ਨੀਟ : ਮੰਤਰੀ ਜੀ ਨੂੰ ਹੀ ਕੁਝ ਪਤਾ ਨਹੀਂ ਹੈ

06/19/2024 5:26:46 PM

ਸਿਆਸੀ ਤੌਰ ’ਤੇ ਬੇਸ਼ੱਕ ਹੀ ਰੱਖਿਆ, ਗ੍ਰਹਿ, ਵਿਦੇਸ਼ ਅਤੇ ਵਿੱਤ ਮੰਤਰੀ ਵੱਧ ਮਹੱਤਵ ਹਾਸਲ ਕਰਦੇ ਹੋਣ ਪਰ ਅਸਲੀ ਮਹੱਤਵ ਦੇ ਮਾਮਲੇ ’ਚ ਵਣਜ, ਸੂਚਨਾ ਤਕਨੀਕ, ਸੜਕੀ ਆਵਾਜਾਈ ਅਤੇ ਵਿਦੇਸ਼ ਵਪਾਰ ਪ੍ਰਮੁੱਖਤਾ ਹਾਸਲ ਕਰਨ ਲੱਗੇ ਹਨ। ਇਕ ਜ਼ਮਾਨੇ ’ਚ ਸੰਚਾਰ ਮੰਤਰਾਲਾ ਵੀ ਕਾਫੀ ਭਾਅ ਪਾ ਰਿਹਾ ਸੀ ਪਰ ਇਨ੍ਹਾਂ ਸਾਰਿਆਂ ਦਰਮਿਆਨ ਉਹ ਮੰਤਰਾਲਾ ਜਿਸ ਨੂੰ ਸਿੱਖਿਆ ਦਾ ਕੰਮ ਸੰਭਾਲਣਾ ਹੈ ਪਰ ਨਾਂ ਮਨੁੱਖੀ ਸਰੋਤ ਵਿਕਾਸ ਕਰ ਦਿੱਤਾ ਗਿਆ ਹੈ, ਲਗਾਤਾਰ ਆਪਣਾ ਭਾਅ ਵਧਾਉਂਦਾ ਗਿਆ ਹੈ ਪਰ ਇਧਰ ਸਿੱਖਿਆ ਮੰਤਰਾਲਾ ਲਗਾਤਾਰ ਕਈ ਤਰ੍ਹਾਂ ਦੇ ਵਿਵਾਦਾਂ ’ਚ ਰਿਹਾ ਹੈ ਅਤੇ ਇਸ ਅਹੁਦੇ ਦਾ ਮਹੱਤਵ ਵੀ ਘੱਟ ਹੋਇਆ ਹੈ।

ਜਿਸ ਤਰ੍ਹਾਂ ਦੇਸ਼ ਭਰ ਦੇ ਮੈਡੀਕਲ ਕਾਲਜਾਂ ’ਚ ਦਾਖਲੇ ਲਈ ਹੋਣ ਵਾਲੀ ਦਾਖਲਾ ਪ੍ਰੀਖਿਆ ‘ਨੀਟ’ ਦੇ ਨਤੀਜੇ ਨੂੰ ਲੈ ਕੇ ਵਿਵਾਦ ਹੋਇਆ ਹੈ, ਸਾਨੂੰ ਸਾਰਿਆਂ ਨੂੰ ਇਸ ਵਿਭਾਗ ਅਤੇ ਇਸ ਦੇ ਕੰਮ ਦਾ ਮਹੱਤਵ ਸਮਝ ’ਚ ਆਉਣ ਲੱਗਾ ਹੈ। ਮਹੱਤਵ ਤਾਂ ਇਸ ਦੇ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਜ਼ਿਆਦਾ ਪਤਾ ਹੈ ਪਰ ਉਹ ਕੁਝ ਅਜਿਹਾ ਸਲੂਕ ਕਰ ਰਹੇ ਹਨ ਜਿਵੇਂ ਉਹ ਇਸ ਪੂਰੇ ਕੰਮ ਤੋਂ ਕੁਝ ਪ੍ਰੇਸ਼ਾਨ ਹੋਣ ਅਤੇ ਇਸ ਪ੍ਰੇਸ਼ਾਨੀ ’ਚ ਉਹ ਰਹਿ-ਰਹਿ ਕੇ ਇਕ ਕਦਮ ਚੁੱਕ ਰਹੇ ਹਨ ਜੋ ਮਜਬੂਰੀ ਜਾਂ ਅਦਾਲਤੀ ਹੁਕਮ ਦਾ ਦਬਾਅ ਵੱਧ ਲੱਗਦਾ ਹੈ, ਆਪਣੇ ਵਿਭਾਗ ਦਾ ਦੋਸ਼ ਜਾਂ ਗਲਤੀ ਸੁਧਾਰਨ ਦੀ ਇੱਛਾ ਨਾਲ ਚੁੱਕਿਆ ਗਿਆ ਕਦਮ ਨਹੀਂ ਲੱਗਦਾ।

