ਗੈਂਗਸਟਰਾਂ ਤੇ ਮਨੀ ਮਾਫੀਆ ਦੇ ਗੱਠਜੋੜ ਨੂੰ ਤਾਰ-ਤਾਰ ਕਰਨ ਨਿਕਲੇ ਸਿੰਘਮ

Tuesday, Nov 21, 2017 - 10:30 AM (IST)

ਅੰਮ੍ਰਿਤਸਰ (ਇੰਦਰਜੀਤ, ਅਰੁਣ) - ਪੰਜਾਬ ਵਿਚ ਵੱਧ ਰਹੇ ਗੈਂਗਸਟਰਾਂ ਦੇ ਖਤਰੇ ਦਾ ਪ੍ਰਛਾਵਾਂ ਜਿਥੇ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ ਉਥੇ ਹੀ ਪੁਲਸ ਲਈ ਵੀ ਇਨ੍ਹਾਂ ਨੂੰ ਰੋਕਣਾ ਇਕ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ। 
ਇਨ੍ਹਾਂ ਗੈਂਗਸਟਰਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਇਕ ਵਿਸ਼ੇਸ਼ ਯੋਜਨਾ ਹੇਠ ਪੰਜਾਬ ਵਿਚ ਨਵੇਂ ਸਥਾਪਤ ਹੋਏ ਵਿੰਗ ਏ. ਟੀ. ਐੱਸ. (ਐਂਟੀ ਟੈਰੇਰਿਸਟ ਸਕੁਐਡ) ਨੇ ਇਸ ਦੇ ਕਾਰਨ ਲੱਭਣ ਵਿਚ ਕਈ ਅਜਿਹੀਆਂ ਚੀਜ਼ਾਂ ਵੇਖੀਆਂ ਹਨ ਜੋ ਅਜੇ ਤੱਕ ਪੁਲਸ ਅਤੇ ਹੋਰ ਵਿਭਾਗਾਂ ਦੇ ਸਾਹਮਣੇ ਸਿੱਧੇ ਤੌਰ 'ਤੇ ਨਹੀਂ ਆ ਰਹੀਆਂ ਸੀ। ਇਨ੍ਹਾਂ ਵਿਚ ਮੁੱਖ ਤੌਰ 'ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਜਾਂਚਣ 'ਤੇ ਪਾਇਆ ਗਿਆ ਹੈ ਕਿ ਗੈਂਗਸਟਰਾਂ ਅਤੇ ਮਨੀ ਮਾਫੀਆ ਵਿਚ ਮਜ਼ਬੂਤ ਸਬੰਧ ਹੈ ਜਿਸ ਕਾਰਨ ਗੈਂਗਸਟਰ ਅੰਦਰ ਹੀ ਅੰਦਰ ਆਪਣੀ ਤਾਕਤ ਵਧਾਉਂਦੇ ਜਾਂਦੇ ਹਨ। ਇਥੋਂ ਤੱਕ ਕਿ ਗੈਂਗਸਟਰ ਜੇਲਾਂ ਵਿਚ ਜਾਣ ਤੋਂ ਬਾਅਦ ਵੀ ਪਹਿਲਾਂ ਦੀ ਤਰ੍ਹਾਂ ਹੀ ਆਪਣਾ ਕੰਮ-ਕਾਜ ਚਲਾਉਂਦੇ ਹਨ ਪਰ ਹੁਣ ਇਸ ਅਪਰਾਧਿਕ ਗੱਠਜੋੜ ਨੂੰ ਤੋੜਨ ਵਿਚ ਸਿੰਘਮ ਦੇ ਰਾਡਾਰ 'ਤੇ ਗੈਂਗਸਟਰ ਅਤੇ ਮਨੀ ਮਾਫੀਆ ਆਉਣਗੇ। 
ਕਿਵੇਂ ਬਣਦੈ ਗੈਂਗਸਟਰ-ਮਨੀ ਮਾਫੀਆ ਗਠਜੋੜ?
