ਡਿਲੀਵਰੀ ਦੌਰਾਨ ਹੋਏ ਬੱਚੇ ਦੀ ਮੌਤ ਦਾ ਮਾਮਲਾ, ਸਿਵਲ ਹਸਪਤਾਲ ਦੇ ਸਟਾਫ ਵਿਰੁੱਧ ਕੀਤਾ ਪ੍ਰਦਰਸ਼ਨ
Wednesday, Jun 14, 2017 - 03:26 PM (IST)
ਧੂਰੀ(ਸ਼ਰਮਾ)— ਬੀਤੇ ਦਿਨੀਂ ਸਿਵਲ ਹਸਪਤਾਲ 'ਚ ਇਕ ਮਹਿਲਾ ਦੀ ਡਿਲੀਵਰੀ ਦੌਰਾਨ ਬੱਚੇ ਦੀ ਹੋਈ ਮੌਤ ਨੂੰ ਲੈ ਕੇ ਕਈ ਦਿਨਾਂ ਤੋਂ ਪੀੜਤ ਪਰਿਵਾਰ ਅਤੇ ਹੋਰ ਲੋਕਾਂ ਵੱਲੋਂ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਸੰੰਬੰਧੀ ਧਰਨੇ ਅਤੇ ਪ੍ਰਦਰਸ਼ਨ ਹੋ ਰਹੇ ਹਨ। ਪੀੜਤ ਮਹਿਲਾ ਦੇ ਪਰਿਵਾਰ ਵਾਲਿਆਂ ਵੱਲੋਂ ਸਿਵਲ ਹਸਪਤਾਲ ਦੇ ਸਟਾਫ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਤੇ ਪੀੜਤ ਮਹਿਲਾ ਦੀ ਸੱਸ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਨੂੰਹ ਨੂੰ ਡਿਲੀਵਰੀ ਲਈ ਸਿਵਲ ਹਸਪਤਾਲ ਲੈ ਗਏ ਸਨ। ਉਸ ਦੌਰਾਨ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਬੱਚੇ ਦੀ ਮੌਤ ਹੋ ਗਈ। ਜ਼ੁਲਮ ਵਿਰੋਧੀ ਪੰਜਾਬ ਦੇ ਨੇਤਾ ਤਰਸੇਮ ਕੁਮਾਰ ਨੇ ਕਿਹਾ ਕਿ ਜੇਕਰ ਲਾਪਰਵਾਹੀ ਕਰਨ ਵਾਲੇ ਸਟਾਫ 'ਤੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਇਨਸਾਫ ਮਿਲਣ ਤੱਕ ਸੰਘਰਸ ਜਾਰੀ ਰਹੇਗਾ।
ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦੇ ਸਮੇਂ ਰਿੰਕੂ, ਰਾਜ ਕੁਮਾਰ, ਤਰਸੇਮ ਲਾਲ, ਇਕਬਾਲ ਸਿੰਘ ਪਹਿਲਵਾਨ ਅਤੇ ਹੋਰ ਲੋਕ ਮੌਜੂਦ ਸਨ। ਇਸ ਸੰਬੰਧੀ ਜਦੋਂ ਐੱਸ. ਐੱਮ. ਓ. ਧੂਰੀ ਡਾ. ਗੁਰਸ਼ਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਡਾ. ਸੁਖਬੀਰ ਸਿੰਘ, ਪਰਗਟ ਸਿੰਘ ਅਤੇ ਨਿਸ਼ਾ ਗੋਇਲ ਦੀ ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਸੰਗਰੂਰ ਨੂੰ ਪੱਤਰ ਲਿਖ ਕੇ ਦਿੱਤਾ ਗਿਆ ਹੈ। ਜੱਚਾ-ਬੱਚਾ ਮਾਹਰ ਡਾ. ਦੀ ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।
