ਬੇਰੋਜ਼ਗਾਰ ਅਧਿਆਪਕਾਂ ਵੱਲੋਂ ਸਿੰਗਲਾ ਦੀ ਕੋਠੀ ਅੱਗੇ ਪ੍ਰਦਰਸ਼ਨ
Monday, Jul 23, 2018 - 08:32 AM (IST)

ਸੰਗਰੂਰ (ਬੇਦੀ, ਹਰਜਿੰਦਰ, ਵਿਵੇਕ ਸਿੰਧਵਾਨੀ, ਯਾਦਵਿੰਦਰ) – ਟੀ. ਈ. ਟੀ. ਪਾਸ ਬੀ. ਐੱਡ ਬੇਰੋਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਸ਼ਹਿਰ ’ਚ ਰੋਸ ਮਾਰਚ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੁਬਾਈ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਸਰਕਾਰ ਦੀਆਂ ਸਿੱਖਿਆ ਦੀਆਂ ਵਪਾਰੀਕਰਨ ਦੀਆਂ ਨੀਤੀਆਂ ਦੀ ਬਦੌਲਤ ਅੱਜ ਪੰਜਾਬ ’ਚ ਬੇਰੋਜ਼ਗਾਰ ਨੌਜਵਾਨਾਂ ਦੀ ਗਿਣਤੀ ਅਮਰਵੇਲ੍ਹ ਦੀ ਤਰ੍ਹਾਂ ਵਧਦੀ ਜਾ ਰਹੀ ਹੈ। ਬੀ. ਐੱਡ ਪਾਸ ਬੇਰੋਜ਼ਗਾਰ ਅਧਿਆਪਕਾਂ ਦੀ ਰੈਗੂਲਰ ਭਰਤੀ ਨਹੀਂ ਕੀਤੀ ਜਾ ਰਹੀ ਸਗੋਂ ਨੌਜਵਾਨਾਂ ਨੂੰ ਬੇਰੋਜ਼ਗਾਰ ਦੀ ਭੱਠੀ ’ਚ ਝੋਕਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਚੋਣਾਂ ’ਚ ਕੀਤੇ ਵਾਅਦੇ ਤੋਂ ਭੱਜ ਚੁੱਕੀ ਹੈ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਸੂਬਾ ਸਕੱਤਰ ਚੰਦਰ ਗੁਪਤ ਪਟਿਆਲਾ, ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ, ਗੋਰਖਾ ਸਿੰਘ ਕੋਟਡ਼ਾ, ਨਵਜੀਵਨ ਸਿੰਘ, ਗੁਰਜੀਤ ਨਾਭਾ, ਹਰਵਿੰਦਰ ਸਿੰਘ ਹੋਡਲਾ, ਸੁਖਦੀਪ ਸਿੰਘ, ਅਮਨਦੀਪ ਬਾਵਾ ਆਦਿ ਹਾਜ਼ਰ ਸਨ।
ਕੀ ਹਨ ਮੰਗਾਂ
* ਸਰਕਾਰੀ ਸਕੂਲਾਂ ’ਚ ਖਾਲੀ ਪਈਅਾਂ ਅਧਿਆਪਕਾਂ ਦੀਅਾਂ ਅਸਾਮੀਆਂ ਰੈਗੂਲਰ ਅਾਧਾਰ ’ਤੇ ਭਰੀਆਂ ਜਾਣ।
* ਵੱਖ-ਵੱਖ ਪੋਸਟਾਂ ਲਈ ਫਾਰਮ ਫੀਸ ਘੱਟ ਕੀਤੀ ਜਾਵੇ।
* ਭਰਤੀ ਪ੍ਰਕਿਰਿਆ ਨੂੰ ਤੈਅ ਦਿਨਾਂ ਵਿਚ ਪੂਰਾ ਕੀਤਾ ਜਾਵੇ।
* ਨਿੱਜੀਕਰਨ ਦੀ ਨੀਤੀ ਬੰਦ ਕਰ ਕੇ ਅਧਿਆਪਕਾਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਨਵੀਆਂ ਅਸਾਮੀਆਂ ਸਿਰਜੀਆਂ ਜਾਣ।
* ਇਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ।
* ਅਧਿਆਪਕ ਯੋਗਤਾ ਪ੍ਰੀਖਿਆ ਪਾਸ ਸਾਰੇ ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇ।