ਹਥਿਆਰ ਨਾਲ ਵੀਡੀਓ ਪਾਉਣ ਕਰਨ ਵਾਲੀ ਬਠਿੰਡਾ ਦੀ ਕੁੜੀ ਗ੍ਰਿਫ਼ਤਾਰ, ਪੁਲਸ ਦੀ ਲੋਕਾਂ ਨੂੰ ਅਪੀਲ

Thursday, Jan 08, 2026 - 03:18 PM (IST)

ਹਥਿਆਰ ਨਾਲ ਵੀਡੀਓ ਪਾਉਣ ਕਰਨ ਵਾਲੀ ਬਠਿੰਡਾ ਦੀ ਕੁੜੀ ਗ੍ਰਿਫ਼ਤਾਰ, ਪੁਲਸ ਦੀ ਲੋਕਾਂ ਨੂੰ ਅਪੀਲ

ਬਠਿੰਡਾ (ਵਿਜੈ ਵਰਮਾ) : ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਖੁੱਲ੍ਹੇਆਮ ਨੁਮਾਇਸ਼ ਕਰਨ ਵਾਲਿਆਂ ਖ਼ਿਲਾਫ਼ ਜ਼ਿਲ੍ਹਾ ਪੁਲਸ ਨੇ ਸਖ਼ਤ ਰੁਖ ਅਪਣਾਉਂਦਿਆਂ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਹੀ ਪੁਲਸ ਨੇ ਇਸ ਤਰ੍ਹਾਂ ਦੇ ਕਰੀਬ ਅੱਧਾ ਦਰਜਨ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਕੜੀ 'ਚ ਹੁਣ ਇੱਕ ਨੌਜਵਾਨ ਕੁੜੀ ਵੱਲੋਂ ਹਥਿਆਰ ਨਾਲ ਸੋਸ਼ਲ ਮੀਡੀਆ ‘ਤੇ ਫੋਟੋਆਂ ਅਤੇ ਵੀਡੀਓ ਪੋਸਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਕੁੜੀ ਦੀ ਹਥਿਆਰ ਨਾਲ ਤਸਵੀਰ ਅਤੇ ਵੀਡੀਓ ਵਾਇਰਲ ਹੋ ਰਹੀ ਸੀ। ਪੁਲਸ ਵੱਲੋਂ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਇਹ ਵੀਡੀਓ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ਦੀ ਰਹਿਣ ਵਾਲੀ ਵੀਰਪਾਲ ਕੌਰ, ਪਤਨੀ ਕੁਲਦੀਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਲੋਡ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਬਾਰੇ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਬੋਲੇ- ਬੁੱਧਵਾਰ ਨੂੰ...

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਦਰ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਕੁੜੀ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਪੁਲਸ ਨੇ ਵੀਰਪਾਲ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧ ਵਿੱਚ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਧਰਮਵੀਰ ਸ਼ਰਮਾ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਕਾਨੂੰਨੀ ਤੌਰ ‘ਤੇ ਅਪਰਾਧ ਹੈ ਅਤੇ ਅਜਿਹੇ ਮਾਮਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜ਼ਿਲ੍ਹਾ ਮਾਲੇਰਕੋਟਲਾ 'ਚ 17 ਜਨਵਰੀ ਨੂੰ ਛੁੱਟੀ ਦਾ ਐਲਾਨ, ਵਿੱਦਿਅਕ ਅਦਾਰੇ ਅਤੇ ਦਫ਼ਤਰ ਰਹਿਣਗੇ ਬੰਦ

ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਕੁੜੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਿਯਮਾਂ ਅਨੁਸਾਰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਨਾਲ ਨਾ ਸਿਰਫ਼ ਕਾਨੂੰਨ-ਵਿਵਸਥਾ ਨੂੰ ਖ਼ਤਰਾ ਪੈਦਾ ਹੁੰਦਾ ਹੈ, ਸਗੋਂ ਨੌਜਵਾਨ ਵਰਗ ‘ਤੇ ਇਸ ਦਾ ਗਲਤ ਪ੍ਰਭਾਵ ਵੀ ਪੈਂਦਾ ਹੈ। ਜ਼ਿਲ੍ਹਾ ਪੁਲਸ ਨੇ ਸੋਸ਼ਲ ਮੀਡੀਆ ‘ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮਾਮਲਿਆਂ 'ਚ ਸਖ਼ਤ ਕਾਰਵਾਈ ਜਾਰੀ ਰਹੇਗੀ। ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਜਾਂ ਹਥਿਆਰਾਂ ਦੀ ਨੁਮਾਇਸ਼ ਤੋਂ ਦੂਰ ਰਹਿਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News