ਅਤੇ ਜਿਸ ਤਰ੍ਹਾਂ ਉਹ ਪ੍ਰੀਖਿਆ ਆਯੋਜਿਤ ਕਰਨ ਵਾਲੀ ਏਜੰਸੀ ਨੂੰ ਲਗਾਤਾਰ ਦੋਸ਼ਮੁਕਤ ਕਰਦੇ ਜਾ ਰਹੇ ਹਨ ਅਤੇ ਪ੍ਰੀਖਿਆਰਥੀਆਂ ਤੇ ਮਾਪਿਆਂ ਨੂੰ ਝੂਠੇ ਭਰੋਸੇ ਦਿੱਤੇ ਜਾ ਰਹੇ ਹਨ, ਉਹ ਦੱਸਦਾ ਹੈ ਕਿ ਉਹ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰੀਖਿਆ ਦੇ ਦਿਨ ਤੋਂ ਹੀ ਨਹੀਂ, ਉਸ ਤੋਂ ਪਹਿਲਾਂ ਤੋਂ ਹੰਗਾਮਾ ਹੈ ਅਤੇ ਉਹ ਅਣਜਾਣ ਦਿਸਦੇ ਹਨ, ਜਦਕਿ ਜਿਹੜੇ ਕੁਝ ਮੰਤਰੀਆਂ ਨੂੰ ਪੁਰਾਣੇ ਵਿਭਾਗ ਵਾਪਸ ਮਿਲੇ ਹਨ, ਉਨ੍ਹਾਂ ’ਚ ਧਰਮਿੰਦਰ ਪ੍ਰਧਾਨ ਵੀ ਹਨ। ਇਸ ਦਾ ਤਤਕਾਲ ਇਹ ਨਤੀਜਾ ਕੱਢਣ ਦੀ ਲੋੜ ਨਹੀਂ ਹੈ ਕਿ ਖੁਦ ਉਨ੍ਹਾਂ ਦੀ ਇਸ ਘਪਲੇ ’ਚ ਸ਼ਮੂਲੀਅਤ ਹੈ ਪਰ ਇਹ ਜ਼ਰੂਰੀ ਪੁੱਛਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਕਿਵੇਂ ਪਤਾ ਨਹੀਂ ਸੀ।

