ਚੇਅਰਮੈਨ ਹਡਾਣਾ ਨੇ ਪੀ. ਆਰ. ਟੀ. ਸੀ. ਦੀ ਬਿਹਤਰੀ ਲਈ ਅਹਿਮ ਫੈਸਲਿਆਂ ’ਤੇ ਲਗਾਈ ਮੋਹਰ
Friday, Jul 07, 2023 - 05:49 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਪੀ. ਆਰ. ਟੀ. ਸੀ ਵਿਭਾਗ ਨੂੰ ਲੀਹਾਂ ’ਤੇ ਲਿਆਉਣ ਲਈ ਪੀ. ਆਰ. ਟੀ. ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਕਰਮਚਾਰੀ ਵੀ ਦਿਨ ਰਾਤ ਇਕ ਕਰ ਰਹੇ ਹਨ। ਜੇਕਰ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਚੇਅਰਮੈਨ ਹਡਾਣਾ ਦੀ ਰਹਿਨੁਮਾਈ ਹੇਠ ਵਿਭਾਗ ਵਾਧੇ ਦਾ ਰਿਕਾਰਡ ਲਗਾਤਾਰ ਦਰਜ ਕਰਦਾ ਜਾ ਰਿਹਾ ਹੈ। ਇਸੇ ਸੰਬੰਧੀ ਬੀਤੇ ਦਿਨੀ ਪੰਜਾਬ ਭਵਨ, ਚੰਡੀਗੜ੍ਹ ਵਿਖੇ ਪੀ. ਆਰ. ਟੀ. ਸੀ ਦੇ ਬੋਰਡ ਆਫ ਡਾਇਰੈਕਟਰਜ ਦੀ ਮੀਟਿੰਗ ਦੌਰਾਨ ਵਿਭਾਗ ਦੇ ਵਾਧੇ ਅਤੇ ਕਰਮਚਾਰੀਆਂ ਦੇ ਭਲੇ ਲਈ ਹੋਣ ਵਾਲੇ ਕੰਮਾਂ ਤੇ ਵਿਚਾਂਰ-ਵਟਾਂਦਰਾ ਹੋਇਆ। ਜਿਨ੍ਹਾਂ ਵਿਚੋਂ ਕਈ ਅਹਿਮ ਮੁੱਦਿਆਂ ਤੇ ਚੇਅਰਮੈਨ ਹਡਾਣਾ ਵੱਲੋਂ ਮੌਕੇ ’ਤੇ ਪ੍ਰਵਾਨਗੀ ਦੇ ਦਿੱਤੀ। ਖਾਸ ਗੱਲਬਾਤ ਦੌਰਾਨ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਪੰਜਾਬ ਭਵਨ ਵਿਖੇ ਪੀ. ਆਰ. ਟੀ. ਸੀ ਦੇ ਬੋਰਡ ਆਫ ਡਾਇਰੈਕਟਰ ਦੀ ਹੋਈ ਮੀਟਿੰਗ ਵਿਚ ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਵਿਪੁਲ ਉਜਵਲ ਆਈ. ਏ. ਐੱਸ, ਪ੍ਰਮੁੱਖ ਸਕੱਤਰ ਵਿੱਤ ਵਿਭਾਗ ਦੇ ਨੁਮਾਇੰਦੇ ਸੰਜੀਵ ਅਗਰਵਾਲ, ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਨੁਮਾਇੰਦੇ ਸੁਖਵਿੰਦਰ ਕੁਮਾਰ, ਪ੍ਰਮੱਖ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ ਦੇ ਨੁਮਾਇੰਦੇ ਸ਼ਾਮਲ ਹੋਏ।
ਮੀਟਿੰਗ ਵਿਚ ਪੀ. ਆਰ. ਟੀ. ਸੀ. ਦੇ ਸਾਲ 2021-2022 ਅਤੇ 2022-2023 ਦੇ ਵਰਕਿੰਗ ਰਿਜ਼ਲਟਾਂ ਨੂੰ ਦੇਖਿਆ ਗਿਆ। ਵਿਭਾਗ ਵਿਚ ਪਿਛਲੇ 3 ਮਹੀਨੇ ਦੌਰਾਨ ਹੋਏ ਮਾਲੀ ਵਾਧੇ ਨੂੰ ਲੈ ਕੇ ਸਭ ਨੇ ਖੁਸ਼ੀ ਪ੍ਰਗਟਾਈ। ਜਿਨ੍ਹਾਂ ਤੇ ਪੀ. ਆਰ. ਟੀ. ਸੀ. ਦੇ ਬੋਰਡ ਆਫ ਡਾਇਰੈਕਟਰ ਵੱਲੋਂ ਤਸੱਲੀ ਪ੍ਰਗਟਾਈ ਗਈ। ਇਸ ਤੋਂ ਇਲਾਵਾ ਮੀਟਿੰਗ ਵਿਚ ਪੀ. ਆਰ. ਟੀ. ਸੀ. ਦੀ ਬੇਹਤਰੀ ਲਈ ਕੁੱਝ ਅਹਿਮ ਮੁੱਦਿਆਂ ਤੋਂ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਜਿਨ੍ਹਾਂ ਸਬੰਧੀ ਬੋਰਡ ਆਫ ਡਾਇਰੈਕਟਰ ਵੱਲੋਂ ਆਪਣੀ ਪ੍ਰਵਾਨਗੀ ਵੀ ਦਿੱਤੀ ਗਈ। ਹਡਾਣਾ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਭਾਗ ਵਿਚ ਬੱਸਾਂ ਦੀ ਸਹੀ ਸਮੇਂ ਤੇ ਮੈਂਟੀਨੈਂਸ, ਵਿਭਾਗ ਵਿਚ ਕਿੱਲੋਮੀਟਰ ਸਕੀਮ ਦੇ ਨਾਲ-ਨਾਲ ਵਿਭਾਗ ਦੀ ਆਪਣੀਆਂ ਬੱਸਾਂ, ਬੱਸਾਂ ਵਿਚ ਕਿਸੇ ਵੀ ਤਰ੍ਹਾਂ ਦੀਆਂ ਖਾਮੀਆਂ ਨੂੰ ਦੂਰ ਕਰਨਾ, ਪੰਜਾਬ ਦੇ ਪੁਰਾਣੇ ਬਣੇ ਅੱਡਿਆਂ ਦੀ ਮੈਂਟੀਨੈਂਸ ਪਹਿਲ ਦੇ ਪੱਧਰ ਤੇ, 6ਵੇਂ ਪੇਅ ਕਮਿਸ਼ਨ ਅਤੇ 7ਵੇਂ ਪੇਅ ਕਮਿਸ਼ਨ ਨੂੰ ਸੁੱਚਜੇ ਢੰਗ ਨਾਲ ਲਾਗੂ ਕਰਵਾਉਣਾ, ਵਿਭਾਗ ਨੂੰ ਕੰਪਿਊਟਰਾਈਜ਼ ਅਤੇ ਹਾਈਟੈਕ ਤਰੀਕੇ ਨਾਲ ਚਲਾਉਣ ਬਾਰੇ ਅਤੇ ਹੋਰ ਕਈ ਅਹਿਮ ਮੱਦਿਆ ’ਤੇ ਗੱਲਬਾਤ ਹੋਈ। ਇਸ ਮੌਕੇ ਪਟਿਆਲਾ ਦੇ ਨਵੇਂ ਬਣੇ ਬੱਸ ਅੱਡੇ ਸਮੇਤ ਹੋਰ ਬੱਸ ਅੱਡਿਆ ਦੀ ਸਫਾਈ, ਖਾਲੀ ਪਈਆਂ ਦੁਕਾਨਾਂ ਦੀ ਖੁੱਲੀ ਬੋਲੀ ਅਖਬਾਰਾਂ ਵਿੱਚ ਦੇਣ ਅਤੇ ਆਮ ਲੋਕਾਂ ਨੂੰ ਪਹਿਲ ਦੇਣ ਸੰਬੰਧੀ ਵਿਸ਼ੇਸ਼ ਤੌਰ ’ਤੇ ਗੱਲਬਾਤ ਹੋਈ।
ਚੇਅਰਮੈਨ ਹਡਾਣਾ ਨੇ ਪਟਿਆਲਾ ਦੇ ਨਵੇਂ ਬਣੇ ਬੱਸ ਅੱਡੇ ਬਾਰੇ ਹੋਰ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਨਵੇਂ ਰਾਹ ਰਾਹੀ ਬੱਸਾਂ ਨੂੰ ਅਰਬਨ ਅਸਟੇਟ ਵਾਲੀ ਸਾਈਡ ਨੂੰ ਕੱਢਿਆ ਜਾਵੇਗਾ ਤਾਂ ਜੋ ਅਰਬਨ ਅਸਟੇਟ ਵਾਲੀਆਂ ਬੱਤੀਆਂ ਤੇ ਰਹਿਣ ਵਾਲਾ ਜਾਮ ਦਾ ਹੱਲ ਹੋਵੇ ਅਤੇ ਆਮ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲ ਦਾ ਚੰਗਾ ਹੱਲ ਹੋ ਸਕੇ। ਇਸ ਮੀਟਿੰਗ ਵਿਚ ਪੀ. ਆਰ. ਟੀ. ਸੀ. ਦੇ ਵਧੀਕ ਮੈਨੇਜਿੰਗ ਡਾਇਰੈਕਟਰ ਚਰਨਜੋਤ ਸਿੰਘ ਵਾਲੀਆਂ ਪੀਸੀਐਸ, ਜਤਿੰਦਰ ਪਾਲ ਸਿੰਘ ਐਕਸੀਅਨ ਸਿਵਲ ਸੈੱਲ, ਰਾਜੀਵ ਕੁਮਾਰ ਡੀ ਸੀ ਐਫ ਏ, ਸੁਰਿੰਦਰ ਸਿੰਘ ਜਨਰਲ ਮੈਨੇਜਰ, ਮਨਿੰਦਰ ਪਾਲ ਸਿੰਘ ਜਨਰਲ ਮੈਨੇਜਰ, ਅਮਨਵੀਰ ਸਿੰਘ ਟਿਵਾਨਾ ਕਾਰਜਕਾਰੀ ਜ਼ਨਰਲ ਮੈਨੇਜਰ, ਪ੍ਰਵੀਨ ਕੁਮਾਰ ਕਾਰਜਕਾਰੀ ਜਨਰਲ ਮੈਨੇਜਰ, ਪ੍ਰੇਮ ਲਾਲ ਲੇਖਾ ਅਫਸਰ, ਰਿੰਕਲ ਗੋਇਲ ਏ. ਸੀ. ਐੱਫ. ਏ, ਅਸ਼ੋਕ ਕੁਮਾਰ ਸੁਪਰਡੈਂਟ ਅਮਲਾ ਸ਼ਾਖਾ, ਤੇਜਿੰਦਰ ਸਿੰਘ ਪੀ. ਏ. ਟੂ. ਚੇਅਰਮੈਨ, ਸੰਦੀਪ ਸਿੰਘ ਸੀਨੀਅਰ ਸਹਾਇਕ, ਰਮਨਜੋਤ ਸਿੰਘ ਕਲਰਕ ਵੀ ਮੌਜੂਦ ਰਹੇ।