ਆਮਦਨ ਤੋਂ ਜ਼ਿਆਦਾ ਪ੍ਰਾਪਰਟੀ ਮਾਮਲੇ ''ਚ ਸਾਬਕਾ ਅਸਿਸਟੈਂਟ ਇੰਜੀਨੀਅਰ ਤੇ ਪਤਨੀ ਨੂੰ ਸਜ਼ਾ

03/13/2020 4:00:43 PM

ਚੰਡੀਗੜ੍ਹ (ਸੰਦੀਪ : ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਯੂ. ਟੀ. ਦੇ ਸਾਬਕਾ ਅਸਿਸਟੈਂਟ ਇੰਜੀਨੀਅਰ ਰਾਜੇਸ਼ ਅਤੇ ਉਸ ਦੀ ਪਤਨੀ ਮੰਜੂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਹੈ। ਨਾਲ ਹੀ ਅਦਾਲਤ ਨੇ ਪਤੀ-ਪਤਨੀ 'ਤੇ 85 ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਹੈ। ਦੋਨਾਂ ਖਿਲਾਫ ਸੀ. ਬੀ. ਆਈ. ਨੇ ਸਾਲ 2010 'ਚ ਕੇਸ ਦਰਜ ਕੀਤਾ ਸੀ। ਅਦਾਲਤ ਨੇ ਆਦੇਸ਼ ਸੁਣਾਉਂਦੇ ਹੋਏ ਕਿਹਾ ਕਿ ਸਰਕਾਰੀ ਅਫਸਰ ਆਪਣੇ ਨਿੱਜੀ ਲਾਭ ਲਈ ਆਪਣੀ ਪਾਵਰ ਦੀ ਦੁਰਵਰਤੋਂ ਕਰ ਰਹੇ ਹਨ। ਇਕ ਭ੍ਰਿਸ਼ਟ ਅਫਸਰ ਪੂਰੇ ਵਿਭਾਗ ਨੂੰ ਬਦਨਾਮ ਕਰ ਦਿੰਦਾ ਹੈ। ਸਮਾਜ 'ਚ ਵਧ ਰਹੇ ਭ੍ਰਿਸ਼ਟਾਚਾਰ ਨੂੰ ਘੱਟ ਕਰਨ ਲਈ ਅਜਿਹੇ ਅਫਸਰਾਂ ਖਿਲਾਫ ਸਖਤ ਕਾਰਵਾਈ ਦੀ ਲੋੜ ਹੈ।
ਤਨਖਾਹ ਤੋਂ ਤਿੰਨ ਗੁਣਾ ਦੀ ਜਾਇਦਾਦ ਮਿਲੀ
ਸੀ. ਬੀ. ਆਈ. ਦੇ ਸਰਕਾਰੀ ਵਕੀਲ ਕੰਵਰਪਾਲ  ਸਿੰਘ ਨੇ ਅਦਾਲਤ 'ਚ ਦਲੀਲ ਦਿੰਦੇ ਹੋਏ ਕਿਹਾ ਕਿ ਰਾਜੇਸ਼ ਅਤੇ ਉਸਦੀ ਪਤਨੀ ਨੇ 13 ਸਾਲਾਂ 'ਚ 56 ਲੱਖ ਰੁਪਏ ਦੀ ਤਨਖਾਹ ਲਈ, ਪਰ ਇਨ੍ਹਾਂ ਕੋਲੋਂ ਵੱਖ-ਵੱਖ ਸਰੋਤਾਂ ਤੋਂ 1 ਕਰੋੜ 36 ਲੱਖ ਰੁਪਏ ਤੋਂ ਵੀ ਜਿਆਦਾ ਦੀ ਜਾਇਦਾਦ ਮਿਲੀ। ਇਹ ਜਾਇਦਾਦ ਇਨ੍ਹਾਂ ਕੋਲ ਕਿਸਾਨ ਵਿਕਾਸ ਪੱਤਰ, ਬੈਂਕ ਸੇਵਿੰਗ, ਐੱਫ. ਡੀ., ਪੋਸਟ ਆਫਿਸ ਸੇਵਿੰਗ ਅਤੇ ਪਲਾਟ ਦੇ ਰੂਪ 'ਚ ਸੀ। ਸੀ. ਬੀ. ਆਈ. ਦਾ ਦੋਸ਼ ਹੈ ਕਿ ਇਨ੍ਹਾਂ ਨੇ ਆਪਣੀ ਕਮਾਈ ਤੋਂ ਕਿਤੇ ਜਿਆਦਾ ਜਾਇਦਾਦ ਬਣਾਈ ਹੋਈ ਸੀ।
70 ਹਜ਼ਾਰ ਰੁਪਏ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ
ਜ਼ਿਕਰਯੋਗ ਹੈ ਕਿ ਸਾਲ 2009 'ਚ ਸੀ. ਬੀ. ਆਈ.  ਨੇ ਰਾਜੇਸ਼ ਨੂੰ 70 ਹਜ਼ਾਰ ਰੁਪਏ ਦੀ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਰਾਜੇਸ਼ ਦੀ ਗ੍ਰਿਫਤਾਰੀ ਤੋਂ ਬਾਅਦ ਸੀ. ਬੀ. ਆਈ. ਜਾਂਚ ਤਹਿਤ ਪਤਾ ਚੱਲਿਆ ਸੀ ਕਿ ਉਸ ਕੋਲ ਕਰੋੜਾਂ ਦੀ ਜਾਇਦਾਦ ਹੈ। ਇਸਤੋਂ ਬਾਅਦ ਸੀ. ਬੀ. ਆਈ. ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਵੀ ਕੇਸ ਦਰਜ ਕੀਤਾ। 70 ਹਜ਼ਾਰ ਰੁਪਏ ਦੀ ਰਿਸ਼ਵਤ ਕੇਸ 'ਚ ਰਾਜੇਸ਼ ਨੂੰ ਸਾਲ 2012 'ਚ ਢਾਈ ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਰਾਜੇਸ਼ ਨੇ ਸਾਲ 1987 'ਚ ਯੂ. ਟੀ. ਇੰਜੀਨੀਅਰਿੰਗ ਵਿਭਾਗ 'ਚ ਜੁਆਇੰਨ ਕੀਤਾ ਸੀ, ਜਦੋਂਕਿ ਉਨ੍ਹਾਂ ਦੀ ਪਤਨੀ 1992 'ਚ ਪੰਜਾਬ ਦੇ ਇਕ ਵਿਭਾਗ 'ਚ ਕਲਰਕ ਵਜੋਂ ਜੁਆਇੰਨ ਕੀਤਾ ਸੀ। 1987 ਤੋਂ 2010 ਤੱਕ ਇਨ੍ਹਾਂ ਦੋਨਾਂ ਦੀ ਤਨਖਾਹ ਮਿਲਾਕੇ ਕਰੀਬ 56.26 ਲੱਖ ਬਣਦੀ ਸੀ,  ਜਦੋਂ ਕਿ ਇਨ੍ਹਾਂ ਕੋਲ ਕੁਲ 1 ਕਰੋੜ 36 ਲੱਖ 54,600 ਰੁਪਏ ਦੀ ਜਾਇਦਾਦ ਮਿਲੀ ਸੀ।  


Babita

Content Editor

Related News