ਏ. ਟੀ. ਐੱਸ. ਦੀ ਜਾਂਚ ਵਿਚ ਪਤਾ ਲੱਗਾ ਕਿ ਗੈਂਗਸਟਰਾਂ ਦੇ ਪਿੱਛੇ ਜ਼ਿਆਦਾਤਰ ਉਹ ਲੋਕ ਹੁੰਦੇ ਹਨ ਜੋ ਵੱਡੀਆਂ ਰਕਮਾਂ ਲੋਕਾਂ ਨੂੰ ਉੱਚੇ ਵਿਆਜ 'ਤੇ ਦਿੰਦੇ ਹਨ। ਇਨ੍ਹਾਂ ਵਿਚ ਜੋ ਲੋਕ ਵਿਆਜ ਤੋਂ ਡਿਫਾਲਟਰ ਬਣ ਜਾਂਦੇ ਹਨ ਮਨੀ ਮਾਫੀਆ ਦੀਆਂ ਨਜ਼ਰਾਂ ਉਨ੍ਹਾਂ ਦੀ ਜਾਇਦਾਦ ਹੜੱਪਣ 'ਤੇ ਪਹੁੰਚ ਜਾਂਦੀਆਂ ਹਨ ਪਰ ਜਾਇਦਾਦ ਨੂੰ ਹੜੱਪਣ ਲਈ ਉਨ੍ਹਾਂ ਨੂੰ ਗੈਂਗਸਟਰਾਂ ਦੀ ਲੋੜ ਪੈਂਦੀ ਹੈ ਅਤੇ ਮਿਲੀ ਹੋਈ ਰਕਮ 'ਤੇ ਵਧੀ ਕਮਾਈ ਦਾ ਹਿੱਸਾ ਗੈਂਗਸਟਰਾਂ ਨੂੰ ਮਿਲ ਜਾਂਦਾ ਹੈ।  ਇਸ ਵਿਚ ਚੇਨ ਉਸ ਵਕਤ ਹੋਰ ਵਧ ਜਾਂਦੀ ਹੈ ਜਦੋਂ ਗੈਂਗਸਟਰ ਹੀ ਇਨ੍ਹਾਂ ਦਾ ਰੁਪਿਆ ਕਢਵਾਉਂਦੇ ਹਨ ਅਤੇ ਗੈਂਗਸਟਰਾਂ ਵੱਲੋਂ ਕਢਵਾਏ ਪੈਸਿਆਂ ਨੂੰ ਉਹ ਅੱਗੇ ਫਿਰ ਵਿਆਜ 'ਤੇ ਦੇ ਦਿੰਦੇ ਹਨ ਇਸ ਤਰ੍ਹਾਂ ਉਨ੍ਹਾਂ ਦੀ ਦੋ ਨੰਬਰ ਦੀ ਚੇਨ ਬਣੀ ਰਹਿੰਦੀ ਹੈ ਅਤੇ ਪੈਸਾ ਰੱਖਣ ਲਈ ਬੈਂਕ ਆਦਿ ਦੀ ਲੋੜ ਨਹੀਂ ਪੈਂਦੀ।  
ਗੈਂਗਸਟਰਾਂ ਦੇ ਨਿਸ਼ਾਨੇ 'ਤੇ ਆਉਂਦੇ ਹਨ ਅਮੀਰਾਂ ਦੇ ਮੁੰਡੇ
ਜ਼ਿਆਦਾਤਰ ਗੈਂਗਸਟਰ ਅਮੀਰ ਲੋਕਾਂ ਦੇ ਭੋਲੇ-ਭਾਲੇ ਮੁੰਡਿਆਂ ਨੂੰ ਆਪਣੀ ਸ਼ੁਹਰਤ ਦੇ ਜਾਲ ਵਿਚ ਫਸਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮੈਚ ਫਿਕਸਿੰਗ, ਬੁਕੀ ਆਦਿ ਕੰਮਾਂ ਵਿਚ ਪੈਸੇ ਲਵਾ ਦਿੰਦੇ ਹਨ ਫਿਰ ਕੁਝ ਕਮਾਈ ਵਿਖਾਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ ਅਤੇ ਫਿਰ ਇਹ ਲੋਕ ਵੀ ਇਨ੍ਹਾਂ ਦੀ ਚੇਨ ਦੀ ਲੜੀ ਬਣ ਜਾਂਦੇ ਹਨ।
ਮਨੀ ਮਾਫੀਆ ਦੇ ਲਗਾਏ ਚੈੱਕਾਂ ਦੀ ਕੀਤੀ ਜਾਵੇਗੀ ਜਾਂਚ 
