ਪੀ. ਟੀ. ਯੂ. ਘੋਟਾਲਾ : ਰਜਨੀਸ਼ ਅਰੋੜਾ 25 ਜਨਵਰੀ ਤਕ ਜੁਡੀਸ਼ੀਅਲ ਰਿਮਾਂਡ 'ਤੇ

01/13/2018 1:37:45 PM

ਕਪੂਰਥਲਾ (ਭੂਸ਼ਣ) : 25 ਕਰੋੜ ਰੁਪਏ ਦਾ ਘਪਲੇ ਅਤੇ ਨੌਕਰੀਆ ਵਿਚ ਕੀਤੀਆ ਧਾਂਦਲੀਆ ਨੂੰ ਲੈ ਕੇ ਵਿਜੀਲੈਂਸ ਬਿਊਰੋ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਨੂੰ ਵਿਜੀਲੈਂਸ ਦੀ ਟੀਮ ਨੇ ਸ਼ੁੱਕਰਵਾਰ ਨੂੰ ਸਿਵਲ ਜਜ ਸੀਨੀਅਰ ਡਿਵੀਜ਼ਨ ਮਨਪ੍ਰੀਤ ਕੌਰ ਦੀ ਅਦਾਲਤ ਵਿਚ 4 ਦਿਨ ਦੇ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਪੇਸ਼ ਕੀਤਾ, ਜਿਥੇ ਅਦਾਲਤ ਨੇ ਦੋਹਾਂ ਪੱਖਾਂ ਦੀਆ ਦਲੀਲਾਂ ਸੁਣਨ ਤੋਂ ਬਾਅਦ ਡਾ. ਰਜਨੀਸ਼ ਅਰੋੜਾ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ।
ਪਿਛਲੇ 4 ਦਿਨ ਤੋਂ ਵਿਜੀਲੈਸ ਦੀ ਹਿਰਾਸਤ 'ਚ ਅਰੋੜਾ
ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਹੋਏ ਫਰਜ਼ੀਵਾੜੇ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ.ਰਜਨੀਸ਼ ਅਰੋੜਾ ਪਿਛਲੇ 4 ਦਿਨ ਤੋਂ ਵਿਜੀਲੈਂਸ ਦੀ ਹਿਰਾਸਤ ਵਿਚ ਸੀ ਜਿਨ੍ਹਾਂ ਪਾਸੋਂ ਵਿਜੀਲੈਂਸ ਨੇ ਕਾਫੀ ਲੰਮੀ-ਚੌੜੀ ਪੁੱਛਗਿੱਛ ਕੀਤੀ ਅਤੇ ਡਾ. ਅਰੋੜਾ ਵਲੋਂ ਕੀਤੇ ਗਏ ਖੁਲਾਸਿਆਂ ਦੌਰਾਨ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਜਾ ਕੇ ਸਰਚ ਦੌਰਾਨ ਸਾਰਾ ਰਿਕਾਰਡ ਆਪਣੇ ਕਬਜ਼ੇ ਵਿਚ ਲਿਆ।  
ਐੱਫ. ਆਈ. ਆਰ ਵਿਚ ਸ਼ਾਮਲ 9 ਹੋਰ ਮੁਲਜ਼ਮਾਂ ਦੀ ਭਾਲ 'ਚ ਛਾਪਾਮਾਰੀ
ਵਿਜੀਲੈਂਸ ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ ਵਿਚ ਨਾਮਜ਼ਦ ਹੋਰ 9 ਮੁਲਜ਼ਮਾਂ ਦਾ ਫਿਲਹਾਲ ਕੋਈ ਸੁਰਾਗ ਨਹੀਂ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸੂਬੇ ਪੱਧਰ 'ਤੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਇਨ੍ਹਾਂ ਦੀ ਤਲਾਸ਼ ਵਿਚ ਛਾਪਾਮਾਰੀ ਕਰ ਰਹੀਆਂ ਹਨ।


Related News