ਮਜਬੂਰੀ ਦੇ ਹਾਲਾਤ ''ਚ ਚੁਣਿਆ ਹੜਤਾਲ ਦਾ ਰਸਤਾ : ਪੈਟਰੋਲ ਕਾਰੋਬਾਰੀ
Tuesday, Jun 13, 2017 - 02:56 AM (IST)
ਲੁਧਿਆਣਾ(ਖੁਰਾਣਾ)-ਪੰਜਾਬ ਪੈਟਰੋਲੀਅਮ ਟ੍ਰੇਡ ਐਸੋਸੀਏਸ਼ਨ ਵੱਲੋਂ ਅੱਜ ਲਏ ਗਏ ਅਹਿਮ ਫੈਸਲੇ ਦੌਰਾਨ ਪੈਟਰੋ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਪਿਛਲੇ ਲੰਮੇ ਅਰਸੇ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪੂਰਤੀ ਅਤੇ 16 ਜੂਨ ਤੋਂ ਰੋਜ਼ਾਨਾ ਹੋਣ ਜਾ ਰਹੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਫੇਰਬਦਲ ਦੇ ਵਿਰੋਧ 'ਚ ਫੈੱਡਰੇਸ਼ਨ ਆਫ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ (ਐੱਫ. ਏ. ਆਈ. ਪੀ. ਟੀ.) ਵੱਲੋਂ 16 ਜੂਨ ਨੂੰ ਹੜਤਾਲ ਕਰਨ ਦੇ ਸੱਦੇ ਦਾ ਪੰਜਾਬ ਭਰ ਦੇ 3250 ਪੈਟਰੋ ਡੀਲਰਾਂ ਨੇ ਸਮਰਥਨ ਕੀਤਾ ਹੈ। ਕਾਰੋਬਾਰੀਆਂ ਨੇ ਸਾਫ ਕੀਤਾ ਕਿ ਇਸ ਦੌਰਾਨ ਕੋਈ ਵੀ ਕਾਰੋਬਾਰੀ ਪੈਟਰੋਲੀਅਮ ਪਦਾਰਥ ਦੀ ਖਰੀਦ ਅਤੇ ਵਿਕਰੀ ਨਹੀਂ ਕਰੇਗਾ।ਇਥੇ ਦੱਸ ਦੇਈਏ ਕਿ ਵੱਖ-ਵੱਖ ਸ਼ਹਿਰਾਂ ਤੋਂ 400 ਤੋਂ ਵੱਧ ਪੈਟਰੋਲ ਪੰਪਾਂ ਦੇ ਡੀਲਰਾਂ ਦੀ ਇਕ ਅਹਿਮ ਬੈਠਕ ਫਿਰੋਜ਼ਪੁਰ ਸਥਿਤ ਇਕ ਪ੍ਰਮੁੱਖ ਰੈਸਟੋਰੈਂਟ 'ਚ ਰੱਖੀ ਗਈ ਸੀ। ਇਸ ਦੌਰਾਨ ਡੀਲਰਾਂ ਨੇ ਇਕਸੁਰ 'ਚ ਕਿਹਾ ਕਿ ਅਸੀਂ ਇਹ ਫੈਸਲਾ ਰੋਜ਼ਾਨਾ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਮਜਬੂਰਨ ਕਰ ਰਹੇ ਹਾਂ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਹੜਤਾਲ ਕਾਰਨ ਲੋਕਾਂ ਨੂੰ ਵੀ ਕੁਝ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ ਪਰ ਆਪਣੀ ਹਾਲਤ ਅਤੇ ਹਾਲਾਤ ਸਰਕਾਰ ਅਤੇ ਕੰਪਨੀਆਂ ਨੂੰ ਦੱਸਣ ਲਈ ਡੀਲਰਾਂ ਕੋਲ ਹੋਰ ਕੋਈ ਰਸਤਾ ਨਹੀਂ ਬਚਿਆ। ਕਾਰੋਬਾਰੀਆਂ ਨੇ ਇਥੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਐਮਰਜੈਂਸੀ 'ਚ ਐਂਬੂਲੈਂਸ ਆਦਿ ਨੂੰ ਤੇਲ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕਿਸੇ ਨੂੰ ਪ੍ਰੇਸ਼ਾਨ ਕਰਨਾ ਨਹੀਂ ਬਲਕਿ ਆਪਣੇ ਅਧਿਕਾਰਾਂ ਅਤੇ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਦੀਆਂ ਅੱਖਾਂ ਅਤੇ ਕੰਨ ਖੋਲ੍ਹਣਾ ਹੈ। ਬੈਠਕ 'ਚ ਲੁਧਿਆਣਾ ਪੈਟਰੋਲੀਅਮ ਡੀਲਰਜ਼ ਐਸੋ. ਦੇ ਚੇਅਰਮੈਨ ਅਸ਼ੋਕ ਸਚਦੇਵਾ, ਪ੍ਰਧਾਨ ਰਣਜੀਤ ਸਿੰਘ, ਮਨਜੀਤ ਸਿੰਘ, ਜਨਰਲ ਸੈਕਟਰੀ, ਕਮਲ ਸ਼ਰਮਾ, ਰੋਹਿਤ ਮੇਹਰਾ, ਜਗਦੇਵ ਸਿੰਘ, ਮਿੰਟੂ ਸ਼ਰਮਾ, ਆਸ਼ੀਸ ਗਰਗ, ਗੁਰਨਾਮ ਸਿੰਘ, ਨਵੀਨ ਬਹਿਲ, ਸੁਮਿਤ ਥਮਨ, ਬੌਬੀ ਛਾਬੜਾ ਆਦਿ ਨੇ ਕਿਹਾ ਕਿ ਪੈਟਰੋਲੀਅਮ ਕੰਪਨੀਆਂ ਵੱਲੋਂ ਲਏ ਗਏ 16 ਜੂਨ ਤੋਂ ਰੋਜ਼ਾਨਾ ਤੇਲ ਦੀ ਕੀਮਤ 'ਚ ਕੀਤੇ ਜਾਣ ਵਾਲੇ ਬਦਲਾਅ ਦਾ ਸਿੱਧਾ ਅਸਰ ਪੰਪ ਮਾਲਕਾਂ ਅਤੇ ਗਾਹਕਾਂ ਦੇ ਰਿਸ਼ਤੇ 'ਤੇ ਪਵੇਗਾ।
ਮੈਨੂੰ ਨਹੀਂ ਇਸ ਦੀ ਜਾਣਕਾਰੀ : ਡੀ. ਸੀ.
ਇਸ ਸਬੰਧੀ ਜਦ ਡੀ. ਸੀ. ਪ੍ਰਦੀਪ ਅਗਰਵਾਲ ਨਾਲ ਗੱਲਬਾਤ ਕਰਦਿਆਂ ਪੁੱਛਿਆ ਗਿਆ ਕਿ ਪੈਟਰੋਲੀਅਮ ਡੀਲਰਾਂ ਵੱਲੋਂ ਹੜਤਾਲ 'ਤੇ ਜਾਣ ਲਈ ਸ਼ਹਿਰ ਭਰ 'ਚ ਹਾਹਾਕਾਰ ਮਚ ਸਕਦੀ ਹੈ ਤਾਂ ਡੀ. ਸੀ. ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪੈਟਰੋਲੀਅਮ ਡੀਲਰ ਮੇਰੇ ਕੋਲ ਆਪਣੇ ਮੁੱਦੇ ਲੈ ਕੇ ਆਉਂਦੇ ਹਨ ਤਾਂ ਸਾਡੀ ਕੋਸ਼ਿਸ਼ ਹੋਵੇਗੀ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੈਟਰੋਲੀਅਮ ਕੰਪਨੀਆਂ ਤਕ ਪਹੁੰਚਾ ਕੇ ਉਸ ਨੂੰ ਪੂਰਾ ਕੀਤਾ ਜਾ ਸਕੇ।
