ਪੀ. ਟੀ. ਯੂ. ਦੇ ਸਾਬਕਾ ਉਪ-ਕੁਲਪਤੀ ਦੇ ਘਰ ''ਤੇ ਵਿਜੀਲੈਂਸ ਟੀਮ ਦਾ ਛਾਪਾ

01/09/2018 10:58:57 PM

ਅੰਮ੍ਰਿਤਸਰ,(ਸੰਜੀਵ)— 25 ਕਰੋੜ ਰੁਪਏ ਦੇ ਘਪਲੇ ਅਤੇ ਗ਼ੈਰ-ਕਾਨੂੰਨੀ ਰੂਪ 'ਚ ਕੀਤੀ ਗਈ ਕੋਆਰਡੀਨੇਟਰ ਅਤੇ ਫੈਸਿਲੀਟੇਟਰ ਦੀਆਂ ਭਰਤੀਆਂ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਕਪੂਰਥਲਾ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਦੇ ਘਰ 'ਤੇ ਅੱਜ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰਿਆ। ਘਰ ਦਾ ਸਰਚ ਵਾਰੰਟ ਨਾ ਹੋਣ ਕਾਰਨ ਕੁਝ ਦੇਰ ਇੰਤਜ਼ਾਰ ਕਰਨ ਦੇ ਬਾਅਦ ਵਿਜੀਲੈਂਸ ਟੀਮ ਇਕ ਵਾਰ ਬੇਰੰਗ ਪਰਤ ਗਈ, ਜਿਸ ਦੇ ਉਪਰੰਤ ਸ਼ਾਮ 5 ਵਜੇ ਦੇ ਕਰੀਬ ਇਕ ਵਾਰ ਫਿਰ ਤੋਂ ਟੀਮ ਵਾਰੰਟ ਲੈ ਕੇ ਆਈ ਅਤੇ ਰਣਜੀਤ ਐਵੀਨਿਊ ਡੀ-ਬਲਾਕ ਸਥਿਤ ਵਾਈਸ ਚਾਂਸਲਰ ਦੇ ਘਰ ਦੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਵਿਜੀਲੈਂਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਅਤੇ ਦੂਜੀ ਵਾਰ ਵੀ ਉਸ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ। ਵਿਜੀਲੈਂਸ ਟੀਮ ਦੇ ਵਾਈਸ ਚਾਂਸਲਰ ਦੇ ਘਰ 'ਤੇ ਪੁੱਜਣ ਦੀ ਸੂਚਨਾ ਮਿਲਦੇ ਹੀ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਪਾਰਟੀ ਸਮਰਥਕਾਂ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਦੇਰ ਸ਼ਾਮ ਤੱਕ ਵਿਜੀਲੈਂਸ ਦੀ ਕਾਰਵਾਈ ਖਤਮ ਹੋਣ ਤੱਕ ਉਥੇ ਹੀ ਰੁਕੇ।  
ਕੀ ਕਹਿਣਾ ਸੀ ਅਨਿਲ ਜੋਸ਼ੀ ਦਾ?
ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵਿਜੀਲੈਂਸ ਬਿਊਰੋ ਦੀ ਟੀਮ ਦੇ ਨਾਲ ਪੂਰਾ ਸਹਿਯੋਗ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਜਿਸ ਚੀਜ਼ ਦੀ ਵੀ ਜਾਂਚ ਕਰਨਾ ਚਾਹੁੰਦੇ ਹਨ, ਕਰ ਸਕਦੇ ਹਨ। ਸਰਚ ਵਾਰੰਟ ਨਾ ਹੋਣ ਕਾਰਨ ਟੀਮ ਵਾਪਸ ਪਰਤ ਗਈ ਸੀ ਪਰ ਜਦੋਂ ਵਾਰੰਟ ਦੇ ਨਾਲ ਟੀਮ ਦੁਬਾਰਾ ਆਈ ਤਾਂ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ। ਅਨਿਲ ਜੋਸ਼ੀ ਨੇ ਕਿਹਾ ਕਿ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਇਕ ਈਮਾਨਦਾਰ ਵਿਅਕਤੀ ਹੈ, ਜੋ ਪਿਛਲੇ ਕਈ ਸਾਲਾਂ ਤੋਂ ਸੰਘ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਆਪਣੇ ਜੀਵਨ ਦਾ ਗੋਲਡਨ ਪੀਰੀਅਡ ਪਤਨੀ ਦੇ ਨਾਲ ਜੰਗਲਾਂ ਵਿਚ ਰਹਿ ਕੇ ਇਕ ਝੌਂਪੜੀ ਵਿਚ ਸੌਂ ਕੇ ਗਰੀਬਾਂ ਦੀ ਸੇਵਾ ਵਿਚ ਗੁਜ਼ਾਰਿਆ ਅਤੇ ਬੱਚਿਆਂ ਨੂੰ ਸਿੱਖਿਆ ਦਿੱਤੀ। ਸਮਾਜ ਦਾ ਮਾਫੀਆ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  
ਕੀ ਕਹਿਣਾ ਹੈ ਐੱਸ. ਐੱਸ. ਪੀ. ਵਿਜੀਲੈਂਸ ਦਾ?
ਵਿਜੀਲੈਂਸ ਬਿਊਰੋ ਜਲੰਧਰ ਦੇ ਐੱਸ. ਐੱਸ. ਪੀ., ਡੀ. ਐੱਸ. ਢਿੱਲੋਂ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਦੀ ਟੀਮ ਜਾਂਚ ਲਈ ਸਾਬਕਾ ਉਪ-ਕੁਲਪਤੀ ਰਜਨੀਸ਼ ਅਰੋੜਾ ਦੇ ਘਰ  ਗਈ ਸੀ ਪਰ ਸਰਚ ਦੌਰਾਨ ਕੇਸ ਨਾਲ ਸਬੰਧਤ ਟੀਮ ਨੂੰ ਉਥੋਂ ਕੁਝ ਨਹੀਂ ਮਿਲਿਆ। ਘਰ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਹੈ ਅਤੇ ਰਿਮਾਂਡ ਦੇ ਦੌਰਾਨ ਸਾਬਕਾ ਵੀ.ਸੀ.  ਰਜਨੀਸ਼ ਅਰੋੜਾ ਤੋਂ ਵੀ ਪੁੱਛਗਿੱਛ ਚੱਲ ਰਹੀ ਹੈ। ਆਉਣ ਵਾਲੇ ਸਮੇਂ ਵਿਚ ਇਸ ਬਾਰੇ ਅਹਿਮ ਖੁਲਾਸੇ ਕੀਤੇ ਜਾਣਗੇ। ਕਿਸੇ ਤਕਨੀਕੀ ਖਰਾਬੀ ਕਾਰਨ ਸਰਚ ਵਾਰੰਟ ਹਾਸਲ ਨਹੀਂ ਹੋ ਸਕੇ ਜਦੋਂ ਕਿ ਵਾਰੰਟ ਮਿਲਣ 'ਤੇ ਭੇਜੀ ਗਈ ਟੀਮ ਵੱਲੋਂ ਘਰ ਦੀ ਜਾਂਚ ਕੀਤੀ ਗਈ ਜਿਸ ਸਬੰਧੀ ਰਿਪੋਰਟ ਡਾਇਰੈਕਟਰ ਵਿਜੀਲੈਂਸ ਨੂੰ ਸੌਂਪੀ ਗਈ ਹੈ।


Related News