ਹੜਤਾਲ ਕਰ ਰਹੇ ਪੰਜਾਬ ਰੋਡਵੇਜ਼ ਤੇ PRTC ਮੁਲਾਜ਼ਮਾਂ ਵੱਲੋਂ ''ਕੈਪਟਨ'' ਦੀ ਰਿਹਾਇਸ਼ ਘੇਰਨ ਦੀ ਤਿਆਰੀ
Monday, Sep 06, 2021 - 02:55 PM (IST)
ਲੁਧਿਆਣਾ (ਮੋਹਿਨੀ) : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਸਮੂਹ ਡਿਪੂਆਂ ਦੇ ਕੱਚੇ ਕਾਮਿਆਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਨ ਲਗਭਗ 2200 ਪਨਬੱਸ ਅਤੇ PRTC ਦੀਆਂ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ। ਇਸ ਸਮੇਂ ਲੁਧਿਆਣਾ ਡਿਪੂ ਦੇ ਗੇਟ 'ਤੇ ਰੋਸ ਰੈਲੀ ਵਿੱਚ ਸੂਬਾ ਮੀਤ ਪ੍ਰਧਾਨ ਸਤਨਾਮ ਸਿੰਘ, ਪੀ. ਆਰ. ਟੀ. ਸੀ. ਤੋਂ ਸੂਬਾ ਆਗੂ ਜਸਪਾਲ ਸ਼ਰਮਾ, ਪਨਬੱਸ ਤੋਂ ਡਿਪੂ ਪ੍ਰਧਾਨ ਸ਼ਮਸ਼ੇਰ ਸਿੰਘ, ਪੀ. ਆਰ. ਟੀ. ਸੀ. ਤੋਂ ਡਿਪੂ ਪ੍ਰਧਾਨ ਗੁਰਬਾਜ ਸਿੰਘ ਸੈਕਟਰੀ ਅੰਮ੍ਰਿਤਪਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ ਗਿਆ।
ਇਹ ਵੀ ਪੜ੍ਹੋ : ਜਨਾਨੀ ਦੀ ਚਿਖ਼ਾ ਤੋਂ ਅਸਥੀਆਂ ਚੁਗਣ ਗਿਆ ਪਰਿਵਾਰ ਰਹਿ ਗਿਆ ਹੱਕਾ-ਬੱਕਾ, ਜਾਣੋ ਅਜਿਹਾ ਕੀ ਹੋਇਆ
ਉਨ੍ਹਾਂ ਕਿਹਾ ਕਿ ਹੜਤਾਲ ਦੇ ਭੇਜੇ ਗਏ ਨੋਟਿਸ ਦੇ ਸਬੰਧ ਵਿੱਚ ਵੀ ਗੱਲਬਾਤ ਕਰਨ ਲਈ ਕੋਈ ਮੀਟਿੰਗ ਵੀ ਨਹੀਂ ਬੁਲਾਈ, ਜਿਸ ਕਾਰਨ ਅੱਜ ਰੋਸ ਵਜੋਂ ਹੜਤਾਲ ਸ਼ੁਰੂ ਹੋ ਗਈ ਹੈ ਅਤੇ ਮੰਗਲਵਾਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ 'ਤੇ ਪੱਕਾ ਧਰਨਾ ਸ਼ੁਰੂ ਹੋ ਜਾਵੇਗਾ, ਜੋ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਜਾਇਜ਼ ਮੰਗਾਂ ਵਿੱਚ 10 ਹਜ਼ਾਰ ਸਰਕਾਰੀ ਬੱਸਾਂ ਕਰਨ, ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਮਾਣਯੋਗ ਸੁਪਰੀਮ ਕੋਰਟ ਦਾ ਫ਼ੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ, ਰਿਪੋਰਟਾਂ ਦੀਆਂ ਕੰਡੀਸ਼ਨਾ ਰੱਦ ਕਰਕੇ ਮੁਲਾਜ਼ਮ ਬਹਾਲ ਕੀਤੇ ਜਾਣ ਆਦਿ ਮੰਗਾਂ 'ਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਪਹਿਲਾਂ 1 ਜੁਲਾਈ ਅਤੇ ਫਿਰ 6 ਅਗਸਤ ਨੂੰ ਮੀਟਿੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਯੂਨੀਅਨ ਨੂੰ ਭਰੋਸਾ ਦੁਆਇਆ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਇਨ੍ਹਾਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਪਰ ਇਸ ਦੇ ਉਲਟ 16 ਅਤੇ 26 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕੋਈ ਹੱਲ ਨਹੀਂ ਹੋਇਆ। ਇਸ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਚੱਲਣਾ ਪਿਆ।
ਇਹ ਵੀ ਪੜ੍ਹੋ : ਦਰਦਨਾਕ : ਫਾਟਕ ਬੰਦ ਹੋਣ ਕਾਰਨ ਆਟੋ 'ਚ ਤੜਫਦੀ ਰਹੀ ਗਰਭਵਤੀ ਜਨਾਨੀ, ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ
ਮੀਤ ਪ੍ਰਧਾਨ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਬੜੈਚ, ਸੁਖਵਿੰਦਰ ਸਿੰਘ ਬੱਬੂ, ਕੈਸ਼ੀਅਰ ਜਤਿੰਦਰ ਸਿੰਘ ਨੇ ਦੱਸਿਆ ਪੰਜਾਬ ਦੇ ਸਾਰੇ ਅਦਾਰਿਆਂ ਲਈ ਜਿੱਥੇ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਦੀ ਸੀ ਕਿ ਘਰ-ਘਰ ਨੌਕਰੀ ਦਿੱਤੀ ਜਾਵੇਗੀ, ਟਰਾਂਸਪੋਰਟ ਮਾਫ਼ੀਆ ਖ਼ਤਮ ਕਰਨ ਦੇ ਵਾਅਦੇ ਕੀਤੇ ਗਏ ਸੀ ਪਰ ਉਸ ਦੇ ਉਲਟ ਸਰਕਾਰ ਸਾਰੇ ਵਾਅਦੇ ਭੁੱਲ ਬੈਠੀ ਸਰਕਾਰ ਵਾਅਦਿਆਂ ਤੋ ਮੁੱਕਰਦੀ ਨਜ਼ਰ ਆ ਰਹੀ ਹੈ। ਅੱਜ ਸਰਕਾਰ ਦਾ ਨੰਗਾ ਚਿੱਟਾ ਚਿਹਰਾ ਜੋ ਲੋਕਾਂ ਨੂੰ ਮੁਫ਼ਤ ਸਫ਼ਰ ਸਹੂਲਤਾਂ ਦੇਣ ਦੇ ਦਾਅਵੇ ਸੀ, ਦੀ ਫੂਕ ਨਿਕਲਦੀ ਦਿਖਾਈ ਦਿੱਤੀ ਹੈ ਕਿ ਸਰਕਾਰੀ ਬੱਸਾਂ ਅਤੇ ਸਰਕਾਰੀ ਮੁਲਾਜ਼ਮ ਕਿੰਨੇ ਹਨ। ਅਸਲ ਵਿੱਚ ਪਨਬੱਸ ਅਤੇ PRTC ਬੱਸਾਂ ਅਤੇ ਕੱਚੇ ਮੁਲਾਜ਼ਮ ਲੋਕਾਂ ਨੂੰ ਸਹੀ ਸਹੂਲਤਾਂ ਦੇ ਰਹੇ ਸਨ, ਜਿਸ ਦੇ ਸਿਰ 'ਤੇ ਸਰਕਾਰ ਆਪਣੀਆਂ ਵੋਟਾਂ ਵਟੋਰਨ ਦੇ ਮਹਿਲ ਬਣਾ ਰਹੀ ਸੀ। ਹੁਣ ਆਮ ਲੋਕਾਂ ਨੂੰ ਵੀ ਸਵਾਲ ਖੜ੍ਹੇ ਕਰਨੇ ਚਾਹੀਦੇ ਹਨ ਕਿ ਸਰਕਾਰੀ ਬੱਸਾਂ ਕਿੱਥੇ ਹਨ ਤੇ ਸਹੂਲਤਾਂ ਦੇਣ ਵਾਲੇ ਸਰਕਾਰੀ ਮੁਲਾਜ਼ਮ ਕਿੰਨੇ ਹਨ, ਭਾਵ ਬੱਸਾਂ ਬਿਲਕੁਲ ਨਹੀਂ ਹਨ, ਮੁਲਾਜ਼ਮ ਕੱਚੇ ਹਨ। ਪ੍ਰਵੀਨ ਕੁਮਾਰ ਸੈਕਟਰੀ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਮਨਵਉਣ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਜੇਕਰ ਸਰਕਾਰ ਮੰਗਾਂ ਨਹੀ ਮੰਨਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