ਦਿੱਲੀ ਪੁਲਸ ਦੀ ਟੀਮ ਕੇਜਰੀਵਾਲ ਦੇ ਘਰ ਪਹੁੰਚੀ, CCTV ਡਿਜੀਟਲ ਵੀਡੀਓ ਰਿਕਾਰਡਰ ਕੀਤਾ ਜ਼ਬਤ
Sunday, May 19, 2024 - 04:50 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੀ ਇਕ ਟੀਮ ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਜਾਂਚ ਦੇ ਸਿਲਸਿਲੇ 'ਚ ਐਤਵਾਰ ਨੂੰ ਇੱਥੇ ਮੁੱਖ ਮੰਤਰੀ ਕੇਜਰੀਵਾਲ ਦੇ ਅਧਿਕਾਰਤ ਘਰ ਪਹੁੰਚੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਦੀ ਟੀਮ ਨੇ ਸੀ.ਸੀ.ਟੀ.ਵੀ. ਡੀਵੀਆਰ (ਡਿਜੀਟਲ ਵੀਡੀਓ ਰਿਕਾਰਡਰ) ਸਮੇਤ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਹਨ ਤਾਂ ਕਿ 13 ਮਈ ਨੂੰ ਮਾਲੀਵਾਲ 'ਤੇ ਹੋਏ ਹਮਲੇ ਦੀ ਫੁਟੇਜ ਹਾਸਲ ਕੀਤੀ ਜਾ ਸਕੇ। ਉਸ ਦਿਨ ਕੇਜਰੀਵਾਲ ਦੇ ਕਰੀਬੀ ਸਹਿਯੋਗੀ ਬਿਭਵ ਕੁਮਾਰ ਨੇ ਮੁੱਖ ਮੰਤਰੀ ਘਰ 'ਤੇ 'ਆਪ' ਦੀ ਰਾਜ ਸਭਾ ਮੈਂਬਰ 'ਤੇ ਹਮਲਾ ਕੀਤਾ ਸੀ।
ਮਾਲੀਵਾਲ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਘਰ ਦੀ ਸੀਸੀਟੀਵੀ ਫੁਟੇਜ ਨਾਲ ਛੇੜਛਾੜ ਕੀਤੀ ਗਈ ਹੈ। ਕੁਮਾਰ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾਂ ਨੂੰ 5 ਦਿਨ ਦੀ ਹਿਰਾਸਤ 'ਚ ਭੇਜ ਦਿੱਤਾ। ਸੂਤਰਾਂ ਨੇ ਦੱਸਿਆ ਕਿ ਕੁਮਾਰ ਪੁੱਛ-ਗਿੱਛ ਦੌਰਾਨ ਗੋਲ-ਮੋਲ ਜਵਾਬ ਦੇ ਰਹੇ ਸਨ। ਦਿੱਲੀ ਪੁਲਸ ਨੇ ਮਾਲੀਵਾਲ ਦੀ ਸ਼ਿਕਾਇਤ ਤੋਂ ਬਾਅਦ ਛੇੜਛਾੜ ਅਤੇ ਗੈਰ-ਇਰਾਦਤਨ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਦੇ ਅਧੀਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਸਿਵਲ ਲਾਈਨਜ਼ ਪੁਲਸ ਥਾਣੇ 'ਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 308 (ਗੈਰ ਇਰਾਦਤਨ ਕਤਲ ਦੀ ਕੋਸ਼ਿਸ਼), 341 (ਬੰਧਕ ਬਣਾਉਣਾ), 354ਬੀ (ਨਿਵਸਤਰ ਕਰਨ ਦੇ ਇਰਾਦੇ ਨਾਲ ਔਰਤ 'ਤੇ ਹਮਲਾ ਜਾਂ ਅਪਰਾਧਕ ਜ਼ੋਰ ਪ੍ਰਯੋਗ ਕਰਨਾ), 506 (ਅਪਰਾਧਕ ਬਲੈਕਮੇਲ) ਅਤੇ 509 (ਔਰਤ ਦੇ ਮਾਣ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸ਼ਬਦ ਦਾ ਇਸਤੇਮਾਲ ਕਰਨਾ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8