ਪੁੱਡਾ ਦੀ ਕਨਾਟ ਪਲੇਸ ਸਕੀਮ ’ਤੇ ਹੋਇਆ ਪਾਰਕਿੰਗ ਮਾਫੀਆ ਦਾ ਕਬਜ਼ਾ
Saturday, Jul 04, 2020 - 12:09 PM (IST)
ਜਲੰਧਰ (ਖੁਰਾਣਾ) – ਸ਼ਹਿਰ ਵਿਚ ਨਗਰ ਨਿਗਮ ਜਾਂ ਵਕਫ ਬੋਰਡ ਦੀਆਂ ਕਈ ਜ਼ਮੀਨਾਂ ’ਤੇ ਲੋਕਾਂ ਨੇ ਕਬਜ਼ੇ ਕਰ ਰੱਖੇ ਹਨ, ਜਿਥੇ ਕਈ ਤਰ੍ਹਾਂ ਦੇ ਕਾਰੋਬਾਰ ਵੀ ਚਲਾਏ ਜਾਂਦੇ ਹਨ ਪਰ ਪੁੱਡਾ ਵਿਭਾਗ ਵਿਚ ਅਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ। ਹੁਣ ਪੁੱਡਾ ਦੀ ਇਕ ਸਕੀਮ ’ਤੇ ਹੀ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਇਹ ਕਮਰਸ਼ੀਅਲ ਸਕੀਮ ਪੁੱਡਾ ਨੇ ਕੁਝ ਸਾਲ ਪਹਿਲਾਂ ਸਥਨਕ ਲਵ-ਕੁਸ਼ ਚੌਕ ਨਜ਼ਦੀਕ ਕਨਾਟ ਸਰਕਸ ਵਿਚ ਕੱਟੀ ਸੀ ਜਿਥੇ ਇਸ ਸਮੇਂ ਕਈ ਕਮਰਸ਼ੀਅਲ ਬੂਥ ਵੀ ਬਣੇ ਹੋਏ ਹਨ ਅਤੇ ਉਥੇ ਪਈ ਖਾਲੀ ਜ਼ਮੀਨ ਨੂੰ ਪਿਛਲੇ ਕਾਫੀ ਸਾਲਾਂ ਤੋਂ ਪਾਰਕਿੰਗ ਪਲੇਸ ਦੇ ਰੂਪ ਵਿਚ ਵਰਤਿਆ ਜਾ ਰਿਹਾ ਸੀ, ਜਿਥੇ ਬਾਜ਼ਾਰਾਂ ਵਿਚ ਆਉਣ-ਜਾਣ ਵਾਲੇ ਲੋਕ, ਦੁਕਾਨਦਾਰ ਅਤੇ ਪੱਕਾ ਬਾਗ ਕਾਲੋਨੀ ਆਦਿ ਦੇ ਲੋਕ ਕਾਰਾਂ ਆਦਿ ਪਾਰਕ ਕਰਦੇ ਸਨ।
ਹੁਣ ਉਥੇ ਪਾਰਕਿੰਗ ਮਾਫੀਆ ਨੇ ਪੂਰੀ ਸਕੀਮ ’ਤੇ ਹੀ ਕਬਜ਼ਾ ਕਰ ਲਿਆ ਹੈ ਅਤੇ ਮੇਨ ਰਸਤੇ ’ਤੇ ਬੈਰੀਅਰ ਲਗਾ ਕੇ ਉਥੇ ਆਪਣੇ ਆਦਮੀ ਤਾਇਨਾਤ ਕਰ ਦਿੱਤੇ ਹਨ ਜੋ ਸਕੀਮ ਦੇ ਅੰਦਰ ਗੱਡੀਆਂ ਨੂੰ ਸ਼ਰੇਆਮ ਪਾਰਕ ਕਰਵਾ ਰਹੇ ਹਨ। ਇਨ੍ਹਾਂ ਕਾਰਾਂ ਤੋਂ ਪ੍ਰਤੀ ਘੰਟਾ 100 ਰੁਪਏ ਦੀ ਭਾਰੀ ਭਰਕਮ ਫੀਸ ਵਸੂਲੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਪੁੱਡਾ ਦੀ ਪੂਰੀ ਸਕੀਮ ’ਤੇ ਇਹ ਕਬਜ਼ਾ ਪਿਛਲੇ ਇਕ ਹਫਤੇ ਤੋਂ ਜਾਰੀ ਹੈ ਅਤੇ ਪਾਰਕਿੰਗ ਮਾਫੀਆ ਇਸ ਸਰਕਾਰੀ ਜ਼ਮੀਨ ਤੋਂ ਹਜ਼ਾਰਾਂ ਰੁਪਏ ਦੀ ਇਨਕਮ ਵੀ ਕਮਾ ਚੁੱਕਾ ਹੈ। ਅੱਜ ਵੀ ਸਾਰਾ ਦਿਨ ਉਥੇ ਮਾਫੀਆ ਦਾ ਇਕ ਆਦਮੀ ਤਾਇਨਾਤ ਰਿਹਾ, ਜਿਸ ਨੇ ਨਾ ਕੇਵਲ ਪਾਰਕਿੰਗ ਦੀਆਂ ਪਰਚੀਆਂ ਕੱਟੀਆਂ , ਬਲਕਿ ਪੈਸੇ ਵੀ ਵਸੂਲੇ। ਇਸ ਆਦਮੀ ਤੋਂ ਜਦੋਂ ਪਾਰਕਿੰਗ ਦੇ ਪੈਸੇ ਵਸੂਲਣ ਬਾਰੇ ਪੁੱਛਿਆ ਗਿਆ ਤਾਂ ਉਸਦਾ ਸਾਫ ਜਵਾਬ ਸੀ ਕਿ ਉਸਨੇ ਪੁੱਡਾ ਤੋਂ ਇਹ ਜ਼ਮੀਨ ਕਿਰਾਏ ’ਤੇ ਲਈ ਹੋਈ ਹੈ ਅਤੇ ਪੁੱਡਾ ਅਧਿਕਾਰੀਆਂ ਨੂੰ ਪੈਸੇ ਦੇ ਕੇ ਇਸ ਦੀ ਇਜਾਜ਼ਤ ਪ੍ਰਾਪਤ ਕੀਤੀ ਗਈ ਹੈ। ਪੁੱਛੇ ਜਾਣ ’ਤੇ ਉਹ ਕੋਈ ਕਾਗਜ਼ਾਤ ਨਹੀਂ ਦਿਖਾ ਸਕਿਆ।
ਕੌਂਸਲਰ ਪੁੱਤਰ ਕਰਣ ਨਾਲ ਵੀ ਹੋਈ ਬਹਿਸ
ਇਸ ਦੌਰਾਨ ਜਦੋਂ ਇਸ ਪਾਰਕਿੰਗ ਬਾਰੇ ਇਲਾਕੇ ਦੇ ਕੌਂਸਲਰ ਪਤੀ ਅਨੂਪ ਪਾਠਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਪੁੱਤਰ ਕਰਣ ਪਾਠਕ ਨੇ ਦੱਸਿਆ ਕਿ ਪੁੱਡਾ ਦੀ ਇਸ ਸਕੀਮ ’ਤੇ ਨਾਜਾਇਜ਼ ਕਬਜ਼ਾ ਕਰ ਕੇ ਪਾਰਕਿੰਗ ਫੀਸ ਵਸੂਲਣ ਸਬੰਧੀ ਉਨ੍ਹਾਂ ਨੂੰ ਵੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਕਾਰਣ ਉਨ੍ਹਾਂ ਨੇ ਉਥੇ ਜਾ ਕੇ ਪੁੱਛਿਆ ਤਾਂ ਪਾਰਕਿੰਗ ਕਰਵਾ ਰਹੇ ਨੌਜਵਾਨ ਉਸ ਨਾਲ ਹੀ ਵਿਵਾਦ ਕਰਨ ਲੱਗੇ। ਕਰਣ ਪਾਠਕ ਨੇ ਕਿਹਾ ਕਿ ਪੁੱਡਾ ਵਿਭਾਗ ਨੇ ਜੇਕਰ ਅਜਿਹਾ ਕੋਈ ਠੇਕਾ ਜਾਰੀ ਨਹੀਂ ਕੀਤਾ ਤਾਂ ਇਸ ਨਾਜਾਇਜ਼ ਵਸੂਲੀ ਨੂੰ ਬੰਦ ਕਰਵਾਉਣਾ ਪੁੱਡਾ ਅਧਿਕਾਰੀਆਂ ਦਾ ਫਰਜ਼ ਬਣਦਾ ਹੈ।