ਏ. ਟੀ. ਐੱਸ. ਅਧਿਕਾਰੀ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਆਮ ਤੌਰ 'ਤੇ ਵਿਆਜ 'ਤੇ ਦਿੱਤੀ ਰਕਮ ਦੇ ਬਦਲੇ ਮਨੀ ਮਾਫੀਆ ਲੋਕਾਂ ਤੋਂ ਬਤੌਰ ਅਮਾਨਤ ਖਾਲੀ ਚੈੱਕ ਲੈ ਲੈਂਦੇ ਹਨ।  ਇਨ੍ਹਾਂ ਕੋਰੇ ਚੈੱਕਾਂ 'ਤੇ ਕੀਤੇ ਦਸਤਖਤਾਂ ਤੋਂ ਬਾਅਦ ਇਨ੍ਹਾਂ ਚੈੱਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਅਤੇ ਦੂਜੇ ਲੋਕਾਂ ਦੀ ਮਦਦ ਨਾਲ ਬੈਂਕ ਵਿਚ ਪੇਸ਼ ਕਰਨ ਤੋਂ ਬਾਅਦ ਇਨ੍ਹਾਂ ਲੋਕਾਂ 'ਤੇ ਕੇਸ ਬਣਾ ਦਿੰਦੇ ਹਨ। ਏ. ਟੀ. ਐੱਸ.  ਇਨ੍ਹਾਂ ਪੂਰੀਆਂ ਚੀਜ਼ਾਂ ਦੀ ਜਾਂਚ ਕਰੇਗੀ ਕਿ ਕਿਨ੍ਹਾਂ ਲੋਕਾਂ ਦੇ ਚੈਕੱ ਵਾਪਸ ਗਏ ਅਤੇ ਕਿਸ 'ਤੇ ਮਾਮਲੇ ਬਣਾਏ ਗਏ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਮਨੀ ਮਾਫੀਆ ਅਤੇ ਗੈਂਗਸਟਰਾਂ ਦੇ ਡਰੋਂ ਆਤਮਹੱਤਿਆਵਾਂ ਕਰ ਲੈਂਦੇ ਹਨ। ਕਈ ਲੋਕ ਤਾਂ ਇਨ੍ਹਾਂ ਦੇ ਡਰੋਂ ਸ਼ਹਿਰ ਛੱਡ ਕੇ ਭੱਜ ਜਾਂਦੇ ਹਨ। 
ਕਤਲਾਂ ਨੂੰ ਜੋੜਿਆ ਜਾਂਦਾ ਹੈ ਅੱਤਵਾਦ ਨਾਲ 
ਦੇਖਣ ਵਿਚ ਆਇਆ ਹੈ ਕਿ ਜਦੋਂ ਗੈਂਗਸਟਰ ਕਿਸੇ ਦੀ ਹੱਤਿਆ ਕਰਦੇ ਹਨ ਤਾਂ ਇਸ ਦੇ ਬਾਅਦ ਉੱਠੇ ਬਵਾਲ ਦੇ ਬਾਅਦ ਇਸ ਨੂੰ ਅੱਤਵਾਦ ਦੀ ਘਟਨਾ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਦੀ ਹਕੀਕਤ ਇਹ ਹੁੰਦੀ ਹੈ ਕਿ ਗੈਂਗਸਟਰਾਂ ਦੀ ਆਪਸੀ ਰੰਜਿਸ਼ ਅਤੇ ਮਨੀ ਮਾਫੀਆ ਦੇ ਲੈਣ-ਦੇਣ ਬਾਰੇ ਚੱਲ ਰਹੇ ਵਿਵਾਦ ਦੇ ਬਾਅਦ ਜਦੋਂ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਗੈਂਗਸਟਰ ਘਾਤਕ ਹੋ ਜਾਂਦੇ ਹਨ ਅਤੇ ਕਤਲ ਤੋਂ ਬਾਅਦ ਕੋਈ ਮੌਕੇ 'ਤੇ ਪ੍ਰਤੱਖ ਗਵਾਹੀ ਨਾ ਮਿਲਣ ਦੇ ਕਾਰਨ ਇਸ ਨੂੰ ਅੱਤਵਾਦ ਦੀ ਘਟਨਾ ਨਾਲ ਜੋੜ ਦਿੱਤਾ ਜਾਂਦਾ ਹੈ ਜਿਸ ਨਾਲ ਸਮਾਜਿਕ ਸੰਤੁਲਨ ਵਿਗੜਨ ਲੱਗਦਾ ਹੈ ਅਤੇ ਦੰਗਾ-ਫਸਾਦ ਵਧਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ ਪਰ ਏ. ਟੀ. ਐੱਸ. ਅਜਿਹੇ ਮਾਮਲਿਆਂ ਨੂੰ ਹੁਣ ਆਪਣੇ ਐਂਗਲ ਤੋਂ ਦੇਖੇਗੀ ਤਾਂ ਕਿ ਇਸ ਦੀ ਪੂਰੀ ਸੱਚਾਈ ਤੱਕ ਅੱਪੜਿਆ ਜਾਵੇ।  
