12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖਤਮ, ਪੰਜਾਬ ਬੋਰਡ ਇਸ ਤਾਰੀਖ ਨੂੰ ਐਲਾਨੇਗਾ ''ਨਤੀਜਾ''

Tuesday, Jul 07, 2020 - 08:46 AM (IST)

12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖਤਮ, ਪੰਜਾਬ ਬੋਰਡ ਇਸ ਤਾਰੀਖ ਨੂੰ ਐਲਾਨੇਗਾ ''ਨਤੀਜਾ''

ਮੋਹਾਲੀ (ਨਿਆਮੀਆਂ) : ਪੰਜਾਬ ਦੇ 12ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀਆਂ ਦੀ ਉਡੀਕ ਖਤਮ ਹੋ ਗਈ ਹੈ ਕਿਉਂਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਨਤੀਜਾ 15 ਜੁਲਾਈ ਤੱਕ ਐਲਾਨੇ ਜਾਣ ਦੀ ਉਮੀਦ ਹੈ। ਇਸ ਸਬੰਧ 'ਚ ਸਿੱਖਿਆ ਬੋਰਡ ਵੱਲੋਂ ਸਾਰੀਆਂ ਤਿਆਰੀਆਂ ਕਰੀਬ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਨਤੀਜਾ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਲਗਭਗ 3 ਪੇਪਰਾਂ ਦੇ ਆਧਾਰ ’ਤੇ ਐਲਾਨਿਆ ਜਾਣਾ ਹੈ। ਸਿੱਖਿਆ ਬੋਰਡ ਸੂਤਰਾਂ ਦਾ ਕਹਿਣਾ ਹੈ ਕਿ ਅਜੇ ਲਗਭਗ ਸਾਢੇ 3 ਲੱਖ ਉੱਤਰ ਕਾਪੀਆਂ ਦਾ ਮੁਲਾਂਕਣ ਕੀਤਾ ਜਾਣਾ ਬਾਕੀ ਹੈ, ਜਿਸ ਨੂੰ ਇਕ ਹਫਤੇ ਦਾ ਸਮਾਂ ਲੱਗੇਗਾ।

ਇਹ ਵੀ ਪੜ੍ਹੋ : ਸੜਕ ਹਾਦਸੇ ਦੌਰਾਨ ਮਰੇ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, ਲੋਕਾਂ 'ਚ ਦਹਿਸ਼ਤ
ਜ਼ਿਕਰਯੋਗ ਹੈ ਕਿ ਇਸ ਵਾਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸਿੱਖਿਆ ਬੋਰਡ ਨੂੰ ਰੱਦ ਕਰਨੀਆਂ ਪਈਆਂ ਸਨ। ਹੁਣ ਸਿੱਖਿਆ ਬੋਰਡ ਦੁਬਾਰਾ ਪ੍ਰੀਖਿਆ ਕਰਵਾਉਣ ਦੇ ਮਾਮਲੇ ਦਾ ਭੋਗ ਪਾਉਣ ਜਾ ਰਿਹਾ ਹੈ ਅਤੇ 3 ਵਿਸ਼ਿਆਂ ਦੇ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਨਤੀਜਾ ਐਲਾਨ ਕੇ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ 'ਚ ਭੇਜਣ ਦੀ ਤਿਆਰੀ 'ਚ ਹੈ। ਇਸ ਸਬੰਧ 'ਚ ਜਦੋਂ ਸਿੱਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਿਸ ਆਧਾਰ 'ਤੇ ਸੀ. ਬੀ. ਐੱਸ. ਈ. ਵੱਲੋਂ 10ਵੀਂ ਤੇ 12ਵੀਂ ਦਾ ਨਤੀਜਾ ਐਲਾਨਿਆ ਜਾ ਰਿਹਾ ਹੈ, ਬਿਲਕੁਲ ਉਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਨ-ਦਿਹਾੜੇ ਵੱਡੀ ਲੁੱਟ, 11.70 ਲੱਖ ਦੀ ਨਕਦੀ ਖੋਹ ਕੇ ਲੁਟੇਰੇ ਫਰਾਰ

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਇਹ ਖੁੱਲ੍ਹ ਹੋਵੇਗੀ ਕਿ ਜੇਕਰ ਉਹ ਇਸ ਨਤੀਜੇ ਤੋਂ ਸੰਤੁਸ਼ਟ ਨਹੀਂ ਹੋਣਗੇ ਤਾਂ ਉਹ ਬਾਕੀ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਲਈ ਆਪਸ਼ਨ ਲੈ ਸਕਣਗੇ। ਉਨ੍ਹਾਂ ਕਿਹਾ ਕਿ ਜਿੰਨੇ ਕੁ ਬੱਚੇ ਦੁਬਾਰਾ ਪ੍ਰੀਖਿਆ ਕਰਵਾਉਂਣ ਲਈ ਬੋਰਡ ਨੂੰ ਅਰਜ਼ੀ ਦੇਣਗੇ, ਉਨ੍ਹਾਂ ਦੀ ਪ੍ਰੀਖਿਆ ਦਾ ਪ੍ਰਬੰਧ ਬਾਅਦ 'ਚ ਕਰ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜਿਹੜੇ ਪ੍ਰੀਖਿਆਰਥੀ ਪ੍ਰੀਖਿਆ ਦੇਣਗੇ, ਉਨ੍ਹਾਂ ਦੇ ਅੰਕ ਭਾਵੇਂ ਪਹਿਲਾਂ ਨਾਲੋਂ ਘੱਟ ਆਉਣ ਜਾਂ ਵੱਧ, ਉਹ ਹੀ ਫਾਈਨਲ ਮੰਨੇ ਜਾਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਕਾਰਗੁਜ਼ਾਰੀ ਵਧਾਉਣ ਲਈ ਦੁਬਾਰਾ ਪ੍ਰੀਖਿਆ ਦੇਣ ਲਈ ਆਜ਼ਾਦ ਹੋਣਗੇ।
ਇਹ ਵੀ ਪੜ੍ਹੋ : ਮੋਗਾ ਦੀਆਂ ਧੀਆਂ ਬਣੀਆਂ ਸ਼ੇਰ ਪੁੱਤ, ਹੌਲਾ ਕੀਤਾ ਪਿਓ ਦੇ ਕੰਮ ਦਾ ਭਾਰ


author

Babita

Content Editor

Related News