ਪ੍ਰੀਖਿਆ ਦਾ ਫਾਰਮ ਭਰਨ ਦੀ ਤਰੀਕ ਲੰਘਣ ਦੇ ਬਾਅਦ ਅਚਾਨਕ ਫਾਰਮ ਲੈਣ ਵਾਲੀ ਖਿੜਕੀ ਖੁੱਲ੍ਹੀ ਤੇ 24,000 ਫਾਰਮ ਜਮ੍ਹਾ ਹੋ ਗਏ। ਜ਼ਿਆਦਾਤਰ ਗੜਬੜ ਇਸ ਨੂੰ ਲੈ ਕੇ ਹੈ। ਫਿਰ ਬਿਨਾਂ ਕਿਸੇ ਕਾਰਨ ਕੁਝ ਵਿਦਿਆਰਥੀਆਂ ਨੂੰ ਗ੍ਰੇਸ ਮਾਰਕਸ ਦੇ ਦਿੱਤੇ ਗਏ। ਗੜਬੜੀ ਫੜੀ ਗਈ ਤਾਂ ਮੰਤਰੀ ਜੀ ਨੇ ਗ੍ਰੇਸ ਮਾਰਕਸ ਹਟਾਉਣ ਜਾਂ ਦੁਬਾਰਾ ਪ੍ਰੀਖਿਆ ਦਾ ਬਦਲ ਦੇ ਦਿੱਤਾ ਜਿਵੇਂ ਇਕ ਥਾਂ ਦੀ ਗੜਬੜ ਨਾਲ ਦੂਜੇ ਦਾ ਕੋਈ ਸਬੰਧ ਹੀ ਨਾ ਹੋਵੇ।

ਰਿਜ਼ਲਟ ਬੇਮਿਸਾਲ ਆਇਆ ਅਤੇ ਕੱਟ-ਆਫ ਮਾਰਕਸ ਕਿਸੇ ਦੀ ਕਲਪਨਾ ਤੋਂ ਉਪਰ ਪਹੁੰਚ ਗਏ। ਇੰਨੇ ਟਾਪਰ ਹੋ ਗਏ ਕਿ ਗਿਣਨੇ ਔਖੇ। ਪੂਰੇ-ਪੂਰੇ ਅੰਕ ਲੈ ਕੇ ਟਾਪ ਕਰਨ ਵਾਲੇ 6 ਟਾਪਰਾਂ ਵਾਲੇ ਕੇਂਦਰ ਦਾ ਸਕੂਲ ਸੰਚਾਲਨ ਭਾਜਪਾ ਦੇ ਇਕ ਵਿਵਾਦਿਤ ਨੇਤਾ ਕੋਲ ਸੀ। ਇੰਟਰ ਫੇਲ ਵੀ ਟਾਪਰਾਂ ’ਚ ਸੀ ਤਾਂ ਦੂਜੀਆਂ ਦਾਖਲਾ ਪ੍ਰੀਖਿਆਵਾਂ ਦੇ ਟਾਪਰ ਫੇਲ ਹੋ ਗਏ। ਕੁਝ ਕੇਂਦਰ ਦੇ ਬੱਚਿਆਂ ਦਾ ਰਿਜ਼ਲਟ ਹੈਰਾਨੀਜਨਕ ਚੰਗਾ ਹੋਇਆ ਤਾਂ ਕਈ-ਕਈ ਸੂਬਿਆਂ ਦੇ ਕੁਝ ਬੱਚੇ ਹਜ਼ਾਰਾਂ ਮੀਲ ਦੂਰ ਗੁਜਰਾਤ ਦੇ ਇਕ ਕੇਂਦਰ ’ਚ ਪ੍ਰੀਖਿਆ ਦੇਣ ਗਏ ਅਤੇ ਵਧੇਰੇ ਪਾਸ ਹੋ ਗਏ। ਕਈ ਬੱਚਿਆਂ ਨੇ ਜਵਾਬ ਨਾ ਆਉਣ ’ਤੇ ਥਾਂ ਖਾਲੀ ਛੱਡ ਦਿੱਤੀ ਜਿਸ ਨੂੰ ਬਾਅਦ ’ਚ ਭਰੇ ਜਾਣ ਦੀ ਪੁਸ਼ਟੀ ਹੋਈ ਹੈ।

ਪ੍ਰੀਖਿਆ ਦੇ ਦਿਨ ਹੀ ਇਕ ਵੱਡੀ ਹਿੰਦੀ ਅਖਬਾਰ ਨੇ ਆਪਣੇ ਸਾਰੇ ਐਡੀਸ਼ਨਾਂ ’ਚ ਪਟਨਾ ’ਚ ਸਵਾਲ ਲੀਕ ਹੋਣ ਦੀ ਖਬਰ ਛਾਪੀ। ਬੱਚਿਆਂ ਨੂੰ ਪ੍ਰਸ਼ਨ ਪੱਤਰ ਦੇ ਕੇ ਜਵਾਬ ਦਾ ਅਭਿਆਸ ਕਰਾਇਆ ਗਿਆ। ਪਟਨਾ ਪੁਲਸ ਨੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਸਾੜੇ ਗਏ ਪ੍ਰਸ਼ਨ ਪੱਤਰ ਫੜੇ। ਕੁਝ ਵਿਦਿਆਰਥੀ ਅਤੇ ਮਾਪੇ ਵੀ ਫੜੇ ਗਏ ਜਿਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਅਤੇ ਹੱਦ ਤਾਂ ਉਦੋਂ ਹੋ ਗਈ ਜਦੋਂ 30 ਅਤੇ 40 ਲੱਖ ਦੇ ਪੋਸਟ ਡੇਟਿਡ ਚੈੱਕ ਇਨ੍ਹਾਂ ਗਿਰੋਹਾਂ ਕੋਲੋਂ ਮਿਲੇ ਭਾਵ ਪੂਰਾ ਧੰਦਾ ਬੜੇ ਭਰੋਸੇ ਅਤੇ ਯਕੀਨ ਨਾਲ ਚੱਲ ਰਿਹਾ ਸੀ।

ਹਰ ਪਾਸਿਓਂ ਇਸੇ ਤਰ੍ਹਾਂ ਦੀ ਗੜਬੜ ਦੀਆਂ ਖਬਰਾਂ ਆ ਰਹੀਆਂ ਹਨ ਤੇ ਇਸ ਧੰਦੇ ਦੇ ਲਗਾਤਾਰ ਚਲਾਉਣ ਦੀ ਗੱਲ ਦੀ ਵੀ ਪੁਸ਼ਟੀ ਹੋ ਰਹੀ ਹੈ ਪਰ ਮੰਤਰੀ ਜੀ ਹੀ ਇਕਦਮ ਅਣਜਾਣ ਬਣੇ ਬੈਠੇ ਹਨ ਅਤੇ ਅਜੇ ਵੀ ਅਦਾਲਤ ਤੋਂ ਹੁਕਮ ਮਿਲਣ ਦਾ ਪਾਲਣਾ ਹੋਣ ਦੀ ਗੱਲ ਕਰਦੇ ਹਨ। ਜੇਕਰ ਅਦਾਲਤ ਨੇ ਹੀ ਸਭ ਕੁਝ ਕਰਨਾ ਹੈ ਤਾਂ ਤੁਸੀਂ ਕਿਸ ਲਈ ਬਣੇ ਹੋ ਅਤੇ ਤੈਅ ਮੰਨੋ ਕਿ ਅਦਾਲਤ ਵੀ ਅੱਖ ਬੰਦ ਨਹੀਂ ਕਰਨ ਵਾਲੀ ਕਿਉਂਕਿ 40 ਤੋਂ ਵੱਧ ਮੁਕੱਦਮੇ ਹੋ ਚੁੱਕੇ ਹਨ ਅਤੇ ਰੋਜ਼ ਨਵੇਂ ਸਬੂਤਾਂ ਨਾਲ ਪ੍ਰੀਖਿਆਰਥੀਆਂ ਦੇ ਦੋਸ਼ ਸਹੀ ਸਾਬਤ ਹੋ ਰਹੇ ਹਨ।

