DGP ਗੌਰਵ ਯਾਦਵ ਦੀ ਸਖ਼ਤੀ, ਫੀਲਡ ਅਫ਼ਸਰਾਂ ਨੂੰ ਨਸ਼ਿਆਂ ਤੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਦੇ ਦਿੱਤੇ ਹੁਕਮ

06/14/2024 11:10:03 AM

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)-ਡੀ. ਜੀ. ਪੀ. ਗੌਰਵ ਯਾਦਵ ਨੇ ਵੀਡੀਓ ਕਾਨਫ਼ਰੰਸ ਰਾਹੀਂ ਸਟੇਸ਼ਨ ਹਾਊਸ ਅਫ਼ਸਰ (ਐੱਸ. ਐੱਚ. ਓ.) ਰੈਂਕ ਤੱਕ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਸੂਬਾ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਅਧਿਕਾਰੀਆਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਖੁੱਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਪੇਸ਼ੇਵਾਰਾਨਾ ਢੰਗ ਨਾਲ ਕੰਮ ਕਰਦਿਆਂ ਸੂਬੇ ’ਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਆਪਣੇ ਪੱਧਰ ’ਤੇ ਢੁੱਕਵੇਂ ਫ਼ੈਸਲੇ ਲੈ ਸਕਦੇ ਹਨ, ਜਿਸ ਦਾ ਉਨ੍ਹਾਂ ਵੱਲੋਂ ਪੂਰੀ ਤਰ੍ਹਾਂ ਸਮਰਥਨ ਕੀਤਾ ਜਾਵੇਗਾ। ਪੰਜਾਬ ਦੀਆਂ ਸਾਰੀਆਂ 8 ਰੇਂਜਾਂ ਦੇ ਏ. ਡੀ. ਜੀ. ਪੀ./ਆਈ. ਜੀ./ਡੀ. ਆਈ. ਜੀ., 28 ਸੀ.ਪੀਜ਼/ਐੱਸ. ਐੱਸ. ਪੀਜ਼, 117 ਡੀ. ਐੱਸ. ਪੀਜ਼) ਅਤੇ 454 ਐੱਸ. ਐੱਚ. ਓਜ਼ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸੰਗਠਿਤ ਅਪਰਾਧ, ਨਸ਼ਾ ਸਮੱਗਲਿੰਗ ਅਤੇ ਅੱਤਵਾਦ ਵਿਰੁੱਧ ਜ਼ਮੀਨੀ ਪੱਧਰ ’ਤੇ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕੀਤੀ।

ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ ਦਾ ਨਾਂ ਬਦਲਣ ਨੂੰ ਲੈ ਕੇ ਸੁਨੀਲ ਜਾਖੜ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ

ਮੀਟਿੰਗ ’ਚ ਵਿਸ਼ੇਸ਼ ਡੀ. ਜੀ. ਪੀ. ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ਼.) ਕੁਲਦੀਪ ਸਿੰਘ, ਵਿਸ਼ੇਸ਼ ਡੀ. ਜੀ. ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਏ. ਡੀ. ਜੀ. ਪੀ. ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ.ਐੱਫ.) ਪ੍ਰਮੋਦ ਬਾਨ, ਏ. ਡੀ. ਜੀ. ਪੀ. ਇੰਟੈਲੀਜੈਂਸ ਆਰ. ਕੇ. ਜੈਸਵਾਲ ਅਤੇ ਏ. ਡੀ. ਜੀ. ਪੀ. ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਸਮੇਤ ਹੋਰ ਸੀਨੀਅਰ ਪੱਧਰ ਦੇ ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਨੇ ਨਸ਼ਾ ਸਮੱਗਲਰਾਂ ’ਤੇ ਚੌਕਸੀ ਨੂੰ ਵਧਾਉਂਦਿਆਂ ਵਿਕਰੀ ਵਾਲੀਆਂ ਥਾਵਾਂ ’ਤੇ ਨਸ਼ੇ ਦੀ ਸਪਲਾਈ ਨੂੰ ਕੰਟਰੋਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪਲਾਈ ਚੇਨ ਨੂੰ ਤੋੜਨ ਲਈ ਵੱਡੇ ਸਮੱਗਲਰਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ।

