ਸੱਚ ਦੀ ਹੀ ਹੋਈ ''ਜਿੱਤ'', ਪੰਜਾਬ ਕੇਸਰੀ ਗਰੁੱਪ ਦੇ ਹੱਕ ''ਚ ਆਏ ਸੁਪਰੀਮ ਕੋਰਟ ਦੇ ਫੈਸਲੇ ਦਾ ਹਰ ਵਰਗ ਵੱਲੋਂ ਸਵਾਗਤ
Thursday, Jan 22, 2026 - 12:10 AM (IST)
ਬੁਢਲਾਡਾ (ਬਾਂਸਲ) - 'ਆਪ' ਸਰਕਾਰ ਨੇ 'ਪੰਜਾਬ ਕੇਸਰੀ' ਸਮੂਹ ਦੀ ਲੁਧਿਆਣਾ ਵਿਖੇ ਸਥਿਤ ਪ੍ਰੇਸ ਨੂੰ ਬੰਦ ਕਰਨ ਦਾ ਜੋ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਸੀ, ਉਸ ਤੋਂ ਬਾਅਦ 'ਪੰਜਾਬ ਕੇਸਰੀ' ਸਮੂਹ ਵੱਲੋਂ ਮਾਣਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ, ਜਿਸ ਦੇ ਬਾਅਦ ਸੁਪਰੀਮ ਕੋਰਟ ਵੱਲੋਂ 'ਆਪ' ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਕੇਸਰੀ ਗਰੁੱਪ ਦੇ ਹੱਕ ਵਿਚ ਅਹਿਮ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ 'ਪੰਜਾਬ ਕੇਸਰੀ' ਅਖਬਾਰ ਨੂੰ ਅੰਤਰਿਮ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਅਖਬਾਰ ਦੇ ਪ੍ਰਕਾਸ਼ਨ ਵਿਰੁੱਧ ਕੋਈ ਵੀ ਜ਼ਬਰਦਸਤੀ ਜਾਂ ਜ਼ਬਰਦਸਤੀ ਕਾਰਵਾਈ ਨਾ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਪ੍ਰਿੰਟਿੰਗ ਪ੍ਰੈਸ ਦਾ ਕੰਮਕਾਜ ਨਿਰਵਿਘਨ ਜਾਰੀ ਰਹਿਣਾ ਚਾਹੀਦਾ ਹੈ। ਮਾਣਯੋਗ ਸੁਪਰੀਮ ਕੋਰਟ ਦੇ ਉਕਤ ਫੈਸਲੇ ਦਾ ਸਵਾਗਤ ਕਰਦਿਆਂ ਸਿਆਸੀ, ਸਮਾਜਿਕ, ਧਾਰਮਿਕ ਅਤੇ ਸਮਾਜਸੇਵੀ ਆਗੂਆਂ ਵੱਲੋਂ ਮਾਨ ਸਰਕਾਰ ਨੂੰ ਇਸ ਘਟੀਆ ਹਰਕਤ ਲਈ ਲਾਹਣਤਾਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਦੀ ਬਦੌਲਤ ਸਾਡੀ ਆਜ਼ਾਦੀ ਸੁਰੱਖਿਅਤ ਹੈ, ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ, ਇਹ ਲੋਕਤੰਤਰ ਦੀ ਬਹੁਤ ਜਿੱਤ ਹੈ।
ਪ੍ਰੈੱਸ ਦੀ ਆਜ਼ਾਦੀ ਲੋਕਤੰਤਰ ਦਾ ਮੁੱਖ ਥੰਮ੍ਹ : ਕੁਲਦੀਪ ਸਰਦੂਲਗੜ੍ਹ
