ਇਕ ਸਾਲ ਬਾਅਦ ਸਰਕਾਰ ਨੇ ਨਿਭਾਇਆ ਵਾਅਦਾ, ਸ਼ਹੀਦ ਦੇ ਨਾਂ ''ਤੇ ਰੱਖਿਆ ਸਕੂਲ ਦਾ ਨਾਂ

Thursday, Feb 13, 2020 - 07:36 PM (IST)

ਇਕ ਸਾਲ ਬਾਅਦ ਸਰਕਾਰ ਨੇ ਨਿਭਾਇਆ ਵਾਅਦਾ, ਸ਼ਹੀਦ ਦੇ ਨਾਂ ''ਤੇ ਰੱਖਿਆ ਸਕੂਲ ਦਾ ਨਾਂ

ਰੂਪਨਗਰ (ਸੱਜਣ ਸੈਣੀ)— 14 ਫਰਵਰੀ ਦਾ ਦਿਨ 'ਵੈਲਨਟਾਈਨ ਡੇਅ' ਵਜੋਂ ਮਨਾਇਆ ਜਾਂਦਾ ਹੈ। ਇਹ ਦੇਸ਼ ਦੇ ਬੱਚੇ-ਬੱਚੇ ਨੂੰ ਪਤਾ ਹੋਣਾ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸ਼ਾਇਦ ਜ਼ਿਆਦਾਤਰ ਦੇਸ਼ ਵਾਸੀਆਂ ਨੂੰ ਇਹ ਪਤਾ ਨਹੀਂ ਹੋਣਾ ਕਿ ਭਾਰਤੀ ਫੌਜ ਲਈ ਇਹ ਦਿਨ ਕਾਲਾ ਅਤੇ ਮਨਹੂਸ ਹੈ ਕਿਉਂਕਿ 14 ਫਰਵਰੀ 2019 ਦੁਪਹਿਰ ਦ ੇਸਮੇਂ ਪੁਲਵਾਮਾ ਵਿਖੇ ਅੱਤਵਾਦੀਆਂ ਵੱਲੋਂ ਭਾਰਤੀ ਫੌਜ 'ਤੇ ਹਮਲਾ ਕਰਕੇ ਦੇਸ਼ ਦੇ 40 ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਹਮਲੇ 'ਚ 35 ਦੇ ਕਰੀਬ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। ਇਸੇ ਹਮਲੇ 'ਚ ਜ਼ਿਲਾ ਰੂਪਨਗਰ ਦੇ ਪਿੰਡ ਰੋਲੀ ਦਾ 26 ਸਾਲਾ ਕੁਲਵਿੰਦਰ ਸਿੰਘ ਵੀ ਸ਼ਹੀਦ ਹੋਇਆ ਸੀ। 

