ਸਰਕਾਰੀ ਸਕੂਲਾਂ ਨਾਲ ਜੁੜੀ ਅਹਿਮ ਖ਼ਬਰ, ਸਿੱਖਿਆ ਵਿਭਾਗ ਕਰਨ ਜਾ ਰਿਹਾ ਇਹ ਕੰਮ
Friday, May 10, 2024 - 12:51 PM (IST)
ਚੰਡੀਗੜ੍ਹ (ਆਸ਼ੀਸ਼) : ਨਵੇਂ ਸੈਸ਼ਨ ਲਈ ਸ਼ਹਿਰ ਦੇ ਸਰਕਾਰੀ ਸਕੂਲਾਂ ਲਈ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਵਿਭਾਗ ਵੱਲੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰੀ ਸਕੂਲਾਂ ’ਚ ਸਿੱਖਿਆ ਵਿਚ ਸੁਧਾਰ ਤੇ ਅਧਿਆਪਕਾਂ ਦੀ ਘਾਟ ਪੂਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਸਕੂਲਾਂ ’ਚ 23 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ’ਚ 11ਵੀਂ ’ਚ ਆਨਲਾਈਨ ਦਾਖ਼ਲੇ ਦੇ ਨਾਲ 594 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਪੂਰਾ ਕਰਨ ਜਾ ਰਿਹਾ ਹੈ। 2 ਸਰਕਾਰੀ ਸਕੂਲਾਂ ’ਚ ਬਲਾਕ ਤੇ 3 ਨਵੇਂ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਅੱਧੀ ਰਾਤ ਨੂੰ ਗੈਸ ਲੀਕ, ਇਲਾਕਾ ਕਰ 'ਤਾ ਸੀਲ, ਮੌਕੇ 'ਤੇ ਪੁੱਜੇ ਸਿਹਤ ਮੰਤਰੀ (ਵੀਡੀਓ)
ਧਨਾਸ, ਮਨੀਮਾਜਰਾ ਅਤੇ ਹੱਲੋਮਾਜਰਾ ’ਚ ਨਵੇਂ ਸਕੂਲ ਖੋਲ੍ਹਣ ਦੀ ਤਿਆਰੀ
ਸਿੱਖਿਆ ਵਿਭਾਗ ਵੱਲੋਂ ਸੈਕਟਰ-7 ਦੇ ਸਰਕਾਰੀ ਹਾਈ ਸਕੂਲ ’ਚ ਪ੍ਰੀ-ਪ੍ਰਾਇਮਰੀ ਤੋਂ ਇਲਾਵਾ ਮਲੋਆ ਸਥਿਤ ਜੀ. ਐੱਸ. ਐੱਸ. ਐੱਸ. ਬਲਾਕ ਐਕਸਟੈਨਸ਼ਨ ਤੋਂ ਇਲਾਵਾ ਧਨਾਸ, ਮਨੀਮਾਜਰਾ ਅਤੇ ਹੱਲੋਮਾਜਰਾ ’ਚ ਨਵੇਂ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਪੱਧਰ ਉੱਚਾ ਚੁੱਕ ਕੇ ਅਧਿਆਪਕਾਂ ਦੀ ਘਾਟ ਨੂੰ ਦੂਰ ਕਰਨ ਜਾ ਰਿਹਾ ਹੈ। ਇਸ ਦੀ ਤਿਆਰੀ ਵਿਭਾਗ ਵੱਲੋਂ ਪਿਛਲੇ ਸਾਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਚੋਣ ਜ਼ਾਬਤਾ ਲਾਗੂ ਹੋਣ ਕਾਰਨ ਅਧਿਆਪਕਾਂ ਦੀ ਭਰਤੀ ਦੌਰਾਨ ਪ੍ਰੀਖਿਆ ਨਤੀਜੇ ਐਲਾਨਣ ’ਚ ਦੇਰੀ ਹੋ ਰਹੀ ਹੈ। ਜੂਨ ’ਚ ਨਵੇਂ ਅਧਿਆਪਕਾਂ ਦੀ ਭਰਤੀ ਮੁਕੰਮਲ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅਧਿਆਪਕਾਂ ਦੀਆਂ 594 ਅਸਾਮੀਆਂ ’ਚੋਂ 396 ਜੇ.ਬੀ.ਟੀ ਅਧਿਆਪਕ, 100 ਐੱਨ.ਟੀ.ਟੀ ਅਧਿਆਪਕ ਤੇ 98 ਪੀ.ਜੀ.ਟੀ ਅਧਿਆਪਕ ਨਵੇਂ ਮਿਲਣਗੇ। ਵਿਭਾਗ ਵੱਲੋਂ ਲਿਖਤੀ ਪ੍ਰੀਖਿਆ ਲਈ ਗਈ ਹੈ। ਸਿਰਫ਼ ਨਤੀਜੇ ਐਲਾਨ ਹੋਣੇ ਹਨ।
ਇਹ ਵੀ ਪੜ੍ਹੋ : ਆਪਣੇ ਦਾਦੇ ਦੀ ਗੱਡੀ 'ਚ ਬੈਠ ਕੇ ਨਾਮਜ਼ਦਗੀ ਭਰਨ ਜਾਣਗੇ ਰਵਨੀਤ ਬਿੱਟੂ
ਸਾਰੀਆਂ ਭਰਤੀਆਂ ਜੂਨ ’ਚ ਹੋਣਗੀਆਂ ਪੂਰੀਆਂ
ਵਿਭਾਗ ਅਨੁਸਾਰ ਟੀ. ਜੀ. ਟੀ. ਦੀਆਂ 303 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਲਈ ਜੂਨ ਅੰਤ ’ਚ ਪ੍ਰੀਖਿਆਵਾਂ ਹੋਣਗੀਆਂ। ਟੀ. ਜੀ. ਟੀ. ਤੇ ਸਪੈਸ਼ਲ ਐਜੂਕੇਟਰ ਦੇ ਅਹੁਦਿਆਂ ਨੂੰ ਛੱਡ ਕੇ ਹੋਰ ਨਿਯੁਕਤੀਆਂ ਜੂਨ ’ਚ ਕੀਤੀਆਂ ਜਾਣਗੀਆਂ। ਜੁਲਾਈ ਮਹੀਨੇ ’ਚ ਜਦੋਂ ਸਕੂਲ ਖੁੱਲ੍ਹਣਗੇ ਤਾਂ ਨਵੇਂ ਅਧਿਆਪਕ ਬੱਚਿਆਂ ਦਾ ਸਵਾਗਤ ਕਰਨਗੇ।
ਬੱਚਿਆਂ ਤੇ ਅਧਿਆਪਕਾਂ ਦਾ ਹੋਵੇਗਾ ਮੁਲਾਂਕਣ
ਵਿਭਾਗ ਵੱਲੋਂ ਚਲਾਏ ਜਾ ਰਹੇ 112 ਸਰਕਾਰੀ ਸਕੂਲਾਂ ’ਚ ਅਧਿਆਪਕਾਂ ਤੇ ਬੱਚਿਆਂ ਦੀ ਗਿਣਤੀ ਇਲਾਕੇ ’ਤੇ ਨਿਰਭਰ ਕਰਦੀ ਹੈ। ਪੈਰੀਫਿਰੀ ਤੇ ਕਾਲੋਨੀ ਦੇ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਵੱਧ ਤੇ ਅਧਿਆਪਕ ਘੱਟ ਹਨ। ਸੈਕਟਰ ਦੇ ਸਕੂਲਾਂ ’ਚ ਵੱਖਰਾ ਸਿਸਟਮ ਹੈ। ਸਿੱਖਿਆ ਵਿਭਾਗ ਵੱਲੋਂ ਹਰ ਸਕੂਲ ’ਚ ਬੱਚਿਆਂ ਲਈ ਅਧਿਆਪਕਾਂ ਦਾ ਅਨੁਕੂਲ ਅਨੁਪਾਤ ਬਣਾਉਣ ਲਈ ਸਮੀਕਰਣ ਬਣਾਏ ਜਾ ਰਹੇ ਹਨ। ਇਸ ਨਾਲ ਸਰਕਾਰੀ ਸਕੂਲ ’ਚ ਪੜ੍ਹਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8