''ਪੰਜਾਬ ਕੇਸਰੀ ਗਰੁੱਪ'' ਦੇ ਹੱਕ ’ਚ 24 ਨੂੰ ਬਠਿੰਡਾ ’ਚ ਹੋਵੇਗਾ ਵਿਸ਼ਾਲ ਰੋਸ ਪ੍ਰਦਰਸ਼ਨ
Friday, Jan 23, 2026 - 11:39 AM (IST)
ਮਾਨਸਾ/ਚੰਡੀਗੜ੍ਹ (ਸੰਦੀਪ ਮਿੱਤਲ) : ਪੰਜਾਬ ਦੀ ਪ੍ਰਸਿੱਧ ਅਤੇ ਨਿਡਰ ਪੱਤਰਕਾਰੀ ਦੀ ਮਿਸਾਲ ਬਣੇ 'ਪੰਜਾਬ ਕੇਸਰੀ ਗਰੁੱਪ' ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਦਬਾਅ ਵਾਲੀ ਕਾਰਵਾਈ ਅਤੇ ਸੁਤੰਤਰ ਪੱਤਰਕਾਰਾਂ ਉੱਪਰ ਦਰਜ ਕੀਤੇ ਗਏ ਝੂਠੇ ਤੇ ਗੈਰ-ਜ਼ਮਾਨਤੀ ਪਰਚਿਆਂ ਅਤੇ ਪੰਜਾਬ ਕੇਸਰੀ ਗਰੁੱਪ 'ਤੇ ਹੋ ਰਹੇ ਲਗਾਤਾਰ ਹਮਲਿਆਂ ਦੇ ਵਿਰੋਧ ’ਚ ਪੰਜਾਬ ਸਰਕਾਰ ਖ਼ਿਲਾਫ਼ 24 ਜਨਵਰੀ 2025 ਨੂੰ ਬਠਿੰਡਾ ਦੇ ਡੀ. ਸੀ. ਦਫ਼ਤਰ ਅੱਗੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪਿਛਲੇ ਕੁੱਝ ਸਮੇਂ ਤੋਂ ਸੱਤਾ ਦੇ ਦਬਾਅ ਹੇਠ ਆਜ਼ਾਦ ਮੀਡੀਆ ਦੀ ਆਵਾਜ਼ ਬਣੇ 'ਪੰਜਾਬ ਕੇਸਰੀ ਗਰੁੱਪ' ਅਤੇ ਉਸ ਨਾਲ ਜੁੜੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁੱਝ ਚੈਨਲਾਂ ਨੂੰ ਬੰਦ ਕਰਨ ਅਤੇ ਸੱਚੀ ਪੱਤਰਕਾਰੀ ਨੂੰ ਦਬਾਉਣ ਦੀਆਂ ਕਾਰਵਾਈਆਂ ਕਰ ਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਬੋਲਣ ਅਤੇ ਪ੍ਰੈੱਸ ਦੀ ਆਜ਼ਾਦੀ ਤੋਂ ਘਬਰਾ ਰਹੀ ਹੈ। ਇਹ ਸਾਰੇ ਹਮਲੇ ਸਿੱਧੇ ਤੌਰ ’ਤੇ ਪੰਜਾਬ ਕੇਸਰੀ ਗਰੁੱਪ ਦੀ ਨਿਡਰ ਤੇ ਜਵਾਬਦੇਹ ਪੱਤਰਕਾਰੀ ’ਤੇ ਹਮਲਾ ਹਨ। ਜ਼ਿਕਰਯੋਗ ਹੈ ਕਿ ਆਰ. ਟੀ. ਆਈ. ਕਾਰਕੁੰਨ ਮਾਣਿਕ ਗੋਇਲ ਵੱਲੋਂ ਪੰਜਾਬ ਸਰਕਾਰ ਤੋਂ ਇਹ ਬਿਲਕੁਲ ਜਾਇਜ਼ ਸਵਾਲ ਪੁੱਛਿਆ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ-ਹਾਜ਼ਰੀ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੌਣ ਕਰ ਰਿਹਾ ਹੈ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਟਰਾਂਸਪੋਰਟ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ
ਇਸ ਗੰਭੀਰ ਮਾਮਲੇ ਨੂੰ 'ਪੰਜਾਬ ਕੇਸਰੀ ਗਰੁੱਪ' ਸਮੇਤ ਹੋਰ ਸੁਤੰਤਰ ਪੱਤਰਕਾਰਾਂ ਵੱਲੋਂ ਜਨਤਕ ਤੌਰ ’ਤੇ ਉਜਾਗਰ ਕੀਤਾ ਗਿਆ ਪਰ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਸਰਕਾਰ ਨੇ ਬਦਲਾਖ਼ੋਰੀ ਦੀ ਨੀਤੀ ਅਪਣਾਉਂਦਿਆਂ ਆਰ. ਟੀ. ਆਈ. ਕਾਰਕੁੰਨ ਅਤੇ ਪੱਤਰਕਾਰਾਂ ਉੱਤੇ ਝੂਠੇ ਗੈਰ-ਜ਼ਮਾਨਤੀ ਮੁਕੱਦਮੇ ਦਰਜ ਕਰ ਦਿੱਤੇ। ਮਾਣਿਕ ਗੋਇਲ ਨੇ ਦੱਸਿਆ ਕਿ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਅਤੇ ਲੋਕਾਂ ਦੀ ਜ਼ੁਬਾਨਬੰਦੀ ਦੇ ਵਿਰੋਧ ’ਚ ਪੰਜਾਬ ਕੇਸਰੀ ਗਰੁੱਪ ਨਾਲ ਖੜ੍ਹਦਿਆਂ ਪੱਤਰਕਾਰਾਂ ਅਤੇ ਵੱਖ-ਵੱਖ ਜਨਤਕ ਜੱਥੇਬੰਦੀਆਂ ਵੱਲੋਂ ਇਕ ਸਾਂਝੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ 24 ਜਨਵਰੀ 2025 ਨੂੰ ਬਠਿੰਡਾ ਦੇ ਡੀ. ਸੀ. ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ ਖ਼ਿਲਾਫ਼ ਕੀਤੀ ਗਈ ਕਾਰਵਾਈ ਨਿੰਦਣਯੋਗ ਹੈ ਅਤੇ ਇਹ ਸਿੱਧੇ ਤੌਰ ’ਤੇ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਸਰਕਾਰ ਪੱਤਰਕਾਰਾਂ ਦੀ ਆਵਾਜ਼ ਬੰਦ ਨਹੀਂ ਕਰ ਸਕਦੀ, ਸਗੋਂ ਇਹ ਆਵਾਜ਼ ਹੋਰ ਵੀ ਮਜ਼ਬੂਤ ਹੋਵੇਗੀ।
ਉਨ੍ਹਾਂ ਆਖਿਆ ਕਿ ਪੰਜਾਬ ਕੇਸਰੀ ਵਰਗੀਆਂ ਅਖ਼ਬਾਰਾਂ ਨੇ ਸਦਾ ਹੀ ਸਮਾਜਿਕ ਬੁਰਾਈਆਂ, ਭ੍ਰਿਸ਼ਟਾਚਾਰ ਅਤੇ ਸਰਕਾਰੀ ਗਲਤ ਨੀਤੀਆਂ ਦੇ ਖ਼ਿਲਾਫ਼ ਆਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ ਪੱਤਰਕਾਰਾਂ ਜਾਂ 'ਪੰਜਾਬ ਕੇਸਰੀ ਗਰੁੱਪ' ਦੀ ਨਹੀਂ, ਸਗੋਂ ਹਰ ਉਸ ਨਾਗਰਿਕ ਦੀ ਹੈ, ਜੋ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦਾ ਹੈ। ਭਾਰਤੀ ਸੰਵਿਧਾਨ ਅਧੀਨ ਮਿਲੀ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਗੰਭੀਰ ਖ਼ਤਰੇ ’ਚ ਪਾਇਆ ਜਾ ਰਿਹਾ ਹੈ। ਮਾਣਿਕ ਗੋਇਲ ਨੇ ਮੰਗ ਕੀਤੀ ਕਿ ਪੱਤਰਕਾਰਾਂ ਅਤੇ ਪੰਜਾਬ ਕੇਸਰੀ ਗਰੁੱਪ ਨਾਲ ਜੁੜੇ ਮੀਡੀਆ ਕਰਮੀਆਂ 'ਤੇ ਦਰਜ ਸਾਰੇ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ, ਬੰਦ ਕੀਤੇ ਗਏ ਮੀਡੀਆ ਚੈਨਲ ਤੁਰੰਤ ਬਹਾਲ ਕੀਤੇ ਜਾਣ ਅਤੇ ਲੋਕਾਂ ਦੀ ਆਵਾਜ਼ ਦਬਾਉਣ ਦੀ ਨੀਤੀ ਤੁਰੰਤ ਖ਼ਤਮ ਕੀਤੀ ਜਾਵੇ। ਅਖ਼ੀਰ ’ਚ ਉਨ੍ਹਾਂ ਨੇ ਸਮੂਹ ਇਨਸਾਫ਼ ਪਸੰਦ ਲੋਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਜਮਹੂਰੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ 24 ਜਨਵਰੀ ਨੂੰ ਬਠਿੰਡਾ ਵਿਖੇ ਹੋਣ ਵਾਲੇ ਇਸ ਵਿਸ਼ਾਲ ਰੋਸ ਧਰਨੇ ’ਚ ਵਧ-ਚੜ੍ਹ ਕੇ ਸ਼ਾਮਲ ਹੋ ਕੇ ਪੰਜਾਬ ਕੇਸਰੀ ਗਰੁੱਪ, ਬੋਲਣ ਦੀ ਆਜ਼ਾਦੀ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰੱਖਿਆ ਲਈ ਇਕਜੁੱਟਤਾ ਦਿਖਾਈ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
