਤੋਂ ਕਰੇ। ਮਾਪਿਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਵ੍ਹੀਕਲ ਚਲਾਉਣ ਲਈ ਕਦੇ ਵੀ ਨਾ ਦਿੱਤਾ ਜਾਵੇ। ਇਹ ਬੱਚਿਆਂ ਦੀ ਜਾਨ ਲਈ ਵੀ ਖਤਰਾ ਹੈ ਅਤੇ ਕਾਨੂੰਨੀ ਤੌਰ ’ਤੇ ਵੀ ਗਲਤ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਹਲਕਾ ਇੰਚਾਰਜਾਂ ਦਾ ਐਲਾਨ, ਕੀਤਾ ਗਿਆ ਵੱਡਾ ਫੇਰਬਦਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
