ਹਿਮਾਚਲ ਪ੍ਰਦੇਸ਼ 10ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਜਾਰੀ, ਰਿਧਿਮਾ ਸ਼ਰਮਾ ਨੇ ਕੀਤਾ ਟਾਪ

Tuesday, May 07, 2024 - 04:39 PM (IST)

ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ, ਜੋ ਕਿ 74.61 ਫ਼ੀਸਦੀ ਰਿਹਾ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਾਦੌਨ, ਹਮੀਰਪੁਰ ਜ਼ਿਲ੍ਹੇ ਦੀ ਵਿਦਿਆਰਥਣ ਰਿਧੀਮਾ ਸ਼ਰਮਾ ਨੇ 700 'ਚੋਂ 699 (99.86%) ਅੰਕ ਪ੍ਰਾਪਤ ਕਰਕੇ ਪੂਰੇ ਸੂਬੇ ਵਿਚ ਟਾਪ ਕੀਤਾ ਹੈ। ਉੱਥੇ ਹੀ ਕਾਂਗੜਾ ਜ਼ਿਲ੍ਹੇ ਦੇ ਨਿਊਗਲ ਮਾਡਲ ਪਬਲਿਕ ਸੀਨੀਅਰ ਸੈਕੰਡਰੀ ਭਵਾਰਨਾ ਦੀ ਵਿਦਿਆਰਥਣ ਕ੍ਰਿਤਿਕਾ ਸ਼ਰਮਾ ਦੂਜੇ ਸਥਾਨ ’ਤੇ ਰਹੀ। ਕ੍ਰਿਤਿਕਾ ਸ਼ਰਮਾ ਨੇ 700 'ਚੋਂ 698 ਅੰਕ (99.71%) ਹਾਸਲ ਕੀਤੇ ਹਨ। 

ਇਸੇ ਤਰ੍ਹਾਂ ਤੀਜੇ ਸਥਾਨ 'ਤੇ ਬਿਲਾਸਪੁਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸ਼ਿਵਮ ਸ਼ਰਮਾ, ਸ਼ਿਮਲਾ ਜ਼ਿਲ੍ਹੇ ਦੇ ਗਲੋਰੀ ਇੰਟਰਨੈਸ਼ਨਲ ਸਕੂਲ ਰੋਹੜੂ ਦੀ ਵਿਦਿਆਰਥਣ ਧ੍ਰਿਤੀ ਤੇਗਟਾ ਅਤੇ ਕਾਂਗੜਾ ਜ਼ਿਲ੍ਹੇ ਦੇ ਭਾਰਤੀ ਵਿਦਿਆਪੀਠ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੈਜਨਾਥ ਦੇ ਵਿਦਿਆਰਥੀ ਰੁਸ਼ੀਲ ਸੂਦ ਪਹਿਲੇ ਸਥਾਨ ’ਤੇ ਰਹੇ।  ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ 700 ਵਿਚੋਂ 697 (99.57%) ਅੰਕ ਪ੍ਰਾਪਤ ਕੀਤੇ ਹਨ।

92 ਵਿਦਿਆਰਥੀਆਂ ਨੇ ਟਾਪ 10 ਦੀ ਸੂਚੀ ਵਿਚ ਬਣਾਈ ਥਾਂ 

ਕੁੱਲ ਮਿਲਾ ਕੇ 92 ਵਿਦਿਆਰਥੀਆਂ ਨੇ ਟਾਪ 10 ਦੀ ਸੂਚੀ ਵਿਚ ਥਾਂ ਬਣਾਈ ਹੈ, ਜਿਸ ਵਿਚ 71 ਕੁੜੀਆਂ ਅਤੇ 21 ਮੁੰਡੇ ਸ਼ਾਮਲ ਹਨ। ਟਾਪ-10 ਵਿਚ ਇਕ-ਇਕ ਵਿਦਿਆਰਥੀ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। 3 ਵਿਦਿਆਰਥੀਆਂ ਨੇ ਤੀਜਾ ਸਥਾਨ,  ਚੌਥਾ ਸਥਾਨ 'ਤੇ 6, 5ਵੇਂ ਸਥਾਨ 'ਤੇ 6, 6ਵੇਂ ਸਥਾਨ 10, 7ਵੇਂ, 8ਵੇਂ ਸਥਾਨ 'ਤੇ 20, 9ਵੇਂ ਸਥਾਨ 'ਤੇ 22 ਅਤੇ 10ਵੇਂ ਸਥਾਨ 'ਤੇ ਅਤੇ 16 ਵਿਦਿਆਰਥੀਆਂ ਨੇ ਥਾਂ ਬਣਾਈ ਹੈ।  ਟਾਪਰਾਂ ਵਿਚ 22 ਸਰਕਾਰੀ ਅਤੇ 70 ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹਨ।

ਮੈਰਿਟ ਸੂਚੀ 'ਚ ਹਮੀਰਪੁਰ ਟਾਪ ਰਿਹਾ

ਮੈਰਿਟ ਸੂਚੀ 'ਚ ਹਮੀਪੁਰ ਜ਼ਿਲ੍ਹਾ ਪਹਿਲੇ ਸਥਾਨ ’ਤੇ ਰਿਹਾ ਹੈ। ਜ਼ਿਲ੍ਹਾ ਹਮੀਰਪੁਰ ਦੇ 19 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ। ਜਦੋਂਕਿ ਕਾਂਗੜਾ, ਬਿਲਾਸਪੁਰ ਅਤੇ ਮੰਡੀ ਤੋਂ 15-15, ਕੁੱਲੂ ਅਤੇ ਊਨਾ ਤੋਂ 10-10, ਸ਼ਿਮਲਾ ਜ਼ਿਲ੍ਹੇ ਦੇ 3, ਚੰਬਾ ਅਤੇ ਸੋਲਨ ਤੋਂ 2-2 ਅਤੇ ਸਿਰਮੌਰ ਤੋਂ ਇਕ-ਇਕ ਵਿਦਿਆਰਥੀ ਨੇ ਮੈਰਿਟ ਸੂਚੀ ਵਿਚ ਸਥਾਨ ਹਾਸਲ ਕੀਤਾ ਹੈ।

67,988 ਉਮੀਦਵਾਰ ਪਾਸ ਹੋਏ

ਧਰਮਸ਼ਾਲਾ 'ਚ ਪ੍ਰੈੱਸ ਕਾਨਫਰੰਸ ਦੌਰਾਨ ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਹੇਮਰਾਜ ਬੈਰਵਾ ਨੇ ਦੱਸਿਆ ਕਿ 10ਵੀਂ ਜਮਾਤ ਦੀ ਪ੍ਰੀਖਿਆ ਲਈ 91,622 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ 'ਚੋਂ 91,130 ਨੇ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿਚੋਂ 67,988 ਉਮੀਦਵਾਰ ਪਾਸ ਹੋਏ ਜਦਕਿ 10,474 ਉਮੀਦਵਾਰ ਕੰਪਾਰਟਮੈਂਟ ਅਤੇ 12,613 ਵਿਦਿਆਰਥੀ ਫੇਲ੍ਹ ਹੋਏ।


Tanu

Content Editor

Related News