ਪੰਜਾਬ ਬਸਪਾ ਦੇ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਸੁਪਰੀਮ ਕੋਰਟ ਵੱਲ ਸਪੱਸ਼ਟ ਕੀਤਾ ਕਿ ਪ੍ਰੈੱਸ ਦੀ ਆਜ਼ਾਦੀ ਲੋਕਤੰਤਰ ਦਾ ਮੁੱਖ ਸਤੰਭ ਹੈ ਅਤੇ ਬਿਨਾਂ ਪੱਕੇ ਸਬੂਤਾਂ ਦੇ ਕਿਸੇ ਅਖ਼ਬਾਰ ਦੀ ਪ੍ਰਿੰਟਿੰਗ ਰੋਕੀ ਨਹੀਂ ਜਾ ਸਕਦੀ। ਜੇ ਕਿਸੇ ਪਾਰਟੀ ਜਾਂ ਵਿਅਕਤੀ ਨੂੰ ਕਿਸੇ ਖਬਰ 'ਤੇ ਇਤਰਾਜ਼ ਹੈ ਤਾਂ ਉਹ ਕਾਨੂੰਨੀ ਤਰੀਕੇ ਨਾਲ ਲੜਾਈ ਲੜ ਸਕਦੇ ਹਨ ਪਰ ਪ੍ਰਿੰਟਿੰਗ ਪ੍ਰੈੱਸ ਨੂੰ ਬੰਦ ਕਰਨਾ ਅੰਤਿਮ ਵਿਕਲਪ ਨਹੀਂ ਹੋ ਸਕਦਾ। ਉਨ੍ਹਾਂ ਪੰਜਾਬ ਕੇਸਰੀ ਪ੍ਰਬੰਧਨ ਨੂੰ ਇਸ ਜਿੱਤ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਅਖਬਾਰ ਹਮੇਸ਼ਾ ਹੀ ਨੀਡਰਤਾ ਨਾਲ ਪੱਤਰਕਾਰੀ ਕਰਦਾ ਆ ਰਿਹਾ ਹੈ।
'ਆਪ' ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕੋਝੀਆਂ ਹਰਕਤਾਂ 'ਤੇ ਉੱਤਰੀ
ਹਲਕਾ ਬੁਢਲਾਡਾ ਯੂਥ ਕਾਂਗਰਸ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਅਦਾਰਾ ਹਿੰਦ ਸਮਾਚਾਰ ਗਰੁੱਪ ਵੱਲੋਂ ਹਮੇਸ਼ਾ ਹੀ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਅੰਦਰ ਅਦਾਰੇ ਰਾਹੀਂ ਲੋਕਾਂ ਦੀ ਆਵਾਜ਼ ਨੂੰ ਇਕ ਪੁਲ ਦੀ ਤਰ੍ਹਾਂ ਸਰਕਾਰ ਤੇ ਪ੍ਰਸ਼ਾਸਨ ਦੇ ਸਨਮੁਖ ਰੱਖਿਆ ਹੈ, ਜਿਸ ਨਾਲ ਲੱਖਾ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਵੀ ਹੋਏ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਕ ਗਿਣੀ-ਮਿਥੀ ਸਾਜਿਸ਼ ਤਹਿਤ ਅਦਾਰੇ 'ਤੇ ਹਮਲੇ ਕਰ ਕੇ ਉਸਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ 'ਆਪ' ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕੋਝੀਆਂ ਹਰਕਤਾਂ 'ਤੇ ਉੱਤਰੀ ਹੈ। ਉਨ੍ਹਾਂ ਕਿਹਾ ਕਿ ਅੱਜ ਉੱਤਰੀ ਭਾਰਤ ਦੇ ਵਿਚ ਅਦਾਰਾ ਹਿੰਦ ਸਮਾਚਾਰ ਦੀ ਆਪਣੀ ਵੱਖਰੀ ਪਛਾਣ ਹੈ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਅਦਾਰੇ ਵੱਲੋਂ ਪਾਏ ਜਾ ਰਹੇ ਯੋਗਦਾਨ ਨੂੰ ਪੂਰੀ ਦੁਨੀਆ ਵੱਲੋਂ ਸਰਾਹਿਆ ਜਾ ਰਿਹਾ ਹੈ।
ਸੁਪਰੀਮ ਕੋਰਟ ਦਾ ਫੈਸਲਾ ਪੂਰੇ ਦੇਸ਼ ਦੇ ਮੀਡੀਆ ਜਗਤ ਲਈ ਹੌਸਲਾ ਅਫ਼ਜ਼ਾਈ ਵਾਲਾ- ਐਡਵੋਕੇਟ ਜਤਿੰਦਰ ਗੋਇਲ
ਐਡਵੋਕੇਟ ਜਤਿੰਦਰ ਗੋਇਲ ਨੇ ਆਖਿਆ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਸਿਰਫ 'ਪੰਜਾਬ ਕੇਸਰੀ' ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਮੀਡੀਆ ਜਗਤ ਲਈ ਹੌਸਲਾ ਅਫ਼ਜ਼ਾਈ ਵਾਲਾ ਹੈ। ਇਸ ਨਾਲ ਇਹ ਸਪੱਸ਼ਟ ਸੰਦੇਸ਼ ਜਾਂਦਾ ਹੈ ਕਿ ਸੰਵਿਧਾਨ ਵੱਲੋਂ ਪ੍ਰਦਾਨ ਕੀਤੀ ਗਈ ਬੋਲਣ ਅਤੇ ਪ੍ਰਕਾਸ਼ਨ ਦੀ ਆਜ਼ਾਦੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਨਿਰਪੱਖ ਅਤੇ ਨਿਆਂਸੰਗਤ ਰਵੱਈਆ ਅਪਣਾਉਂਦਿਆਂ ਸੱਚ ਅਤੇ ਲੋਕਤੰਤਰ ਦੀ ਰੱਖਿਆ ਕੀਤੀ ਹੈ। 'ਪੰਜਾਬ ਕੇਸਰੀ' ਵਰਗੇ ਵੱਡੇ ਮੀਡੀਆ ਸੰਸਥਾਨ ਨੇ ਸਦਾ ਲੋਕਾਂ ਦੀ ਆਵਾਜ਼ ਨੂੰ ਬੇਖੌਫ਼ ਢੰਗ ਨਾਲ ਉੱਠਾਇਆ ਹੈ ਅਤੇ ਸਮਾਜਿਕ, ਰਾਜਨੀਤਕ ਅਤੇ ਲੋਕ-ਹਿੱਤ ਮਸਲਿਆਂ ਨੂੰ ਨਿਰਪੱਖ ਤੌਰ 'ਤੇ ਸਾਹਮਣੇ ਰੱਖਿਆ ਹੈ।
ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਬਿਲਕੁਲ ਹੀ ਨਿਰਾਧਾਰ : ਰਾਜ ਮਿੱਤਲ
ਸਮਾਜਸੇਵੀ ਸੀਏ. ਰਾਜ ਕੁਮਾਰ ਮਿੱਤਲ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਸਵਾਗਤਯੋਗ ਹੈ, ਜਿਸ ਵਿਚ ਇਸ ਨੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਅਤੇ ਅਖਬਾਰ ਦੇ ਪ੍ਰਕਾਸ਼ਨ ਅਤੇ ਛਪਾਈ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਸ਼ਾਮਲ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਨਾ ਸਿਰਫ ਅਖਬਾਰ ਦੀ ਆਜ਼ਾਦੀ ਨੂੰ ਬਹਾਲ ਕੀਤਾ ਹੈ, ਸਗੋਂ ਸਰਕਾਰ ਦੀ ਕਾਰਵਾਈ 'ਤੇ ਵੀ ਸਵਾਲੀਆ ਨਿਸ਼ਾਨ ਲਗਾਇਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਵਿੱਖ 'ਚ ਪੰਜਾਬ ਸਰਕਾਰ ਦੁਬਾਰਾ ਪ੍ਰੈਸ ਦੀ ਆਜ਼ਾਦੀ ਵਿਰੁੱਧ ਅਜਿਹੀ ਕਾਰਵਾਈ ਨਹੀਂ ਕਰੇਗੀ। ਅੱਜ ਮਾਣਯੋਗ ਸੁਪਰੀਮ ਕੋਰਟ ਵੱਲੋਂ ਪੰਜਾਬ ਕੇਸਰੀ ਦੇ ਹੱਕ ਵਿਚ ਦਿੱਤੇ ਗਏ ਫੈਸਲੇ ਨੇ ਸਾਫ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਬਿਲਕੁਲ ਹੀ ਨਿਰਾਧਾਰ ਸਨ।
ਆਪ ਸਰਕਾਰ ਦੇ ਆਗੂ ਤੇ ਮੁੱਖ ਮੰਤਰੀ ਸੱਤਾ ਦੇ ਨਸ਼ੇ 'ਚ ਹੰਕਾਰ ਗਏ : ਸਵਰਨਜੀਤ ਸਿੰਘ ਦਲਿਓ
ਸੀਪੀਐਮ ਦੇ ਜਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਅਦਾਰਾ 'ਜਗ ਬਾਣੀ' ਨਾਲ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਕਾਫੀ ਸਾਲਾਂ ਤੋਂ ਲਗਾਤਾਰ 'ਜਗ ਬਾਣੀ' ਦੇ ਪਾਠਕ ਹਨ ਤੇ ਇਸ ਅਦਾਰੇ ਨੇ ਹਮੇਸ਼ਾ ਸੱਚਾਈ ਦਾ ਸਾਥ ਦਿੱਤਾ ਹੈ ਅਤੇ ਇਸੇ ਕਰਕੇ ਅੱਜ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਅਦਾਰ ਦਾ ਡੱਟ ਕੇ ਸਾਥ ਦਈਏ ਤਾਂ ਜੋ ਭਵਿੱਖ ਵਿਚ ਆਪ ਸਰਕਾਰ ਲੋਕਤੰਤਰ ਨੂੰ ਘੁੱਟਣ ਵਾਲਾ ਕੋਈ ਗੈਰ-ਕਾਨੂੰਨੀ ਢੰਗ ਅਖਤਿਆਰ ਨਾ ਕਰੋ। ਉਨ੍ਹਾਂ ਅੱਜ ਦੇਸ਼ ਦੀ ਸਰਵਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਪੰਜਾਬ ਕੇਸਰੀ ਦੇ ਹੱਕ ਵਿਚ ਦਿੱਤੇ ਗਏ ਹੁਕਮਾਂ ਨੇ ਸਚਾਈ 'ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਦਾਰਾ 'ਜਗ ਬਾਣੀ' ਵੱਲੋਂ ਵਿੱਢੇ ਜਾਣ ਵਾਲੇ ਹਰ ਸੰਘਰਸ਼ ਵਿਚ ਸਾਥ ਦਿੱਤਾ ਜਾਵੇਗਾ।
ਮੀਡੀਆ ਦੀ ਆਜ਼ਾਦੀ 'ਤੇ ਕਿਸੇ ਵੀ ਕਿਸਮ ਦਾ ਦਬਾਅ ਲੋਕਤੰਤਰ ਲਈ ਘਾਤਕ ਹੁੰਦੈ- ਸੁਖਪਾਲ ਸਿੰਘ
