PSCPL ਝੋਨੇ ਦੇ ਸੀਜ਼ਨ ਲਈ ਖਪਤਕਾਰਾਂ ਨੂੰ ਰੋਜ਼ਾਨਾ 8 ਘੰਟੇ ਦੇਵੇਗੀ ਬਿਜਲੀ ਦੀ ਸਪਲਾਈ
Monday, Jun 08, 2020 - 03:14 PM (IST)
ਪਟਿਆਲਾ (ਪਰਮੀਤ)— ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਸ਼੍ਰੀ ਏ. ਵੇਨੂੰ ਪ੍ਰਸਾਦ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ 10 ਜੂਨ, 2020 ਤੋਂ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਲਈ ਸੂਬੇ 'ਚ ਆਪਣੇ 14 ਲੱਖ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਰਾਜ 'ਚ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਪਹਿਲਾਂ ਹੀ ਵਿਆਪਕ ਪ੍ਰਬੰਧ ਕੀਤੇ ਹਨ। ਸ਼੍ਰੀ. ਏ. ਵੇਨੂੰ ਪ੍ਰਸਾਦ ਸੀ. ਐੱਮ. ਡੀ. ਨੇ ਭਰੋਸਾ ਦਿੱਤਾ ਕਿ ਕਾਰਪੋਰੇਸ਼ਨ ਦੇ ਸਾਰੇ ਖਪਤਕਾਰਾਂ ਨੂੰ ਪੰਜਾਬ 'ਚ ਰੋਜ਼ਾਨਾ, ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ ਏ. ਪੀ. ਖਪਤਕਾਰਾਂ ਨੂੰ ਰੋਜ਼ਾਨਾ ਬਿਜਲੀ ਸਪਲਾਈ ਹਰ ਸਬ ਸਟੇਸ਼ਨ 'ਤੇ 3 ਸਮੂਹਾਂ 'ਚ ਵੰਡ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਰਪੋਰੇਸ਼ਨ ਦੇ ਖੇਤੀਬਾੜੀ ਖਪਤਕਾਰਾਂ ਨੂੰ ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ਦੇ ਨਾਲ-ਨਾਲ ਦਿਨ ਦੇ ਸਮੇਂ ਦੌਰਾਨ 8 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।
ਸੀ. ਐੱਮ. ਡੀ. ਨੇ ਕਿਹਾ ਕਿ ਅਧਿਕਾਰੀਆਂ/ਕਰਮਚਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਆਪਣਾ ਹੈੱਡਕੁਆਰਟਰ ਨਾ ਛੱਡਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੀ ਸਥਿਤੀ ਨੂੰ ਅਪਡੇਟ ਕਰਨ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਜ਼ੋਨਲ ਪੱਧਰ ਅਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ। ਬਾਰਡਰ ਜ਼ੋਨ, (ਅੰਮ੍ਰਿਤਸਰ, ਤਰਨ-ਤਾਰਨ, ਗੁਰਦਾਸਪੁਰ, ਪਠਾਨਕੋਟ) ਲਈ ਫੋਨ ਨੰਬਰ 0183-2212425, 96461-82959, ਉੱਤਰ ਜ਼ੋਨ ਲਈ, (ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਹੁਸ਼ਿਆਰਪੁਰ) 96461-16679, 0181-2220924, ਦੱਖਣੀ ਜ਼ੋਨ ਲਈ, (ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ, ਮੁਹਾਲੀ)96461- 46400,96461-48883, ਵੈੱਸਟ ਜ਼ੋਨ ਲਈ (ਬਠਿੰਡਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਮੋਗਾ, ਮਾਨਸਾ, ਫਾਜ਼ਿਲਕਾ) 96461-22070, 96461-81129 ਸੈਂਟਰਲ ਜ਼ੋਨ ਲਈ, (ਲੁਧਿਆਣਾ, ਖੰਨਾ, ਫਤਿਹਗੜ ਸਾਹਿਬ) ਅਤੇ 96461-06835, 96461-06836, ਪੀ. ਐੱਸ. ਪੀ. ਸੀ. ਐੱਲ. ਹੈੱਡਕੁਆਰਟਰ ਪਟਿਆਲਾ ਵਿਖੇ ਕੇਂਦਰੀ ਸ਼ਿਕਾਇਤ ਕੇਂਦਰ ਦੇ ਫੋਨ ਨੰਬਰ ਹਨ।