ਚੈੱਕ ਫੇਲ ਹੋਣ ''ਤੇ ਵਪਾਰੀ ਨੂੰ ਦੋ ਸਾਲ ਦੀ ਸਜ਼ਾ

05/17/2019 2:39:09 PM

ਲੁਧਿਆਣਾ (ਮਹਿਰਾ) : ਸਥਾਨਕ ਦੇਵਨੂਰ ਸਿੰਘ ਦੀ ਅਦਾਲਤ ਨੇ ਲੁਧਿਆਣਾ ਦੇ ਇਕ ਵਪਾਰੀ ਮੁਨੀਸ਼ ਸੇਠੀ ਨੂੰ ਚੈੱਕ ਫੇਲ ਹੋਣ ਦੇ ਕੇਸ 'ਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਲੁਧਿਆਣਾ ਦੇ ਹੀ ਮੈਸਰਜ਼ ਆਸਥਾ ਇੰਟਰਨੈਸ਼ਨਲ ਪ੍ਰੇਮ ਨਗਰ ਦੇ ਮਾਲਕ ਦੀਪਕ ਬਿੰਦਰਾ ਨੇ ਮੈਸਰਜ਼ ਜੀ ਵਨ ਟ੍ਰੇਡਰਜ਼ ਸ਼ਿਵਪੁਰੀ ਦੇ ਮਾਲਕ ਮੁਨੀਸ਼ ਸੇਠੀ ਖਿਲਾਫ ਚੈੱਕ ਫੇਲ ਹੋਣ ਕਾਰਨ ਅਦਾਲਤ 'ਚ ਸ਼ਿਕਾਇਤ ਦਾਇਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਦੋਸ਼ੀ ਨੇ ਉਨ੍ਹਾਂ ਤੋਂ ਕਾਸਮੈਟਿਕਸ ਦਾ ਸਾਮਾਨ ਖਰੀਦਿਆ ਸੀ। ਇਸ ਦੇ ਚੱਲਦੇ ਆਪਣੇ ਬਿਜਨੈੱਸ 'ਚ ਚਲਦੀ ਦੇਣਦਾਰੀ ਨੂੰ ਲੈ ਕੇ 29 ਜੂਨ, 2017 ਨੂੰ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਚੈੱਕ ਜਾਰੀ ਕੀਤਾ ਸੀ ਅਤੇ ਭਰੋਸਾ ਦਿੱਤਾ ਸੀ ਕਿ ਉਪਰੋਕਤ ਚੈੱਕ ਬੈਂਕ 'ਚ ਲਾਏ ਜਾਣ 'ਤੇ ਪਾਸ ਹੋ ਜਾਵੇਗਾ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੇ ਉਪਰੋਕਤ ਚੈੱਕ ਬੈਂਕ 'ਚ ਲਾਇਆ ਤਾਂ ਉਹ 2 ਅਗਸਤ, 2017 ਨੂੰ ਦੋਸ਼ੀ ਦੇ ਖਾਤੇ 'ਚ ਢੁੱਕਵੀਂ ਰਕਮ ਨਾ ਹੋਣ ਕਾਰਨ ਫੇਲ ਹੋ ਕੇ ਵਾਪਸ ਆ ਗਿਆ ਜਿਸ 'ਤੇ ਉਨ੍ਹਾਂ ਵੱਲੋਂ ਬਕਾਇਦਾ ਦੋਸ਼ੀ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਪਰ ਇਸ ਦੇ ਬਾਵਜੂਦ ਦੋਸ਼ੀ ਨੇ ਉਨ੍ਹਾਂ ਦੀ ਰਾਸ਼ੀ ਵਾਪਿਸ ਨਹੀਂ ਦਿੱਤੀ। ਨਾਲ ਹੀ ਅਦਾਲਤ 'ਚ ਦੋਸ਼ੀ ਨੇ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਦੱਸਿਆ। ਉਨ੍ਹਾਂ ਕਿਹਾ ਕਿ ਉਸ ਦੇ ਖਿਲਾਫ ਝੂਠੀ ਸ਼ਿਕਾਇਤ ਦਾਇਰ ਕੀਤੀ ਗਈ ਹੈ ਅਤੇ ਜਾਰੀ ਕੀਤਾ ਗਿਆ ਚੈੱਕ ਉਨ੍ਹਾਂ ਨਾਲ ਸਬੰਧਤ ਨਾ ਹੋ ਕੇ ਐੱਸ. ਐੱਸ. ਮਟੀਰੀਅਲ ਸਟੋਰ ਨਾਲ ਸਬੰਧਤ ਹਨ ਅਤੇ ਉਸ ਦੀ ਕੋਈ ਦੇਣਦਾਰੀ ਨਹੀਂ ਬਣਦੀ।

ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਅਤੇ ਬਹਿਸ ਸੁਣਨ ਤੋਂ ਬਾਅਦ ਦੋਸ਼ੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਚੈੱਕ ਰਾਸ਼ੀ 1 ਲੱਖ ਰੁਪਏ ਬਤੌਰ ਹਰਜਾਨਾ ਵੀ ਸ਼ਿਕਾਇਤਕਰਤਾ ਨੂੰ ਅਦਾ ਕਰਨ ਦਾ ਹੁਕਮ ਦਿੱਤਾ।


Anuradha

Content Editor

Related News