ਸਿੱਖਿਆ ਬੋਰਡ ਦੇ ਫੈਸਲੇ ਨਾਲ ਹੁਣ ਲੱਗੇਗੀ ਨਕਲ ''ਤੇ ਰੋਕ

12/25/2017 12:01:00 PM

ਅੰਮ੍ਰਿਤਸਰ (ਛੀਨਾ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਲਫ ਪ੍ਰੀਖਿਆ ਕੇਂਦਰਾਂ 'ਤੇ ਰੋਕ ਲਾਉਂਦਿਆਂ ਸਾਲ 2018 'ਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਕੇਂਦਰ ਸਰਕਾਰੀ ਸਕੂਲਾਂ ਦੇ ਪ੍ਰਾਈਵੇਟ ਅਤੇ ਪ੍ਰਾਈਵੇਟ ਦੇ ਸਰਕਾਰੀ ਸਕੂਲਾਂ 'ਚ ਬਣਾਉਣ ਦੇ ਲਏ ਗਏ ਫੈਸਲੇ ਦੀ ਸ਼ਲਾਘਾ ਕਰਦਿਆਂ ਨਿਊ ਫਲਾਵਰਜ਼ ਸੀਨੀ. ਸੈਕੰ. ਸਕੂਲ ਅੰਤਰਯਾਮੀ ਕਾਲੋਨੀ ਦੇ ਚੇਅਰਮੈਨ ਹਰਪਾਲ ਸਿੰਘ ਯੂ. ਕੇ. ਨੇ ਕਿਹਾ ਕਿ ਨਕਲ ਨੂੰ ਰੋਕਣ ਦਾ ਇਹ ਇਕ ਇਤਿਹਾਸਕ ਕਦਮ ਹੈ, ਜਿਸ ਨਾਲ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਵੀ ਨਿੱਤਰ ਕੇ ਸਾਹਮਣੇ ਆਵੇਗੀ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ 'ਚ ਮੋਟੀਆਂ ਤਨਖਾਹ ਲੈਣ ਵਾਲੇ ਅਧਿਆਪਕਾਂ ਨੂੰ ਜਿਥੇ ਹੁਣ ਮਿਹਨਤ ਕਰ ਕੇ ਵਿਦਿਆਰਥੀਆਂ ਨੂੰ ਪਾਸ ਹੋਣ ਯੋਗ ਬਣਾਉਣਾ ਪਵੇਗਾ, ਉਥੇ ਸਰਕਾਰੀ ਸਕੂਲਾਂ ਨੂੰ ਬਣਦੀਆਂ ਸਹੂਲਤਾਂ ਵੀ ਮਿਲਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਕਲ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਫਲਤਾ ਵਾਸਤੇ ਅਸੀਂ ਹਰ ਪੱਖੋਂ ਸਹਿਯੋਗ ਦਿਆਂਗੇ ਅਤੇ ਨਾਲ ਹੀ ਇਹ ਵੀ ਕਹਾਂਗੇ ਕਿ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਣਾਉਣ ਮੌਕੇ ਲੋੜੀਂਦੀਆਂ ਸਾਰੀਆਂ ਸੁਵਿਧਾਵਾਂ ਦਾ ਵੀ ਖਾਸ ਧਿਆਨ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਪਹਿਲ ਦੇ ਆਧਾਰ 'ਤੇ ਨਿਊ ਫਲਾਵਰਜ਼ ਸੀਨੀ. ਸੈਕੰ. ਸਕੂਲ 'ਚ ਪ੍ਰੀਖਿਆ ਕੇਂਦਰ ਬਣਾਏ, ਜਿਥੇ ਸਿੰਗਲ ਡੈਕਸ 700 ਵਿਦਿਆਰਥੀਆਂ ਦੇ ਬੈਠਣ ਸਮੇਤ ਸੀ. ਸੀ. ਟੀ. ਵੀ. ਕੈਮਰੇ, ਸਾਫ ਪਾਣੀ, ਜਨਰੇਟਰ ਤੇ ਹੋਰ ਸਭ ਸਹੂਲਤਾਂ ਮੌਜੂਦ ਹਨ। ਸਿੱਖਿਆ ਬੋਰਡ ਦੇ ਇਸ ਫੈਸਲੇ ਨਾਲ ਹੁਣ ਆਲਸੀ ਤੇ ਲਾਪ੍ਰਵਾਹ ਵਿਦਿਆਰਥੀ ਜਿਹੜੇ ਕਿ ਨਕਲ 'ਤੇ ਆਸਾਂ ਲਾ ਕੇ ਬੈਠੇ ਹੁੰਦੇ ਹਨ, ਨੂੰ ਵੀ ਚੰਗੇ ਨੰਬਰ ਲੈਣ ਵਾਸਤੇ ਪੜ੍ਹਨਾ ਪਵੇਗਾ, ਜਿਸ ਨਾਲ ਉਨ੍ਹਾਂ ਨੂੰ ਭਵਿੱਖ 'ਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।


Related News