ਦੋਹਾਂ ਦੇਸ਼ਾਂ 'ਚ ਨਫਰਤ ਘੱਟਣੀ ਚਾਹੀਦੀ ਹੈ: ਸੀਚੇਵਾਲ

Thursday, Feb 21, 2019 - 05:39 PM (IST)

ਦੋਹਾਂ ਦੇਸ਼ਾਂ 'ਚ ਨਫਰਤ ਘੱਟਣੀ ਚਾਹੀਦੀ ਹੈ: ਸੀਚੇਵਾਲ

ਸੁਲਤਾਨਪੁਰ ਲੋਧੀ (ਸੋਢੀ)— ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਵਾਨਾਂ ਵੱਲੋਂ ਸਰਹੱਦਾਂ 'ਤੇ ਦਿੱਤੀ ਜਾ ਰਹੀ ਸੁਰੱਖਿਆ ਸਦਕਾ ਹੀ ਦੇਸ਼ ਦੇ ਲੋਕ ਸੁੱਖ ਦੀ ਨੀਂਦ ਸੌਂਦੇ ਹਨ। ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਆਪਣੀ ਜਾਨ ਦੀ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ। ਦੋਹਾਂ ਦੇਸ਼ਾਂ 'ਚ ਨਫਰਤ ਘੱਟਣੀ ਚਾਹੀਦੀ ਹੈ। ਸੰਤ ਬਲਬੀਰ ਸਿੰਘ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ 'ਚ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ 'ਚ ਪਹੁੰਚੇ ਸਨ। ਉਨ੍ਹਾਂ ਸ਼ਹੀਦ ਜਵਾਨਾਂ ਦੀ ਕੁਰਬਾਨੀ ਦੇ ਜ਼ਜ਼ਬੇ ਨੂੰ ਸਲਾਮ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਦੇਸ਼ ਦੀ ਖੁਸ਼ਹਾਲੀ ਲਈ ਸਾਰਿਆਂ ਨੂੰ ਇੱਕਜੁਟ ਹੋ ਕੇ ਕੰੰਮ ਕਰਨ ਦੀ ਲੋੜ ਹੈ। ਕਸ਼ਮੀਰ 'ਚ ਅਤਿਵਾਦ ਦੇ ਖਾਤਮੇ ਦੀ ਆਸ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਨਾਲ ਹਰ ਸੂਬੇ ਅਤੇ ਦੇਸ਼ ਦਾ ਵਿਕਾਸ ਹੋ ਸਕਦਾ ਹੈ। ਨਫਰਤ ਜਾਂ ਜੰਗ ਕਦੇ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। 
ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੇ ਦਿਨ ਜ਼ਰੂਰ ਮਣਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਤੋਂ ਪ੍ਰੇਰਣਾ ਮਿਲ ਸਕੇ। ਇਸ ਮੌਕੇ ਸੰਤ ਪਾਲ ਸਿੰਘ ਲੋਹੀਆ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਉਂਦਿਆ ਕਿਹਾ ਕਿ ਅੱਤਵਾਦੀਆਂ ਨੇ ਇਕ ਤਰ੍ਹਾਂ ਨਾਲ ਪਿੱਠ 'ਚ ਛੁਰਾ ਮਾਰਿਆ। ਇਸ ਕਾਰਵਾਈ ਨੂੰ ਉਨ੍ਹਾਂ ਨੇ ਬੁਜ਼ਦਿਲਾਂ ਵਾਲੀ ਕਾਰਵਾਈ ਦੱਸਿਆ। ਸੀਚੇਵਾਲ ਦੇ ਸਰਪੰਚ ਤੇਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਵੈਰਾਗਮਈ ਕੀਰਤਨ ਵੀ ਕੀਤਾ। ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ਼ ਸੀਚੇਵਾਲ ਅਤੇ ਨਵਾਂ ਨਨਕਾਣਾ ਚੈਰੀਟੇਬਲ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਵੀ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰੀ ਲਵਾਈ।ਇਸ ਮੌਕੇ ਸੰਤ ਸੁਖਜੀਤ ਸਿੰਘ ਜੀ, ਸਰਪੰਚ ਜੋਗਾ ਸਿੰਘ ਚੱਕ ਚੇਲਾ, ਗੁਰਦੀਪ ਸਿੰਘ ਖੁਰਾਣਾ, ਭਜਨ ਸਿੰਘ ਭੋਰ, ਪ੍ਰੋ: ਕੁਲਵੰਤ ਕੌਰ, ਪ੍ਰੋ ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਰਜਵੰਤ ਕੌਰ, ਪ੍ਰੋ. ਗੁਰਸਾਹਿਬ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ, ਭੂਸ਼ਨ ਕੁਮਾਰ, ਗੁਰਦੇਵ ਸਿੰਘ ਫੌਜੀ, ਤਰਲੋਚਨ ਸਿੰਘ ਫੌਜੀ ਅਤੇ ਹੋਰ ਸੰਗਤਾਂ ਵੀ ਹਾਜ਼ਰ ਸਨ।


author

shivani attri

Content Editor

Related News