ਆਈ. ਜੀ., ਸੈਸ਼ਨ ਜੱਜ ਤੇ ਡੀ. ਸੀ. ਦੇ ਘਰਾਂ ਨੂੰ ਜਾਂਦੇ ਰਸਤਿਆਂ ''ਤੇ ਚਿੱਕੜ ਹੀ ਚਿੱਕੜ

04/11/2018 5:02:35 AM

ਜਲੰਧਰ, (ਖੁਰਾਣਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਸਾਲ ਪਹਿਲਾਂ ਸਵੱਛ ਭਾਰਤ ਮੁਹਿੰਮ ਸ਼ੁਰੂ ਕਰ ਕੇ ਦੇਸ਼ ਵਾਸੀਆਂ ਨੂੰ ਸਾਫ-ਸਫਾਈ ਰੱਖਣ ਲਈ ਸੁਚੇਤ ਕੀਤਾ ਸੀ। ਸਮੇਂ-ਸਮੇਂ 'ਤੇ ਸਰਕਾਰੀ ਅਧਿਕਾਰੀ ਸਵੱਛ ਭਾਰਤ ਮੁਹਿੰਮ ਦੇ ਨਾਂ 'ਤੇ ਕਈ ਰਸਮਾਂ ਨਿਭਾਉਂਦੇ ਨਜ਼ਰ ਆਉਂਦੇ ਹਨ। ਸਵੱਛ ਭਾਰਤ ਮੁਹਿੰਮ ਨਾਂ 'ਤੇ ਨਗਰ ਨਿਗਮ ਜਲੰਧਰ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਵੀ ਮਿਲ ਚੁੱਕੀ ਹੈ ਪਰ ਫਿਰ ਵੀ ਹਾਲਾਤ ਇਹ ਹਨ ਕਿ ਸ਼ਹਿਰ ਦੇ ਵੀ. ਆਈ. ਪੀ. ਖੇਤਰਾਂ ਵਿਚ ਸਵੱਛ ਭਾਰਤ ਮੁਹਿੰਮ ਕਿਤੇ ਨਜ਼ਰ ਨਹੀਂ ਆਉਂਦੀ।
ਬਾਕੀ ਸ਼ਹਿਰ ਦੀ ਗੱਲ ਜੇਕਰ ਛੱਡ ਵੀ ਦੇਈਏ ਤਾਂ ਸਭ ਤੋਂ ਵੀ. ਆਈ. ਪੀ. ਏਰੀਆ ਸਰਕਟ ਹਾਊਸ ਅਤੇ ਓਲਡ ਬਾਰਾਂਦਰੀ ਨੂੰ ਮੰਨਿਆ ਜਾਂਦਾ ਹੈ। ਓਲਡ ਬਾਰਾਂਦਰੀ ਵਿਚ ਆਈ. ਜੀ., ਸੈਸ਼ਨ ਜੱਜ, ਡੀ. ਸੀ., ਪੁਲਸ ਕਮਿਸ਼ਨਰ ਅਤੇ ਹੋਰ ਸਾਰੇ ਉੱਚ ਅਧਿਕਾਰੀਆਂ ਦੀ ਸਰਕਾਰੀ ਰਿਹਾਇਸ਼ ਹੈ। ਸਰਕਟ ਹਾਊਸ ਵਿਚ ਵੀ ਮੰਤਰੀਆਂ ਅਤੇ ਵੀ. ਆਈ. ਪੀ. ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਸਰਕਟ ਹਾਊਸ ਦੇ ਬਿਲਕੁਲ ਨੇੜੇ  ਸਥਿਤ ਵਿਰਸਾ ਵਿਹਾਰ ਦੇ ਬਾਹਰ ਬਣੀ ਸਰਵਿਸ ਲੇਨ 'ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਤੁਹਾਨੂੰ ਚਿੱਕੜ ਹੀ ਚਿੱਕੜ ਨਜ਼ਰ ਆਵੇਗਾ। 
PunjabKesari
ਜ਼ਿਕਰਯੋਗ ਹੈ ਕਿ ਇਹ ਰਸਤਾ ਆਈ. ਜੀ., ਸੈਸ਼ਨ ਜੱਜ. ਡੀ. ਸੀ. ਅਤੇ ਪੁਲਸ ਕਮਿਸ਼ਨਰ ਦੀਆਂ ਕੋਠੀਆਂ ਨੂੰ ਜਾਂਦਾ ਹੈ ਅਤੇ ਇਨ੍ਹਾਂ ਤੋਂ ਕੁਝ ਕਦਮ ਹੀ ਦੂਰ ਹੈ। ਵੈਸੇ ਵੀ ਦੇਖਿਆ ਜਾਵੇ ਤਾਂ ਇਸ ਸਮੇਂ ਨਾਮਦੇਵ ਚੌਕ ਨੂੰ ਸ਼ਹਿਰ ਦਾ ਸਭ ਤੋਂ ਖੂਬਸੂਰਤ ਚੌਕ ਕਿਹਾ ਜਾ ਸਕਦਾ ਹੈ ਪਰ ਇਸ ਚੌਕ ਦੇ ਇਕ ਕਿਨਾਰੇ 'ਤੇ ਸਰਵਿਸ ਲੇਨ ਦੀ ਇੰਨੀ ਮਾੜੀ ਹਾਲਤ ਸਰਕਾਰੀ ਸਿਸਟਮ ਦੇ ਫਲਾਪ ਹੋਣ ਦਾ ਸਬੂਤ ਦੇ ਰਹੀ ਹੈ। ਜੋ ਸਰਕਾਰੀ ਸਿਸਟਮ ਆਪਣੇ ਪ੍ਰਧਾਨ ਮੰਤਰੀ ਦੇ ਕਹੇ ਵਚਨਾਂ ਦੀ ਪਾਲਣਾ ਨਹੀਂ ਕਰ ਸਕਦਾ ਅਤੇ ਆਪਣੇ ਉੱਚ ਅਧਿਕਾਰੀਆਂ ਦੇ ਘਰਾਂ ਨੂੰ ਜਾਂਦੇ ਰਸਤੇ ਨੂੰ ਸਾਫ-ਸੁਥਰਾ ਨਹੀਂ ਕਰ ਸਕਦਾ, ਉਸ ਨੂੰ ਸ਼ਹਿਰ ਦੀ ਕਿੰਨੀ ਪ੍ਰਵਾਹ ਹੋਵੇਗੀ, ਇਹ ਵੇਖਣ ਵਾਲੀ ਗੱਲ ਹੈ।


Related News