ਨਗਰ ਕੌਂਸਲ ਦੇ ਪ੍ਰਧਾਨ ਅਤੇ ਭਾਜਪਾ ਨੇਤਾ ਸੁਖਪਾਲ ਸਿੰਘ ਨੇ ਕਿਹਾ ਕਿ ਬਜਰੰਗ ਦਲ ਸਦਾ ਪ੍ਰੈੱਸ ਦੀ ਆਜ਼ਾਦੀ ਤੇ ਲੋਕਤੰਤਰਿਕ ਮੁੱਲਾਂ ਦੇ ਪੱਖ 'ਚ ਖੜ੍ਹਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਮਸਲਿਆਂ 'ਤੇ ਡਟ ਕੇ ਆਵਾਜ਼ ਉਠਾਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਮੀਡੀਆ ਸਰਕਾਰਾਂ ਦੀਆਂ ਨੀਤੀਆਂ 'ਤੇ ਨਿਗਰਾਨੀ ਰੱਖਣ ਵਾਲਾ ਚੌਥਾ ਸਤੰਭ ਹੈ, ਜਿਸਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਉਨ੍ਹਾਂ ਨੇ'ਪੰਜਾਬ ਕੇਸਰੀ ਗਰੁੱਪ ਦੀ ਪ੍ਰਬੰਧਕ ਟੀਮ ਅਤੇ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਫੈਸਲਾ ਸੱਚ ਦੀ ਜਿੱਤ ਅਤੇ ਲੋਕਤੰਤਰ ਦੀ ਮਜ਼ਬੂਤੀ ਵੱਲ ਇਕ ਮਹੱਤਵਪੂਰਨ ਕਦਮ ਹੈ। ਮੀਡੀਆ ਦੀ ਆਜ਼ਾਦੀ 'ਤੇ ਕਿਸੇ ਵੀ ਕਿਸਮ ਦਾ ਦਬਾਅ ਲੋਕਤੰਤਰ ਲਈ ਘਾਤਕ ਹੁੰਦਾ ਹੈ ਅਤੇ ਅਜਿਹੇ ਮੌਕਿਆਂ 'ਤੇ ਅਦਾਲਤਾਂ ਦੀ ਭੂਮਿਕਾ ਬਹੁਤ ਅਹਿਮ ਬਣ ਜਾਂਦੀ ਹੈ।
ਸਰਕਾਰੀ ਏਜੰਸੀਆਂ ਵੱਲੋਂ ਮੀਡੀਆ 'ਤੇ ਦਬਾਅ ਬਣਾਉਣਾ ਨਿੰਦਣਯੋਗ
ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤਰਜੀਤ ਸਿੰਘ ਚਹਿਲ ਨੇ ਕਿਹਾ ਕਿ ਦੇਸ਼ ਵਿਚ ਲੋਕਤੰਤਰ ਅਤੇ ਮੀਡੀਆ ਦੀ ਆਜ਼ਾਦੀ ਨੂੰ ਲਗਾਤਾਰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜੋ ਕਿਸੇ ਵੀ ਸਿਹਤਮੰਦ ਲੋਕਤੰਤਰ ਲਈ ਖ਼ਤਰਨਾਕ ਹਨ। ਉਨ੍ਹਾਂ ਸਰਕਾਰੀ ਏਜੰਸੀਆਂ ਵੱਲੋਂ ਮੀਡੀਆ 'ਤੇ ਦਬਾਅ ਬਣਾਉਣ ਨੂੰ ਨਿੰਦਣਯੋਗ ਕਰਾਰ ਦਿੱਤਾ ਅਤੇ ਕਿਹਾ ਕਿ ਲੋਕਤੰਤਰ ਵਿਚ ਆਲੋਚਨਾ ਨੂੰ ਦਬਾਉਣ ਦੀ ਨਹੀਂ, ਸਵੀਕਾਰ ਕਰਨ ਦੀ ਲੋੜ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮੀਡੀਆ ਦੀ ਆਜ਼ਾਦੀ ਦਾ ਆਦਰ ਕੀਤਾ ਜਾਵੇ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ। ਇਹ ਫੈਸਲਾ ਇਨਸਾਫ਼ ਅਤੇ ਨਿਆਂ ਦੀ ਵਜ੍ਹਾ ਨਾਲ ਲੋਕਾਂ ਵਿਚ ਭਰੋਸਾ ਵਧਾਉਂਦਾ ਹੈ ਅਤੇ ਪੰਜਾਬ ਦੀ ਲੋਕਤਾਂਤਰਕ ਸਥਿਤੀ ਨੂੰ ਮਜ਼ਬੂਤੀ ਦਿੰਦਾ ਹੈ।