ਸਮਾਜ ਦੀਆਂ ਨਜ਼ਰਾਂ ਵਿਚ ਗੈਂਗਸਟਰ ਅਤੇ ਸੂਦਖੋਰ ਵੱਖ-ਵੱਖ   
ਆਮ ਤੌਰ 'ਤੇ ਸਮਾਜ ਵਿਚ ਗੈਂਗਸਟਰਾਂ ਨੂੰ ਤਾਂ ਗੁੰਡਿਆਂ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਨਾਲ ਹੀ ਇਨ੍ਹਾਂ ਨੂੰ ਅੱਤਵਾਦੀ ਵਾਰਦਾਤਾਂ ਵਿਚ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਦੂਜੇ ਪਾਸੇ ਸਫੈਦਪੋਸ਼ ਲੋਕ ਜੋ ਘਰ ਬੈਠੇ ਵਿਆਜ ਦੀਆਂ ਵੱਡੀਆਂ ਰਕਮਾਂ ਵਸੂਲਦੇ ਹਨ ਅਤੇ ਉਨ੍ਹਾਂ ਦੀ ਵਸੂਲੀ ਨਾ ਹੋਣ 'ਤੇ ਮਾਮਲਿਆਂ ਨੂੰ ਗੈਂਗਸਟਰਾਂ ਦੇ ਹਵਾਲੇ ਕਰ ਦਿੰਦੇ ਹਨ ਪਰ ਇਸ ਮਾਮਲੇ ਵਿਚ ਏ. ਟੀ. ਐੱਸ. ਪੂਰੀ ਸੱਚਾਈ ਸਾਹਮਣੇ ਲਿਆਵੇਗੀ। ਗੈਂਗਸਟਰ ਅਤੇ ਸੂਦ ਮਾਫੀਆ ਦੇ ਕੀ ਸਬੰਧ ਹਨ ਅਤੇ ਸਮਾਜ ਦੀ ਨਜ਼ਰ ਵਿਚ ਜੋ ਲੋਕ ਪਿੱਛੇ ਰਹਿ ਕੇ ਸਫੈਦ ਕੱਪੜਿਆਂ ਵਿਚ ਮਨੀ ਟੈਰਰ ਫੈਲਾਉਂਦੇ ਹਨ ਉਨ੍ਹਾਂ ਨੂੰ ਬੇਨਕਾਬ ਕੀਤਾ ਜਾਵੇਗਾ। 
ਗੈਂਗਸਟਰਾਂ ਤੇ ਮਨੀ ਮਾਫੀਆ ਦਾ ਗੱਠਜੋੜ ਤੋੜਿਆ ਜਾਵੇਗਾ : ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ
ਇਸ ਸਬੰਧ ਵਿਚ ਏ. ਟੀ. ਐੱਸ. ਦੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਗੈਂਗਸਟਰਾਂ ਅਤੇ ਮਨੀ ਮਾਫੀਆ ਵਿਚ ਗੱਠਜੋੜ ਦੀ ਸਭ ਤੋਂ ਪਹਿਲਾਂ ਜਾਂਚ ਕਰਨ ਉਪਰੰਤ ਚੇਨ ਤੋੜੀ ਜਾਵੇਗੀ। ਉਨ੍ਹਾਂ  ਕਿਹਾ ਕਿ ਜੇਕਰ ਗੈਂਗਸਟਰਾਂ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਟੁੱਟ ਜਾਵੇ ਤਾਂ ਇਨ੍ਹਾਂ ਨੂੰ ਫੜਨਾ ਹੋਰ ਵੀ ਆਸਾਨ ਹੋ ਜਾਵੇਗਾ। ਅਕਸਰ ਵੇਖਿਆ ਜਾਂਦਾ ਹੈ ਕਿ ਪੈਸੇ ਦੇ ਜ਼ੋਰ 'ਤੇ ਇਹ ਲੋਕ ਜੇਲਾਂ ਵਿਚ ਰਹਿ ਕੇ ਵੀ ਬਾਹਰ ਦੇ ਮੁਲਜ਼ਮਾਂ ਨੂੰ ਨਿਰਦੇਸ਼ ਦੇ ਕੇ ਇਨ੍ਹਾਂ ਤੋਂ ਕਤਲ ਕਰਵਾਂਦੇ ਹਨ। 


Related News