ਨਸ਼ਾ ਸਮੱਗਲਰਾਂ ਬਾਰੇ ਜਾਣਕਾਰੀ ਦੇਣ ਲਈ ਹੈਲਪਲਾਈਨ ਕੀਤੀ ਜਾਵੇਗੀ ਸਥਾਪਿਤ : ਕੁਲਦੀਪ ਸਿੰਘ
ਫੀਲਡ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਸਪੈਸ਼ਲ ਡੀ. ਜੀ. ਪੀ. (ਐੱਸ. ਟੀ. ਐੱਫ਼.) ਕੁਲਦੀਪ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਨਸ਼ਾ ਸਮੱਗਲਰਾਂ ਨੂੰ ਨੱਥ ਪਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਇਕ ਸਮਰਪਿਤ ਹੈਲਪਲਾਈਨ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਰਾਹੀਂ ਆਮ ਲੋਕ ਨਸ਼ਿਆਂ ਨਾਲ ਸਬੰਧਤ ਗੁਪਤ ਸੂਚਨਾਵਾਂ ਸਾਂਝੀਆਂ ਕਰ ਸਕਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਾਰ ਫਿਰ ਚੋਣ ਘਮਸਾਨ: ਜਲੰਧਰ ਵੈਸਟ ਜ਼ਿਮਨੀ ਚੋਣ ’ਚ ਡਟਣਗੀਆਂ ਹੁਣ ਸਾਰੀਆਂ ਸਿਆਸੀ ਧਿਰਾਂ

ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਚੱਲਣਗੇ : ਅਰਪਿਤ ਸ਼ੁਕਲਾ
ਪੰਜਾਬ ਦੇ ਵਿਸ਼ੇਸ਼ ਡੀ. ਜੀ. ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਪੁਲਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿਚ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਚਲਾਉਣ ਅਤੇ ਵਾਰ-ਵਾਰ ਅਪਰਾਧ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ। ਖ਼ਾਸ ਤੌਰ ’ਤੇ ਉਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ, ਜਿਨ੍ਹਾਂ ਵਿਰੁੱਧ 3 ਐੱਫ਼. ਆਈ. ਆਰ. ਦਰਜ ਹਨ। ਉਨ੍ਹਾਂ ਕਿਹਾ ਕਿ ਨਾਈਟ ਡੋਮੀਨੇਸ਼ਨ ਆਪ੍ਰੇਸ਼ਨਾਂ ਨਾਲ ਅਮਨ-ਕਾਨੂੰਨ ਪ੍ਰਤੀ ਲੋਕਾਂ ਵਿਚ ਭਰੋਸਾ ਪੈਦਾ ਹੋਵੇਗਾ।

ਜ਼ਮਾਨਤ ਉੱਤੇ ਰਿਹਾਅ ਹੋਏ ਗੈਂਗਸਟਰਾਂ ’ਤੇ ਨਜ਼ਰ ਰੱਖਣ ਦੀ ਲੋੜ : ਪ੍ਰਮੋਦ ਬਾਨ
ਪੰਜਾਬ ਦੇ ਏ. ਡੀ. ਜੀ. ਪੀ (ਏ. ਜੀ. ਟੀ. ਐੱਫ਼.) ਪ੍ਰਮੋਦ ਬਾਨ ਨੇ ਫੀਲਡ ਯੂਨਿਟ ਦੇ ਅਧਿਕਾਰੀਆਂ ਨੂੰ ਜ਼ਮਾਨਤ ’ਤੇ ਰਿਹਾਅ ਹੋਏ ਗੈਂਗਸਟਰਾਂ ਅਤੇ ਅਪਰਾਧੀਆਂ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਏ. ਡੀ. ਜੀ. ਪੀ. ਇੰਟੈਲੀਜੈਂਸ ਆਰ. ਕੇ. ਜੈਸਵਾਲ ਨੇ ਪੁਲਸ ਕਮਿਸ਼ਨਰਾਂ/ਐੱਸ. ਐੱਸ. ਪੀਜ਼ ਨੂੰ ਸਥਾਨਕ ਖ਼ੁਫ਼ੀਆ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਲਈ ਕਿਹਾ ਹੈ, ਜਿਸ ਨਾਲ ਇਨ੍ਹਾਂ ਜ਼ਿਲ੍ਹਿਆਂ ਵਿਚ ਪੁਲਸ ਫੋਰਸ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗੀ। ਏ. ਡੀ. ਜੀ. ਪੀ. ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਨੇ ਪੁਰਾਣੀ ਹਿਊਮੈਨ ਇੰਟੈਲੀਜੈਂਸ ਨੂੰ ਸਰਗਰਮ ਕਰਨ ’ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਪਰਾਧਿਕ ਅਨਸਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ।

ਇਹ ਵੀ ਪੜ੍ਹੋ-ਮੁਕੇਰੀਆਂ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਤਾ ਦੇ ਭੋਗ ਤੋਂ ਬਾਅਦ ASI ਪੁੱਤਰ ਦੀ ਹੋ ਗਈ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News