ਪੱਕੇ ਨਹੀਂ ਹੋਏ ਠੇਕਾ ਕਰਮਚਾਰੀ: ਪਨਬੱਸ-PRTC ਯੂਨੀਅਨ ਬਿਨਾਂ ਸੂਚਨਾ ਕਰੇਗੀ ਬੱਸਾਂ ਦਾ ‘ਚੱਕਾ ਜਾਮ’
Wednesday, Jan 04, 2023 - 02:18 AM (IST)

ਜਲੰਧਰ (ਪੁਨੀਤ) : ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਯੂਨੀਅਨ ਦੇ ਸਰਪ੍ਰਸਤ ਕਮਲ ਕੁਮਾਰ, ਸੂਬਾ ਪ੍ਰਧਾਨ ਰੇਸ਼ਮ ਸਿੰਘ ਅਤੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ 10 ਮਹੀਨਿਆਂ ਦੇ ਸ਼ਾਸਨਕਾਲ ਵਿਚ ਸਰਕਾਰ ਨੇ ਆਪਣੇ ਵਾਅਦੇ ਪੂਰੇ ਕਰਨ ਲਈ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ, ਜਿਸ ਕਾਰਨ ਕੱਚੇ ਕਰਮਚਾਰੀਆਂ 'ਚ ਰੋਸ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਿਗਮ ਚੋਣਾਂ: ਵਾਰਡਬੰਦੀ ਦਾ ਸਰਵੇ ਕਰਨ ਵਾਲਾ ਸਟਾਫ ਕਈ ਕਾਲੋਨੀਆਂ ਤੇ ਮੁਹੱਲਿਆਂ ’ਚ ਗਿਆ ਹੀ ਨਹੀਂ
ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਦਿਨ-ਰਾਤ ਇਕ ਕਰਕੇ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਕਿਸਾਨ ਵਰਗ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਇਸ ਲਈ ਸਰਕਾਰਾਂ ਨੂੰ ਇਨ੍ਹਾਂ ਦੀ ਸਹੂਲਤ ਨੂੰ ਪਹਿਲ ਦੇ ਆਧਾਰ ’ਤੇ ਰੱਖਣਾ ਚਾਹੀਦਾ ਹੈ। ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਗਲਤ ਨੀਤੀਆਂ ਕਾਰਨ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਠੇਕਾ ਕਰਮਚਾਰੀ ਯੂਨੀਅਨ ਇਨ੍ਹਾਂ ਧਰਨਿਆਂ ਨੂੰ ਪੂਰਾ ਸਮਰਥਨ ਦਿੰਦਿਆਂ ਇਨ੍ਹਾਂ ਵਿਚ ਸ਼ਾਮਲ ਹੋਵੇਗੀ।
ਇਹ ਵੀ ਪੜ੍ਹੋ : ‘ਦੇਸ਼ ਦੀ ਸੁਰੱਖਿਆ ਮਜ਼ਬੂਤ ਕਰਨ ਦੇ ਲਈ’ ‘ਸੰਸਦੀ ਕਮੇਟੀ’ ਅਤੇ ‘ਹਵਾਈ ਫੌਜ ਮੁਖੀ’ ਦੇ ਸੁਝਾਅ
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕਈ ਥਾਵਾਂ ’ਤੇ ਟੋਲ ਪਲਾਜ਼ਿਆਂ ’ਤੇ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ, ਜਿਹੜਾ ਕਿ 15 ਜਨਵਰੀ ਤੱਕ ਜਾਰੀ ਰਹੇਗਾ। ਇਸੇ ਲੜੀ 'ਚ ਯੂਨੀਅਨ ਦੀਆਂ ਡਿਪੂ ਇਕਾਈਆਂ ਵੱਲੋਂ ਕ੍ਰਮਵਾਰ ਧਰਨਿਆਂ ਵਿਚ ਹਿੱਸਾ ਲਿਆ ਜਾਵੇਗਾ। ਜਲੰਧਰ ਸਮੇਤ ਵੱਖ-ਵੱਖ ਡਿਪੂਆਂ ਦੇ ਅਹੁਦੇਦਾਰ ਕ੍ਰਮਵਾਰ ਆਪਣੇ ਸਾਥੀਆਂ ਨਾਲ 48-48 ਘੰਟਿਆਂ ਲਈ ਧਰਨਿਆਂ ’ਚ ਸ਼ਾਮਲ ਹੋਣਗੇ। ਅਹੁਦੇਦਾਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਕਾਰਨ ਯੂਨੀਅਨ ਵੱਲੋਂ ਪਾਰਟੀ ਦੀ ਪੂਰੀ ਹਮਾਇਤ ਕੀਤੀ ਗਈ। ਹੁਣ ਸਰਕਾਰ ਬਣੀ ਨੂੰ 10 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਪੱਕਾ ਕਰਨ ਦੀ ਫਾਈਲ ਨੂੰ ਅੱਗੇ ਨਹੀਂ ਵਧਾਇਆ ਜਾ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ CBI ਦੀ ਕਾਰਵਾਈ, ਧੋਖਾਧੜੀ ਦੇ ਮਾਮਲੇ 'ਚ ਇਸ ਕੰਪਨੀ ਨਾਲ ਸਬੰਧਤ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ
ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੰਗਾਂ ਸਬੰਧੀ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਸੀ, ਜਿਸ ਕਾਰਨ ਮੁੱਖ ਸਕੱਤਰ ਨੇ ਮੀਟਿੰਗ ਕਰਕੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ। ਤੈਅ ਸਮਾਂ ਬੀਤਦਾ ਜਾ ਰਿਹਾ ਹੈ ਪਰ ਅਧਿਕਾਰੀਆਂ ਵੱਲੋਂ ਕੀਤੇ ਗਏ ਵਾਅਦੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ। ਅੱਜ ਦੀ ਮੀਟਿੰਗ 'ਚ ਚੱਕਾ ਜਾਮ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਵਿਚ ਫੈਸਲਾ ਲਿਆ ਗਿਆ ਹੈ ਕਿ ਬਿਨਾਂ ਅਗਾਊਂ ਸੂਚਨਾ ਦੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਤਾਂ ਕਿ ਅਧਿਕਾਰੀ ਉਨ੍ਹਾਂ ਨੂੰ ਗੱਲਾਂ ਵਿਚ ਨਾ ਲੈ ਸਕਣ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿਚ ਦੇਰੀ ਕਰਦੀ ਹੈ ਤਾਂ ਯੂਨੀਅਨ ਜ਼ੋਰ-ਸ਼ੋਰ ਨਾਲ ਚੱਕਾ ਜਾਮ ਕਰੇਗੀ।
ਇਹ ਵੀ ਪੜ੍ਹੋ : ਕਤਲ ਤੋਂ ਬਾਅਦ ਹਿਮਾਚਲ ’ਚ ਭੇਸ ਬਦਲ ਕੇ ਲੁਕਿਆ ਗੈਂਗਸਟਰ ਅਜੇ ਪੰਡਿਤ ਗ੍ਰਿਫ਼ਤਾਰ, 2 ਪਿਸਤੌਲ ਤੇ ਕਾਰਤੂਸ ਬਰਾਮਦ
ਜਬਰੀ ਵਸੂਲਿਆ ਜਾ ਰਿਹਾ ਰੋਡ ਟੈਕਸ ਜਨਤਾ ਨਾਲ ਧੋਖਾ
ਬੁਲਾਰਿਆਂ ਨੇ ਕਿਹਾ ਕਿ ਗੱਡੀ ਲੈਣ ਸਮੇਂ ਲੱਖਾਂ ਰੁਪਏ ਟੈਕਸ ਵਜੋਂ ਲਏ ਜਾਂਦੇ ਹਨ ਪਰ ਇਸ ਤੋਂ ਬਾਅਦ ਵੀ ਸਰਕਾਰ ਦਾ ਪੇਟ ਨਹੀਂ ਭਰਦਾ। ਵੱਖ-ਵੱਖ ਥਾਵਾਂ ’ਤੇ ਟੋਲ ਪਲਾਜ਼ੇ ਬਣਾ ਕੇ ਜਨਤਾ ਤੋਂ ਰੋਡ ਟੈਕਸ ਦੇ ਨਾਂ ’ਤੇ ਜਬਰੀ ਵਸੂਲੀ ਕੀਤੀ ਜਾ ਰਹੀ ਹੈ। ਇਸ ਖ਼ਿਲਾਫ਼ ਅਜੇ ਕਿਸਾਨਾਂ ਨੇ ਆਵਾਜ਼ ਉਠਾਈ ਹੈ ਪਰ ਆਉਣ ਵਾਲੇ ਸਮੇਂ ਵਿਚ ਸਰਕਾਰਾਂ ਨੂੰ ਆਮ ਜਨਤਾ ਦਾ ਵਿਰੋਧ ਝੱਲਣਾ ਪਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।