ਅਤੇ ਇਹ ਖੇਡ ਸਿਰਫ ‘ਨੀਟ’ ਦੀ ਪ੍ਰੀਖਿਆ ’ਚ ਹੋਈ ਹੋਵੇ, ਇਹ ਸੰਭਵ ਨਹੀਂ ਹੈ। ਹਰ ਪ੍ਰੀਖਿਆ ਸ਼ੱਕ ਦੇ ਘੇਰੇ ’ਚ ਹੈ ਅਤੇ ਅੱਧੀਆਂ ਤੋਂ ਵੱਧ ਪ੍ਰੀਖਿਆਵਾਂ ’ਚ ਤਾਂ ਪ੍ਰਸ਼ਨ ਪੱਤਰ ਲੀਕ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਕੋਚਿੰਗ ਸੈਂਟਰ ਅਤੇ ਸਿੱਖਿਆ ਮਾਫੀਆ ਦਾ ਤੰਤਰ ਪੂਰੀ ਤਰ੍ਹਾਂ ਸਿੱਖਿਆ ਪ੍ਰਬੰਧਾਂ ਅਤੇ ਉਨ੍ਹਾਂ ’ਚੋਂ ਵੀ ਖਾਸ ਤੌਰ ’ਤੇ ਦਾਖਲਾ ਪ੍ਰੀਖਿਆਵਾਂ ਨੂੰ ਆਪਣੀ ਪਕੜ ’ਚ ਲੈ ਚੁੱਕਾ ਹੈ ਅਤੇ ਹਰ ਪ੍ਰੀਖਿਆ ਕੇਂਦਰੀ ਪੱਧਰ ’ਤੇ ਅਤੇ ਆਲ ਇੰਡੀਆ ਪੱਧਰ ’ਤੇ ਆਯੋਜਿਤ ਹੋਣ ਨਾਲ ਉਸ ਦਾ ਸੰਚਾਲਨ ਚੁਸਤ-ਦਰੁਸਤ ਢੰਗ ਨਾਲ ਕਰ ਸਕਣਾ ਅਸੰਭਵ ਬਣ ਗਿਆ ਹੈ। ਦੂਰ-ਦੁਰੇਡੇ ਅਤੇ ਅਸੁਰੱਖਿਅਤ ਪ੍ਰੀਖਿਆ ਕੇਂਦਰ ਬਣਾਉਣਾ, ਥੋੜ੍ਹੇ ਜਿਹੇ ਪੈਸਿਆਂ ਲਈ ਵਿਕਣ ਵਾਲੇ ਸਟਾਫ ਨੂੰ ਵੀ ਨਾਲ ਰੱਖਣ ਦੀ ਮਜਬੂਰੀ ਹੈ ਅਤੇ ਫਿਰ ਪੂਰੇ ਵਿਭਾਗ ਦੀ ‘ਕਮਾਈ’ ਅਤੇ ਮੱਖਣ-ਮਿਸ਼ਰੀ ਦਾ ਪ੍ਰਬੰਧ ਇਸੇ ਤੋਂ ਹੁੰਦਾ ਹੈ।

ਕੇਂਦਰ ਤੋਂ ਨਾ ਇਹ ਸੰਭਾਲ ਹੋ ਰਿਹਾ ਹੈ ਅਤੇ ਨਾ ਹੀ ਇਸ ਦੀ ਜ਼ਿੰਮੇਵਾਰੀ ਛੱਡਣ ਦੇ ਮੂਡ ’ਚ ਹੈ। ਇਹ ਸਿੱਖਿਆ ਦੇ ਸੁਧਾਰ ਅਤੇ ਇਕਰੂਪਤਾ ਤੋਂ ਵੱਧ ਧੰਦੇ ਦੀ ਚੀਜ਼ ਬਣ ਗਿਆ ਹੈ ਜਿਸ ਦਾ ਨਤੀਜਾ ਇਹ ‘ਨੀਟ’ ਘਪਲਾ ਹੈ ਅਤੇ ਪ੍ਰਧਾਨ ਮੰਤਰੀ ਜੇਕਰ ਇਸ ਸਵਾਲ ’ਤੇ ਕੋਈ ਚਿੰਤਾ ਰੱਖਦੇ ਹਨ ਜਾਂ ਆਪਣੇ ਅਕਸ ਲਈ ਹੀ ਸੁਚੇਤ ਹੋਣ ਤਾਂ ਉਨ੍ਹਾਂ ਨੂੰ ਵੱਡੇ ਕਦਮ ਚੁੱਕਣੇ ਹੀ ਹੋਣਗੇ।

ਅਰਵਿੰਦ ਮੋਹਨ


Tanu

Content Editor

Related News