ਪੰਜਾਬ ਕੇਸਰੀ ਨੂੰ ਦਬਾਉਣ ਦਾ ਸੁਪਨਾ ਛੱਡੋ ਭਗਵੰਤ ਮਾਨ, ਇਹ ਆਵਾਜ਼ ਤਾਂ ਅੱਤਵਾਦ ਵੀ ਨਹੀਂ ਚੁੱਪ ਕਰਵਾ ਸਕਿਆ: ਪਾਠਕ

Monday, Jan 19, 2026 - 09:47 PM (IST)

ਪੰਜਾਬ ਕੇਸਰੀ ਨੂੰ ਦਬਾਉਣ ਦਾ ਸੁਪਨਾ ਛੱਡੋ ਭਗਵੰਤ ਮਾਨ, ਇਹ ਆਵਾਜ਼ ਤਾਂ ਅੱਤਵਾਦ ਵੀ ਨਹੀਂ ਚੁੱਪ ਕਰਵਾ ਸਕਿਆ: ਪਾਠਕ

ਬਠਿੰਡਾ, (ਵਿਜੇ ਵਰਮਾ)- ਹਿੰਦੂ ਮਹਾਗਠਬੰਧਨ ਦੇ ਮੁਖੀ ਸੰਦੀਪ ਪਾਠਕ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੂੰ ਦਬਾਉਣ ਦੀ ਸੋਚ ਖ਼ੁਦ ਨੂੰ ਧੋਖਾ ਦੇਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਕੋਈ ਨਿੱਜੀ ਅਖਬਾਰ ਨਹੀਂ, ਸਗੋਂ ਪੰਜਾਬ ਦੀ ਆਵਾਜ਼ ਹੈ। ਉਹ ਆਵਾਜ਼, ਜਿਸਨੂੰ ਨਾ ਅੱਤਵਾਦ ਦਬਾ ਸਕਿਆ ਅਤੇ ਨਾ ਹੀ ਕਦੇ ਕੋਈ ਸਰਕਾਰ। 

ਸੰਦੀਪ ਪਾਠਕ ਨੇ ਕਿਹਾ ਕਿ ਲਾਲਾ ਜਗਤ ਨਾਰਾਇਣ ਅਤੇ ਬਾਬੂ ਰਮੇਸ਼ ਵਰਗੇ ਬੇਬਾਕ ਲਿਖਾਰੀਆਂ ਦੀ ਵਿਰਾਸਤ ਨਾਲ ਜੁੜਿਆ ਇਹ ਗਰੁੱਪ ਉਹ ਪਰਿਵਾਰ ਹੈ, ਜਿਸ ਨੇ ਅੱਤਵਾਦ ਦੇ ਕਾਲੇ ਦੌਰ ਵਿੱਚ ਵੀ ਪੰਜਾਬ ਦੀ ਸੱਚੀ ਲੜਾਈ ਲੜੀ। “ਕਿੰਨੇ ਮੁੱਖ ਮੰਤਰੀ ਆਏ ਤੇ ਚਲੇ ਗਏ ਪਰ ਪੰਜਾਬ ਕੇਸਰੀ ਅਡੋਲ ਖੜ੍ਹਾ ਰਿਹਾ।” ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਭਗਵੰਤ ਮਾਨ ਸਰਕਾਰ ਜਾਂ ਉਸ ਦੀ ਪਾਰਟੀ ਨੇ ਪੰਜਾਬ ਕੇਸਰੀ ਦੀ ਛਵੀ ਖ਼ਰਾਬ ਕਰਨ ਜਾਂ ਇਸ ਅਦਾਰੇ ਨੂੰ ਢਾਹੁਣ ਦੀ ਕੋਈ ਕੋਸ਼ਿਸ਼ ਕੀਤੀ, ਤਾਂ ਪੂਰਾ ਪੰਜਾਬ ਇਸ ਦੇ ਨਾਲ ਹਿੱਕ ਡਾ ਕੇ ਖੜ੍ਹਾ ਹੋਵੇਗਾ। ਪਾਠਕ ਨੇ ਕਿਹਾ, “ਇਹ ਅਖਬਾਰ ਲੋਕਾਂ ਦਾ ਹੈ, ਪੰਜਾਬ ਦਾ ਹੈ ਅਤੇ ਹਮੇਸ਼ਾ ਪੰਜਾਬ ਦੇ ਨਾਲ ਖੜ੍ਹਾ ਰਿਹਾ ਹੈ।” 

ਸੰਦੀਪ ਪਾਠਕ ਨੇ ਸਪਸ਼ਟ ਕੀਤਾ ਕਿ ਬਾਬੂ ਅਵਿਨਾਸ਼ ਜੀ ਵੱਲੋਂ ਜਿਹੜੀ ਵੀ ਰੂਪਰੇਖਾ ਪੰਜਾਬ ਕੇਸਰੀ ਨੂੰ ਬਚਾਉਣ ਲਈ ਤਿਆਰ ਕੀਤੀ ਜਾਵੇਗੀ, ਹਿੰਦੂ ਮਹਾਗਠਬੰਧਨ ਪੂਰੀ ਤਾਕਤ ਨਾਲ ਉਸਦਾ ਸਾਥ ਦੇਵੇਗਾ। “ਅਸੀਂ ਕਦੇ ਪਿੱਠ ਨਹੀਂ ਵਿਖਾਵਾਂਗੇ।” 

ਆਖ਼ੀਰ ’ਚ ਮੁੱਖ ਮੰਤਰੀ ’ਤੇ ਤੰਜ ਕਸਦਿਆਂ ਸੰਦੀਪ ਪਾਠਕ ਨੇ ਕਿਹਾ, “ਭਗਵੰਤ ਮਾਨ ਸਾਹਿਬ, ਥੁੱਕ ਕੇ ਚੱਟਣ ਦੀ ਆਦਤ ਹੁਣ ਨਹੀਂ ਚੱਲੇਗੀ। ਇਸ ਵਾਰੀ ਵੀ ਤੁਹਾਨੂੰ ਮੂੰਹ ਦੀ ਖਾਣੀ ਪਵੇਗੀ ਕਿਉਂਕਿ ਇਹ ਲਾਲਾ ਜਗਤ ਨਾਰਾਇਣ ਦੀ ਵਿਚਾਰਧਾਰਾ ’ਤੇ ਚੱਲਣ ਵਾਲਾ ਪਰਿਵਾਰ ਹੈ ਅਤੇ ਇਸ ਆਵਾਜ਼ ਨੂੰ ਕੋਈ ਨਹੀਂ ਦਬਾ ਸਕਦਾ।”


author

Rakesh

Content Editor

Related News