PunjabKesari

ਪੁਲਵਾਮਾ ਹਮਲੇ 'ਚ ਸ਼ਹੀਦ ਹੋਇਆ ਕੁਲਵਿੰਦਰ ਸਿੰਘ ਮਾਪਿਆਂ ਦਾ ਸੀ ਇਕਲੌਤਾ ਪੁੱਤ 
ਪੁਲਵਾਮਾ ਹਮਲੇ 'ਚ ਸ਼ਹੀਦ ਹੋਇਆ ਕੁਲਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਨਵੰਬਰ 2019 'ਚ ਸ਼ਹੀਦ ਕੁਲਵਿੰਦਰ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ। ਸ਼ਹੀਦ ਕੁਲਵਿੰਦਰ ਸਿੰਘ ਦਾ 16 ਫਰਵਰੀ 2019 ਨੂੰ ਉਸ ਦੇ ਜੱਦੀ ਪਿੰਡ ਰਕੋਲੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਸੀ। ਸ਼ਹੀਦ ਪਰਿਵਾਰ ਨਾਲ ਪੰਜਾਬ ਸਰਕਾਰ ਵੱਲੋਂ ਕੁਝ ਵਾਅਦੇ ਕੀਤੇ ਸਨ, ਜਿਨ੍ਹਾਂ 'ਚ ਇਕ ਵਾਅਦਾ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦਾ ਨਾਮ 'ਸ਼ਹੀਦ ਕੁਲਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਪਿੰਡ ਰੋਲੀ' ਰੱਖ ਦਿੱਤਾ ਗਿਆ ਹੈ। ਇਸ ਦਾ ਉਦਘਾਟਨ ਖੁਦ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਰੂਪਨਗਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਵੀ ਪਹੁੰਚੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦ ਦੇ ਨਾਮ 'ਤੇ ਸਕੂਲ ਦਾ ਖੇਡ ਗਰਾਊਂਡ ਅਤੇ ਪਿੰਡ ਨੂੰ ਆਉਂਦੀ ਸੜਕ ਦਾ ਨਾਮ ਵੀ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਮ 'ਤੇ ਰੱਖਿਆ ਜਾ ਰਿਹਾ ਹੈ ਪਰ ਕੁਲਵਿੰਦਰ ਦੇ ਪਿਤਾ ਦਰਸ਼ਨ ਸਿੰਘ ਦੀ ਮੰਗ ਸੀ ਕਿ ਪਿੰਡ ਨੂੰ ਆਉਂਦੇ ਰਾਹ 'ਤੇ ਸ਼ਹੀਦ ਪੁੱਤਰ ਕੁਲਵਿੰਦਰ ਸਿੰਘ ਦੇ ਨਾਮ 'ਤੇ ਯਾਦਗਾਰ ਗੇਟ ਬਣਵਾਇਆ ਜਾਵੇ, ਜਿਸ ਨੂੰ ਸਰਕਾਰ ਵੱਲੋਂ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਸ਼ਹੀਦ ਦੇ ਪਿਤਾ ਉਦਾਸ ਨਜ਼ਰ ਆਏ। 

PunjabKesari

ਸ਼ਹੀਦ ਕੁਲਵਿੰਦਰ ਦੇ ਪਿਤਾ ਦਰਸ਼ਨ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਇਕ ਸਾਲ ਹੋਣ ਲੱਗਾ ਹੈ, ਉਸ ਦੇ ਪੁੱਤ ਨੂੰ ਸ਼ਹੀਦ ਹੋਏ। ਸਸਕਾਰ ਦੇ ਬਾਅਦ ਸਰਕਾਰ ਨੇ ਉਸ ਦੀ ਸਾਰ ਨਹੀਂ ਲਈ ਹੁਣ ਉਸ ਦੇ ਪੁੱਤ ਦੀ ਬਰਸੀ ਕਰਕੇ ਸਭ ਗੇੜੇ ਮਾਰਨ ਲੱਗ ਪਏ ਹਨ ਜਦੋਂਕਿ ਉਸ ਨੂੰ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫਤਰਾਂ ਦੀਆਂ ਲੰਮੀਆਂ ਲਾਈਨਾਂ 'ਚ ਲੱਗਣਾ ਪੈਂਦਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਸਾਨੂੰ 14 ਫਰਵਰੀ ਦਾ ਵੈਲਨਟਾਈਨ ਡੇਅ ਤਾਂ ਯਾਦ ਹੈ ਪਰ ਜਿਨ੍ਹਾਂ ਫੌਜੀ ਜਵਾਨਾਂ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਸਾਨੂੰ ਉਹ ਸਿਰਫ ਇਕ ਸਾਲ 'ਚ ਹੀ ਭੁੱਲ ਗਏ। ਜਦੋਂ ਕਿ ਸਾਨੂੰ ਚਾਹੀਦਾ ਹੈ ਕਿ ਦੇਸ਼ ਦੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ 14 ਫਰਵਰੀ ਨੂੰ ਵੈਲਨਟਾਈਨ ਡੇਅ ਦੀ ਥਾਂ 'ਤੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ 14 ਫਰਵਰੀ ਨੂੰ ਦੇਸ਼ ਦੇ ਸਪੂਤਾਂ ਦਾ ਸ਼ਹੀਦੀ ਦਿਵਸ ਮਨਾਇਆ ਜਾਵੇ, ਪੁਲਵਾਮਾਂ ਦੇ ਉਨ੍ਹਾਂ 40 ਸ਼ਹੀਦਾਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ।


author

shivani attri

Content Editor

Related News